July 7, 2024 3:06 pm
Migrant workers

ਮੁੰਬਈ ‘ਚ ਲਾਕਡਾਊਨ ਲੱਗਿਆ, ਤਾਂ ਮਰ ਜਾਵਾਂਗੇ ਭੁੱਖੇ : ਪਰਵਾਸੀ ਮਜਦੂਰ

ਚੰਡੀਗੜ੍ਹ 7 ਜਨਵਰੀ 2022: ਕੋਰੋਨਾ (Corona) ਮਹਾਮਾਰੀ ਦਾ ਪ੍ਰਕੋਪ ਇਕ ਵਾਰ ਫਿਰ ਤੋਂ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜਨਵਰੀ ਦੇ ਅੰਤ ਤੱਕ ਕੋਰੋਨਾ(Corona) ਆਪਣੇ ਸਿਖਰ ‘ਤੇ ਹੋਵੇਗਾ, ਰੋਜ਼ਾਨਾ 10 ਲੱਖ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆ ਸਕਦੇ ਹਨ, ਜਦਕਿ ਦੂਜੇ ਪਾਸੇ ਇਨ੍ਹਾਂ ਸਾਰੀਆਂ ਖਬਰਾਂ ਵਿਚਾਲੇ ਲੋਕ ਲਾਕਡਾਊਨ ਤੋਂ ਡਰੇ ਹੋਏ ਹਨ। ਇਸ ਦੇ ਮੱਦੇਨਜ਼ਰ ਮੁੰਬਈ (Mumbai) ‘ਚ ਪ੍ਰਵਾਸੀ ਮਜ਼ਦੂਰਾਂ ਨੇ ਰੇਲਵੇ ਸਟੇਸ਼ਨ ‘ਤੇ ਡੇਰੇ ਲਾ ਲਏ ਹਨ ਅਤੇ ਘਰ ਵਾਪਸੀ ਦੀ ਤਿਆਰੀ ਕਰ ਰਹੇ ਹਨ। ਹਰ ਕਿਸੇ ਦੀ ਕੋਸ਼ਿਸ਼ ਹੁੰਦੀ ਹੈ ਕਿ ਲਾਕਡਾਊਨ ਤੋਂ ਪਹਿਲਾਂ ਉਹ ਆਪਣੇ ਪਿੰਡਾਂ ਅਤੇ ਘਰਾਂ ਤੱਕ ਪਹੁੰਚ ਜਾਣ।

ਤੁਹਾਨੂੰ ਦੱਸ ਦੇਈਏ ਕਿ ਮੁੰਬਈ (Mumbai) ਦੇ ਰੇਲਵੇ ਸਟੇਸ਼ਨ ‘ਤੇ ਫਸੇ ਪ੍ਰਵਾਸੀਆਂ ਨੂੰ ਪੁਲਸ ਦੀਆਂ ਡਾਂਗਾਂ ਖਾਣੀਆਂ ਪਈਆਂ, ਰੇਲ ਟਿਕਟ ਵੀ ਨਹੀਂ ਮਿਲੀ। ਇਸ ਦੇ ਬਾਵਜੂਦ ਮਜ਼ਦੂਰ ਉਥੇ ਹੀ ਖੜ੍ਹੇ ਰਹੇ ਤਾਂ ਜੋ ਕਿਸੇ ਤਰ੍ਹਾਂ ਉਨ੍ਹਾਂ ਦੇ ਘਰ ਪਹੁੰਚ ਸਕੇ। ਪਰਵਾਸੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਜੇਕਰ ਮੁੰਬਈ ‘ਚ ਲਾਕਡਾਊਨ ਹੋਇਆ ਤਾਂ ਉਹ ਭੁੱਖੇ ਮਰ ਜਾਣਗੇ।

ਉੱਤਰ ਪ੍ਰਦੇਸ਼ ਅਤੇ ਬਿਹਾਰ ਲਈ ਜ਼ਿਆਦਾਤਰ ਰੇਲਗੱਡੀਆਂ ਮੁੰਬਈ ਦੇ ਕੁਰਲਾ ਵਿਖੇ ਲੋਕਮਾਨਿਆ ਤਿਲਕ ਟਰਮੀਨਸ ਤੋਂ ਰਵਾਨਾ ਹੁੰਦੀਆਂ ਹਨ। ਮੁੰਬਈ ਤੋਂ ਵੱਡੀ ਗਿਣਤੀ ਪ੍ਰਵਾਸੀ ਇਨ੍ਹਾਂ ਇਲਾਕਿਆਂ ਨਾਲ ਸਬੰਧਤ ਹਨ। ਅਜਿਹੇ ‘ਚ ਵੀਰਵਾਰ ਰਾਤ 8 ਵਜੇ ਤੋਂ ਲੋਕਮਾਨਿਆ ਟਰਮੀਨਸ ‘ਤੇ ਭੀੜ ਵਧਣੀ ਸ਼ੁਰੂ ਹੋ ਗਈ। ਮਜ਼ਦੂਰ ਵਰਗ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਹ ਇੱਥੇ ਰਹਿਣਗੇ ਤਾਂ ਉਨ੍ਹਾਂ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪਵੇਗਾ। ਇਸ ਲਈ ਇੱਥੇ ਰਹਿ ਕੇ ਕੀ ਕਰਨਾ ਹੈ?

ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਨੇ ਚਿੰਤਾ ਵਧਾ ਦਿੱਤੀ ਹੈ। ਪਿਛਲੇ ਚਾਰ ਦਿਨਾਂ ਵਿੱਚ ਮਹਾਰਾਸ਼ਟਰ ਦੇ ਵੱਖ-ਵੱਖ ਹਸਪਤਾਲਾਂ ਵਿੱਚ 338 ਰੈਜ਼ੀਡੈਂਟ ਡਾਕਟਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਦੇ ਨਾਲ ਹੀ ਮੁੰਬਈ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 20 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਅਜਿਹੀ ਸਥਿਤੀ ਵਿੱਚ, ਕੁੱਲ ਲਾਕਡਾਊਨ ਦੀ ਚਰਚਾ ਹੈ।