ਅੰਮ੍ਰਿਤਸਰ 20 ਅਕਤੂਬਰ 2022: ਅੰਮ੍ਰਿਤਸਰ ਦੀ ਲਿਬਰਟੀ ਮਾਰਕੀਟ (Amritsar’s Liberty Market) ਵਿੱਚ ਇੱਕ ਦੁਕਾਨ ‘ਚ ਏ.ਐੱਸ.ਆਈ ਦੇ ਹੱਥੋਂ ਚੱਲੀ ਗੋਲੀ ਕਾਰਨ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੁੱਧਵਾਰ ਦੁਪਹਿਰ ਏਐਸਆਈ ਹਰਭਜਨ ਸਿੰਘ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਸਾਹਮਣੇ ਸਥਿਤ ਲਿਬਰਟੀ ਮਾਰਕੀਟ ਵਿੱਚ ਮੋਬਾਈਲ ਦੀ ਦੁਕਾਨ ’ਤੇ ਮੋਬਾਈਲ ਦੇਖਣ ਆਏ ਸਨ, ਇਸ ਦੌਰਾਨ ਰਿਵਾਲਵਰ ‘ਚੋਂ ਗੋਲੀ ਚੱਲ ਗਈ ਅਤੇ ਮੋਬਾਈਲ ਦਿਖਾ ਰਹੇ 27 ਸਾਲਾ ਅੰਕੁਸ਼ ਦੀ ਛਾਤੀ ‘ਚ ਜਾ ਲੱਗੀ, ਇਸਦੇ ਨਾਲ ਹੀ ਉਸਦੇ ਸਾਥੀਆਂ ਨੇ ਨਜ਼ਦੀਕੀ ਹਸਪਤਾਲ ‘ਚ ਦਾਖਲ ਕਰਵਾਇਆ, ਪਰ ਉਕਤ ਨੌਜਵਾਨ ਨੂੰ ਬਚਾਇਆ ਨਹੀਂ ਜਾ ਸਕਿਆ।
ਇਸ ਘਟਨਾ ਨੂੰ ਲੈ ਕੇ ਗੁੱਸੇ ਵਿੱਚ ਆਏ ਦੁਕਾਨਦਾਰਾਂ ਅਤੇ ਪਰਿਵਾਰਕ ਮੈਂਬਰਾਂ ਨੇ ਅਮਨਦੀਪ ਹਸਪਤਾਲ ਦੇ ਬਾਹਰ ਧਰਨਾ ਦੇ ਦਿੱਤਾ। ਇਸਦੇ ਨਾਲ ਹੀ ਪਰਿਵਾਰਕ ਮੈਂਬਰ ਏਐਸਆਈ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ। ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਏ.ਐੱਸ.ਆਈ ਨੂੰ ਮੁਅੱਤਲ ਕਰ ਦਿੱਤਾ ਹੈ। ਉਸ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ।
ਘਟਨਾ ਤੋਂ ਬਾਅਦ ਸਮਾਜ ਸੇਵੀ ਮਨਦੀਪ ਸਿੰਘ ਮੰਨਾ ਵੱਲੋਂ ਲਗਾਤਾਰ ਹੀ ਪੁਲਿਸ ਕਰਮਚਾਰੀ ‘ਤੇ ਨਿਸ਼ਾਨੇ ਸਾਧੇ ਜਾ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਪੁਲਿਸ ਵਲੋਂ ਉਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਪਰ ਉਨ੍ਹਾਂ ਵਲੋਂ ਟ੍ਰੇਨਿੰਗ ਨਾਂ ਲੈ ਕੇ ਸਿਰਫ਼ ਪੈਸੇ ਦੇ ਕੇ ਆਪਣੇ ਟ੍ਰੇਨਿੰਗ ਦੇ ਸਰਟੀਫਿਕੇਟ ਬਣਾ ਦਿੱਤੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਨੇ ਚੰਗੇ ਤਰੀਕੇ ਨਾਲ ਟ੍ਰੇਨਿੰਗ ਦਿੱਤੀ ਹੁੰਦੀ ਤਾਂ ਸ਼ਾਇਦ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਹੁੰਦੀਆਂ |
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਜ਼ਰੂਰ ਇਸ ਘਟਨਾ ਉੱਤੇ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਦੇ ਜਿਸ ਵਿਅਕਤੀ ਵੱਲੋਂ ਗੋਲੀ ਚਲਾਈ ਗਈ ਹੈ ਉਸ ਦੇ ਖ਼ਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ |