ਚੰਡੀਗੜ੍ਹ, 05 ਮਈ 2023: ਜ਼ਿਲ੍ਹਾ ਕਪੂਰਥਲਾ (Kapurthala) ਦੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਜਲਾਲ ਭੁਲਾਣਾ ਦੇ ਇੱਕ ਹੋਰ ਨੌਜਵਾਨ ਦੀ ਅਮਰੀਕਾ ਤੋਂ ਮੌਤ ਹੋਣ ਦਾ ਬਹੁਤ ਹੀ ਮੰਦਭਾਗਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਵਾਸ਼ਿੰਗਟਨ ਸੂਬੇ ਦੇ ਵੈਨਕੂਵਰ ਸ਼ਹਿਰ ‘ਚ ਗੈਸ ਸਟੇਸ਼ਨ ਸਟੋਰ ‘ਤੇ ਕੰਮ ਕਰਦੇ ਸਮੇਂ ਲੁਟੇਰਿਆਂ ਨੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ । ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਪਰਿਵਾਰਕ ਮੈਂਬਰਾਂ ਅਨੁਸਾਰ 30 ਸਾਲਾ ਨਵਜੋਤ ਸਿੰਘ ਅਜੇ ਅਣਵਿਆਹਿਆ ਸੀ ਅਤੇ ਸ਼ੁਰੂ ਤੋਂ ਹੀ ਵਿਦੇਸ਼ ਜਾਣਾ ਚਾਹੁੰਦਾ ਸੀ। ਲੰਬੇ ਸਮੇਂ ਤੋਂ ਨਵਜੋਤ ਵਿਦੇਸ਼ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਪਿਛਲੇ ਸਾਲ ਉਹ ਅਮਰੀਕਾ ਚਲਾ ਗਿਆ ਸੀ। ਜਿੱਥੇ ਉਹ ਵਾਸ਼ਿੰਗਟਨ ਸਟੇਟ ਦੇ ਸ਼ਹਿਰ ਵੈਨਕੂਵਰ ਦੇ ਇੱਕ ਗੈਸ ਸਟੇਸ਼ਨ ਸਟੋਰ ‘ਤੇ ਮਿਹਨਤ ਅਤੇ ਲਗਨ ਨਾਲ ਕੰਮ ਕਰ ਰਿਹਾ ਸੀ। ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਅਤੇ ਉਸਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਦੋਂ ਉਹ ਸਟੋਰ ‘ਤੇ ਕੰਮ ਕਰ ਰਿਹਾ ਸੀ।
ਇਸ ਦੇ ਨਾਲ ਹੀ ਪੀੜਤ ਪਰਿਵਾਰ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕਰਕੇ ਮਦਦ ਦੀ ਪੁਕਾਰ ਲਾਈ ਹੈ ਅਤੇ ਉਨ੍ਹਾਂ ਨੂੰ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਿਦੇਸ਼ਾਂ ਵਿੱਚ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ’ਤੇ ਡੂੰਘੇ ਦੁੱਖ ਅਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਇਸ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਇੱਥੇ ਆਪਣੇ ਮਾਪਿਆਂ ਨਾਲ ਰਹਿ ਕੇ ਕੰਮ ਕਰਨ ਅਤੇ ਅੱਗੇ ਵਧਣ ਦੀ ਅਪੀਲ ਕੀਤੀ ਹੈ।
ਦੱਸ ਦਈਏ ਕਿ ਦੋ ਦਿਨਾਂ ਵਿੱਚ ਇਹ ਦੂਜੀ ਘਟਨਾ ਹੈ ਜਿਸ ਵਿੱਚ ਕਪੂਰਥਲਾ ਦੇ 3 ਨੌਜਵਾਨਾਂ ਦਾ ਕਤਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਬੀਤੇ ਦਿਨ ਵੀ ਦੋ ਸਕੇ ਭਰਾਵਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਇਹ ਮਾਮਲਾ ਆਪਸੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ |