Ferozepur

ਫਿਰੋਜ਼ਪੁਰ ‘ਚ ਨਸ਼ੇ ਨੂੰ ਲੈ ਕੇ ਹੋਏ ਝਗੜੇ ਦੌਰਾਨ ਚੱਲੀਆਂ ਗੋਲੀਆਂ ਤੇ ਇੱਟਾਂ-ਰੋੜੇ, ਦੋ ਨੌਜਵਾਨਾਂ ਦੀ ਮੌਤ

ਫ਼ਿਰੋਜ਼ਪੁਰ 21 ਦਸੰਬਰ 2022: ਫ਼ਿਰੋਜ਼ਪੁਰ (Ferozepur) ਵਿੱਚ ਨਸ਼ੇ ਨੂੰ ਲੈ ਕੇ ਹੋਏ ਝਗੜੇ ਦੌਰਾਨ ਗੋਲੀਆਂ ਚੱਲਣ ਕਾਰਨ ਦੋ ਨੌਜਵਾਨਾਂ ਦੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ | ਇਹ ਘਟਨਾ ਫ਼ਿਰੋਜ਼ਪੁਰ ਦੇ ਪਿੰਡ ਗਾਮੇ ਵਾਲਾ ਦੀ ਦੱਸੀ ਜਾ ਰਹੀ ਹੈ । ਜਿਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਤਾਏ ਦੇ ਲੜਕੇ ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਕੁੱਝ ਲੋਕ ਨਸ਼ਾ ਵੇਚਣ ਦਾ ਕੰਮ ਕਰਦੇ ਹਨ। ਜਿਨ੍ਹਾਂ ਕੋਲ ਨਾਜਾਇਜ਼ ਹਥਿਆਰ ਵੀ ਹਨ।

ਇਸਦੇ ਨਾਲ ਹੀ ਉਨ੍ਹਾਂ ਨੇ ਦੋਸ਼ ਲਾਇਆ ਕਿ ਬਾਹਰੋਂ ਆ ਕੇ ਲੋਕ ਇਹਨਾਂ ਕੋਲੋਂ ਨਸ਼ਾ ਖਰੀਦਦੇ ਹਨ। ਜਿਨ੍ਹਾਂ ਨੂੰ ਉਨ੍ਹਾਂ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਇਸੇ ਰੰਜਿਸ਼ ਨੂੰ ਲੈ ਕੇ ਬੀਤੇ ਦਿਨ ਉਨ੍ਹਾਂ ਵਲੋਂ ਬਾਹਰੋਂ ਮੁੰਡੇ ਬੁਲਾ ਉਨ੍ਹਾਂ ਉੱਪਰ ਇੱਟਾਂ-ਰੋੜਿਆ ਨਾਲ ਹਮਲਾ ਕਰ ਦਿੱਤਾ, ਇਥੋਂ ਤੱਕ ਕਿ ਫਾਇਰ ਵੀ ਕੀਤੇ ਗਏ। ਇਸ ਦੌਰਾਨ ਇੱਕ ਗੋਲੀ ਉਸਦੇ ਭਰਾ ਯੂਨਸ ਨੂੰ ਲੱਗੀ ਹੈ। ਜਿਸਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

ਮਾਮਲੇ ਨੂੰ ਲੈ ਕੇ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਗਲੀ ਵਿਚੋਂ ਲੰਘਣ ਅਤੇ ਛੋਟੀ-ਮੋਟੀ ਗੱਲ ਕਾਰਨ ਬਹਿਸ ਹੋਈ ਸੀ, ਜਿਸ ਦੌਰਾਨ ਗੋਲੀ ਚੱਲੀ ਹੈ।ਇਸ ਦੌਰਾਨ ਨੌਜਵਾਨ ਦੀ ਮੌਤ ਹੋਈ ਹੈ। ਜਦੋਂ ਪੁਲਿਸ ਨੂੰ ਨਸ਼ਾ ਵੇਚਣ ਬਾਰੇ ਪੁੱਛਿਆ ਗਿਆ ਤਾਂ ਅੱਗੋਂ ਜਵਾਬ ਮਿਲਿਆ ਕਿ ਇਸ ਬਾਰੇ ਉਹ ਤਫਤੀਸ਼ ਤੋਂ ਬਾਅਦ ਹੀ ਦੱਸ ਸਕਣਗੇ। ਫਿਲਹਾਲ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਮਾਮਲੇ ਵਿਚਕਾਰ ਦਲੇਰ ਸਿੰਘ ਵਾਸੀ ਪਿੰਡ ਗਾਮੇ ਵਾਲਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ | ਹਰਬੰਸ ਸਿੰਘ ਤੇ ਦੂਜੇ ਪਾਸੇ ਇੰਦਰਜੀਤ ਸਿੰਘ ਦੋਨੋਂ ਧਿਰ ਆਪਣੇ-ਆਪਣੇ ਕੋਠਿਆਂ ਉੱਪਰੋਂ ਇੱਕ ਦੂਸਰੇ ਤੇ ਇੱਟਾਂ ਰੋੜੇ ਅਤੇ ਫਾਇਰ ਕਰ ਰਹੇ ਸਨ। ਫਾਇਰ ਦੀ ਆਵਾਜ ਸੁਣ ਜਦੋਂ ਉਹ ਆਪਣੇ ਕੋਠੇ ਉੱਪਰ ਚੜ ਦੇਖਣ ਲੱਗੇ ਤਾਂ ਇੱਕ ਫਾਇਰ ਉਸਦੇ ਭਰਾ ਸੁਰਿੰਦਰ ਸਿੰਘ ਉਮਰ ਕਰੀਬ 27 ਸਾਲ ਦੇ ਪੇਟ ਵਿੱਚ ਲੱਗ ਗਿਆ ਅਤੇ ਜਿਸਦੀ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਾਸਤੇ ਵਿੱਚ ਹੀ ਉਸਦੀ ਮੌਤ ਹੋ ਗਈ। ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਦਲੇਰ ਸਿੰਘ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Scroll to Top