ਚੰਡੀਗੜ੍ਹ 02 ਅਪ੍ਰੈਲ 2022: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਆਪਣੇ ਹੁਣ ਤੱਕ ਦੇ ਸਭ ਤੋਂ ਮੁਸ਼ਕਿਲ ਦੌਰ ‘ਚੋਂ ਗੁਜ਼ਰ ਰਹੇ ਹਨ। ਪਾਕਿਸਤਾਨ ਨੈਸ਼ਨਲ ਅਸੈਂਬਲੀ ‘ਚ ਐਤਵਾਰ ਨੂੰ ਉਨ੍ਹਾਂ ਖਿਲਾਫ ਬੇਭਰੋਸਗੀ ਮਤੇ ‘ਤੇ ਵੋਟਿੰਗ ਹੋਵੇਗੀ |ਇਸਦੇ ਚੱਲਦੇ ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਇਮਰਾਨ ਨੇ ਇਕ ਜਨਤਕ ਸੰਬੋਧਨ ‘ਚ ਇਕ ਵਾਰ ਫਿਰ ਅਮਰੀਕਾ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਵਿਰੋਧੀ ਧਿਰ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਸੰਬੋਧਨ ਦੌਰਾਨ ਕਥਿਤ ਗੁਪਤ ਦਸਤਾਵੇਜ਼ ਦਾ ਹਵਾਲਾ ਦਿੱਤਾ, ਜਿਸਦਾ ਉਸਦਾ ਦਾਅਵਾ ਹੈ ਕਿ ਉਸਨੂੰ ਹਟਾਉਣ ਦੀ ਸਾਜ਼ਿਸ਼ ਦੇ ਹਿੱਸੇ ਵਜੋਂ ਅਮਰੀਕਾ ਤੋਂ ਜਾਰੀ ਕੀਤਾ ਗਿਆ ਸੀ। ਇਮਰਾਨ ਖਾਨ ਨੇ ਕਿਹਾ ਕਿ ਸਾਡੀ ਸੰਸਦ ਕਮੇਟੀ ਨੇ ਇਹ ਅਧਿਕਾਰਤ ਦਸਤਾਵੇਜ਼ ਵੀ ਦੇਖਿਆ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਇਮਰਾਨ ਨੂੰ ਹਟਾਉਂਦੇ ਹੋ ਤਾਂ ਤੁਹਾਡੇ ਅਮਰੀਕਾ ਨਾਲ ਚੰਗੇ ਸਬੰਧ ਬਣ ਜਾਣਗੇ।
ਇਮਰਾਨ ਨੇ ਨੌਜਵਾਨਾਂ ਨੂੰ ਹੜਤਾਲ ਕਰਨ ਦੀ ਕੀਤੀ ਅਪੀਲ
ਇਸ ਦੇ ਨਾਲ ਹੀ ਇਮਰਾਨ ਨੇ ਸ਼ਾਹਬਾਜ਼ ਸ਼ਰੀਫ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਜੇਕਰ ਸ਼ਾਹਬਾਜ਼ ਸ਼ਰੀਫ ਸੱਤਾ ਸੰਭਾਲਦੇ ਹਨ ਤਾਂ ਉਹ ਅਮਰੀਕਾ ਦੇ ਗੁਲਾਮ ਹੋ ਜਾਣਗੇ। ਮੈਂ ਪਾਕਿਸਤਾਨ ਦੇ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਅੱਜ ਅਤੇ ਕੱਲ੍ਹ ਅੰਦੋਲਨ ਕਰਨ, ਬਾਹਰੀ ਤਾਕਤਾਂ ਦੀ ਇਸ ਸਾਜ਼ਿਸ਼ ਦੇ ਖਿਲਾਫ ਅਤੇ ਅਜੋਕੇ ਪਾਕਿਸਤਾਨ ਦੇ ‘ਮੀਰ ਸਾਦਿਕ ਅਤੇ ਮੀਰ ਜਾਫਰ’ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨ। ਇਸ ਦੇ ਨਾਲ ਹੀ ਅੱਜ ਇਸ ਤੋਂ ਪਹਿਲਾਂ ਫੌਜ ਮੁਖੀ ਜਨਰਲ ਕਮਰ ਬਾਜਵਾ ਨੇ ਰੂਸ-ਯੂਕਰੇਨ ਜੰਗ ਦੇ ਮੁੱਦੇ ‘ਤੇ ਇਮਰਾਨ ਖਾਨ ਦੇ ਉਲਟ ਬਿਆਨ ਦਿੰਦੇ ਹੋਏ ਰੂਸ ਦੇ ਹਮਲੇ ਨੂੰ ਬੇਲੋੜਾ ਕਰਾਰ ਦਿੱਤਾ। ਜਦਕਿ ਇਮਰਾਨ ਖਾਨ ਰੂਸ ਦੌਰੇ ਨੂੰ ਲੈ ਕੇ ਲਗਾਤਾਰ ਆਪਣਾ ਬਚਾਅ ਕਰ ਰਹੇ ਹਨ।