Site icon TheUnmute.com

ਵੱਖ-ਵੱਖ ਰੂਟਾਂ ‘ਤੇ ਚੱਲ ਰਹੀਆਂ ਨਜਾਇਜ਼ ਬੱਸਾਂ ਹੋਣਗੀਆਂ ਜ਼ਬਤ, ਲਾਲਜੀਤ ਸਿੰਘ ਭੁੱਲਰ ਵੱਲੋਂ ਹੁਕਮ ਜਾਰੀ

Laljit Singh Bhullar

ਚੰਡੀਗੜ੍ਹ, 2 ਜਨਵਰੀ 2025: ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ (Laljit Singh Bhullar) ਨੇ ਅੱਜ ਠੇਕਾ ਆਧਾਰਿਤ ਅਤੇ ਆਊਟਸੋਰਸਡ ਡਰਾਈਵਰ/ਕੰਡਕਟਰ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ ਸੇਵਾਵਾਂ ਨੂੰ ਨਿਯਮਤ ਕਰਨ ਸਬੰਧੀ ਡਰਾਫਟ ਦੀ ਮੁੱਢਲੀ ਕਾਪੀ 15 ਦਿਨਾਂ ‘ਚ ਉਨ੍ਹਾਂ ਨਾਲ ਸਾਂਝੀ ਕੀਤੀ ਜਾਵੇਗੀ।

ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪੰਜਾਬ ਭਵਨ ਵਿਖੇ ਵੱਖ-ਵੱਖ ਯੂਨੀਅਨਾਂ ਦੀ ਸਾਂਝੀ ਬੈਠਕ ਦੀ ਪ੍ਰਧਾਨਗੀ ਕਿਹਾ ਕਿ ਵਿਭਾਗ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਠੇਕੇ ‘ਤੇ ਰੱਖਣ ਲਈ ਵਿਭਾਗ ਵੱਲੋਂ ਰੂਲ ਤਿਆਰ ਕਰਨ ਸੰਬੰਧੀ ਤੇਜ਼ੀ ਨਾਲ ਨਿਯਮ ਤਿਆਰ ਕਰ ਰਿਹਾ ਹੈ।

ਕੈਬਨਿਟ ਮੰਤਰੀ (Laljit Singh Bhullar) ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਲਈ ਸਮਾਂਬੱਧ ਪਹੁੰਚ ਅਪਣਾਉਣ ਅਤੇ ਕੰਮ ਨੂੰ ਛੇਤੀ ਮੁਕੰਮਲ ਕੀਤਾ ਜਾਵੇ । ਟਰਾਂਸਪੋਰਟ ਮੰਤਰੀ ਨੇ ਬੈਠਕ ਦੌਰਾਨ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਰੋਡਵੇਜ਼ ਦੀਆਂ ਵਰਕਸ਼ਾਪਾਂ ‘ਚ ਲੋੜੀਂਦੇ ਸਪੇਅਰ ਪਾਰਟ ਛੇਤੀ ਮੁੱਹਈਆ ਕਰਵਾਇਆ ਜਾਵੇ ਤਾਂ ਜੋ ਵਿਭਾਗ ਨੂੰ ਬੱਸਾਂ ਨਾ ਚਲਣ ਕਾਰਨ ਪੈਣ ਵਾਲੇ ਵਿੱਤੀ ਘਾਟੇ ਤੋਂ ਬਚਾਇਆ ਜਾ ਸਕੇ।

ਉਨ੍ਹਾਂ ਇਹ ਵੀ ਹੁਕਮ ਦਿੱਤੇ ਕਿ ਨਿਲਾਮੀ ਦੀ ਪ੍ਰਕਿਰਿਆ ਨੂੰ ਸਰਲ ਬਣਾ ਕੇ ਸਕਰੈਪ ਬੱਸਾਂ ਦੀ ਨਿਲਾਮੀ ਛੇਤੀ ਮੁਕੰਮਲ ਕੀਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਰਿਕਵਰੀ ਟਰੱਕਾਂ ਦੀ ਖਰੀਦ ਪ੍ਰਕਿਰਿਆ ਨੂੰ ਤੇਜ਼ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ।

ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਦੇ ਕਈ ਰੂਟਾਂ ਖਾਸ ਕਰਕੇ ਜਲੰਧਰ ਅਤੇ ਅੰਮ੍ਰਿਤਸਰ ਦੇ ਰੂਟਾਂ ‘ਤੇ ਅਜੇ ਵੀ ਗ਼ੈਰ-ਕਾਨੂੰਨੀ ਬੱਸ ਸੇਵਾਵਾਂ ਚੱਲ ਰਹੀਆਂ ਹਨ। ਉਨ੍ਹਾਂ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਉਹ ਬੱਸ ਸਟੈਂਡ ਦੇ 500 ਮੀਟਰ ਦੇ ਘੇਰੇ ਅੰਦਰ ਗੈਰ-ਕਾਨੂੰਨੀ ਬੱਸਾਂ ਚਲਾਉਣ ਸਬੰਧੀ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਕੇ ਚੈਕਿੰਗ ਮੁਹਿੰਮ ਚਲਾਉਣ।

ਜੇਕਰ ਕੋਈ ਗੈਰ-ਕਾਨੂੰਨੀ ਢੰਗ ਨਾਲ ਸਵਾਰੀਆਂ ਦੀ ਲੋਡਿੰਗ ਕਰ ਰਿਹਾ ਹੈ ਤਾਂ ਅਜਿਹੇ ਬੱਸ ਅਪਰੇਟਰ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਬੱਸਾਂ ਨੂੰ ਜ਼ਬਤ ਕੀਤਾ ਜਾਵੇ। ਉਨ੍ਹਾਂ ਰਾਜ ਦੇ ਟਰਾਂਸਪੋਰਟ ਕਮਿਸ਼ਨਰ ਜਸਪ੍ਰੀਤ ਸਿੰਘ ਨੂੰ ਹਦਾਇਤ ਕੀਤੀ ਕਿ ਸੁਰੱਖਿਆ ਦੇ ਮੱਦੇਨਜ਼ਰ ਸਰਕਾਰੀ ਬੱਸਾਂ ‘ਚ ਲਾਗੂ ਵਾਹਨ ਟਰੈਕਿੰਗ ਸਿਸਟਮ ਪ੍ਰਾਈਵੇਟ ਬੱਸਾਂ ‘ਚ ਵੀ ਲਾਗੂ ਕੀਤਾ ਜਾਵੇ।

ਪੰਜਾਬ ਟਰਾਂਸਪੋਰਟ ਵਿਭਾਗ ਦੇ ਮੁਲਾਜ਼ਮਾਂ ਦੀਆਂ ਤਰੱਕੀਆਂ ਸਬੰਧੀ ਆਈਆਂ ਸ਼ਿਕਾਇਤਾਂ ’ਤੇ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਭਾਗ ‘ਚ ਹਰ ਪੱਧਰ ’ਤੇ ਤਰੱਕੀਆਂ ਦੀ ਪ੍ਰਕਿਰਿਆ ਤੇਜ਼ ਕੀਤੀ ਜਾਵੇ ਤਾਂ ਜੋ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਹੱਕ ਮਿਲ ਸਕਣ। ਟਰਾਂਸਪੋਰਟ ਮੰਤਰੀ ਨੇ ਇਹ ਵੀ ਕਿਹਾ ਕਿ ਤਰਸ ਦੇ ਆਧਾਰ ‘ਤੇ ਦਿੱਤੀਆਂ ਜਾਂਦੀਆਂ ਸਰਕਾਰੀ ਨੌਕਰੀਆਂ ‘ਚ ਪਹਿਲ ਦਿੱਤੀ ਜਾਵੇ।

Read More: Harmanpreet Singh: ਹਰਮਨਪ੍ਰੀਤ ਸਿੰਘ ਨੂੰ ਮਿਲੇਗਾ ਖੇਡ ਰਤਨ ਪੁਰਸਕਾਰ, ਜਾਣੋ ਉਨ੍ਹਾਂ ਦੀਆਂ ਪ੍ਰਾਪਤੀਆਂ

Exit mobile version