ਮਾਨਸਾ 08 ਦਸੰਬਰ 2022: ਅੱਜ ਮਾਨਸਾ ਵਿਖੇ ਹੋਈ ਨੰਬਰਦਾਰ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸ਼ਿਰਕਤ ਕੀਤੀ | ਇਸ ਦੌਰਾਨ ਉਨ੍ਹਾਂ ਨੇ ਸਿੱਧੂ ਮੂਸੇਵਾਲੇ ਨੂੰ ਯਾਦ ਕਰਦਿਆਂ ਭਾਵੁਕ ਹੋ ਗਏ ਅਤੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਜਿਸ ਰਸਤੇ ‘ਤੇ ਤੋਰ ਕੇ ਗਿਆ ਹੈ, ਉਹ ਉਸ ਰਸਤੇ ‘ਤੇ ਚੱਲਦੇ ਰਹਿਣਗੇ |
ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਵੀ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਲੱਗ ਪਿਆ ਸੀ, ਉਨ੍ਹਾਂ ਕਿਹਾ ਕਿ ਮੇਰਾ ਪਰਿਵਾਰ ਬਹੁਤਾ ਰਾਜਨੀਤਿਕ ਨਹੀਂ , ਪਰ ਸਿੱਧੂ ਇੱਕ ਪੜਿਆ ਲਿਖਿਆ ਸੀ ਤੇ ਸਾਰੀਆਂ ਚੀਜਾਂ ਨੂੰ ਨੇੜੇ ਤੋਂ ਸਮਝਦਾ ਸੀ | ਸਿੱਧੂ ਨੂੰ ਸੱਥ ਵਿੱਚ ਬੈਠਣਾ ਕਾਫੀ ਪਸੰਦ ਸੀ | ਉਹਨਾਂ ਨੇ ਦੱਸਿਆ ਕਿ ਜਦੋਂ ਸਿੱਧੂ ਨੇ ਐਸਵਾਈਐਲ ਗਾਣਾ ਉਸਨੂੰ ਸੁਣਾਇਆ ਤਾਂ ਉਸਨੇ ਪੁੱਤਰ ਨੂੰ ਕਿਹਾ ਕਿ ਇੱਕ ਮਹੀਨਾ ਵਿਆਹ ਤੱਕ ਰੁਕ ਜਾਵੇ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਇਹ ਗਾਣਾ ਰਿਲੀਜ਼ ਹੋਣ ਤੋਂ ਬਾਅਦ ਜੇਲ੍ਹ ਜਾਣਾ ਪੈਣਾ |
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹੁਣ ਪਛਤਾਵਾ ਹੈ ਜੇਕਰ ਉਹ ਗਾਣਾ ਪਹਿਲਾਂ ਰਿਲੀਜ਼ ਕਰ ਦਿੰਦੇ ਤਾਂ ਸ਼ਾਇਦ ਸਿੱਧੂ ਨੂੰ ਜੇਲ੍ਹ ਜਾਣਾ ਪੈਂਦਾ ਅਤੇ ਪਰਚਾ ਹੋ ਜਾਂਦਾ ਸ਼ਾਇਦ ਸਿੱਧੂ ਬਚ ਜਾਂਦਾ, ਸਿੱਧੂ ਅੱਜ ਸਾਡੇ ਵਿੱਚ ਹੁੰਦਾ, ਉਨ੍ਹਾਂ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਕੋਈ ਵੀ ਪੈਸਾ ਜਾਂ ਸੋਹਰਤ ਨਹੀਂ ਚਾਹੀਦੀ, ਕਿਉਂਕਿ ਉਨ੍ਹਾਂ ਦੇ ਪੁੱਤਰ ਨੇ ਬਹੁਤ ਕੁਝ ਕਮਾ ਕੇ ਦਿੱਤਾ ਹੈ | ਉਹ ਆਪਣੀ ਬਾਕੀ ਰਹਿੰਦੀ ਜ਼ਿੰਦਗੀ ਸਮਾਜ ਸੇਵਾ ਵਿੱਚ ਲਗਾਉਣਗੇ, ਉਥੇ ਹੀ ਉਨ੍ਹਾਂ ਨੇ ਕਿਹਾ ਕਿ ਨੰਬਰਦਾਰਾ ਦੀਆਂ ਬਹੁਤ ਜੁੰਮੇਵਾਰੀਆਂ ਹੁੰਦੀਆਂ ਹਨ ਤੇ ਯੂਨੀਅਨ ਨੂੰ ਜਦੋਂ ਵੀ ਉਨ੍ਹਾਂ ਦੀ ਲੋੜ ਹੋਵੇਗੀ ਤਾਂ ਉਹ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜਗੇ ਖੜਨਗੇ |