July 2, 2024 8:38 pm
Akali Dal

ਹਰਿਆਣਾ ਸਰਕਾਰ ਨੇ ਆਪਣੀ ਵਿਧਾਨ ਸਭਾ ਬਣਾਉਣੀ ਹੈ ਤਾਂ ਪੰਚਕੂਲਾ ‘ਚ ਬਣਾਵੇ: ਸੁਖਬੀਰ ਬਾਦਲ

ਚੰਡੀਗੜ੍ਹ 26 ਨਵੰਬਰ 2022: ਸੁਖਬੀਰ ਸਿੰਘ ਬਾਦਲ (Sukhbir Singh Badal) ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਕਾਨੂੰਨੀ ਅਤੇ ਸੰਵਿਧਾਨਕ ਹੱਕਾਂ ਦਾ ਵਿਰੋਧ ਕਰਨ ਅਤੇ ਹਰਿਆਣਾ ਵੱਲੋਂ ਵਿਧਾਨ ਸਭਾ ਬਣਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਮਿਲਿਆ। ਇਸ ਦੌਰਾਨ ਪਾਰਟੀ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਵਫ਼ਦ ਨੇ ਪੰਜਾਬ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ। ਅਕਾਲੀ ਦਲ ਦੇ ਇਸ ਵਫ਼ਦ ਵਿਚ ਬੀਐਸ ਭੂੰਦੜ, ਪ੍ਰੋ.ਪੀ.ਐਸ. ਚੰਦੂਮਾਜਰਾ ਅਤੇ ਡਾ. ਦਲਜੀਤ ਸਿੰਘ ਚੀਮਾ ਸ਼ਾਮਲ ਸਨ |

ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਹਰਿਆਣਾ ਕਾਨੂੰਨੀ ਤੌਰ ‘ਤੇ ਜ਼ਮੀਨ ਦੇ ਬਦਲੇ ਜ਼ਮੀਨ ਨਹੀਂ ਮੰਗ ਸਕਦਾ। ਹਰਿਆਣਾ ਚੰਡੀਗੜ੍ਹ ਵਿਚ ਆਰਜ਼ੀ ਮਹਿਮਾਨ ਹੈ, ਚੰਡੀਗੜ੍ਹ ਪੰਜਾਬ ਦਾ ਹੈ ਅਤੇ ਹਮੇਸ਼ਾ ਰਹੇਗਾ। ਚਾਹੇ 5 ਸਾਲ ਲੱਗ ਜਾਣ ਜਾਂ 10 ਸਾਲ, ਅਸੀਂ ਇਸ ਨੂੰ ਪੰਜਾਬ ਦਿਲਾ ਕੇ ਰਹਾਂਗੇ । ਉਨ੍ਹਾਂ ਨੇ ਹਰਿਆਣਾ ਸਰਕਾਰ ਦੀ ਮੰਗ ਦਾ ਵਿਰੋਧ ਕਰਦਿਆਂ ਕਿਹਾ ਕਿ ਜੇਕਰ ਹਰਿਆਣਾ ਵਿਧਾਨ ਸਭਾ ਬਣਾਉਣੀ ਹੈ ਤਾਂ ਪੰਚਕੂਲਾ ਵਿੱਚ ਬਣਾਵੇ।