Asia Cup 2023

ਜੇਕਰ ਭਾਰਤੀ ਟੀਮ ਏਸ਼ੀਆ ਕੱਪ ਖੇਡਣ ਪਾਕਿਸਤਾਨ ਨਹੀਂ ਆਉਂਦੀ, ਤਾਂ ਅਸੀਂ ਵਨਡੇ ਵਿਸ਼ਵ ਕੱਪ ਲਈ ਭਾਰਤ ਨਹੀਂ ਜਾਵਾਂਗੇ: ਰਮੀਜ਼ ਰਾਜਾ

ਚੰਡੀਗੜ੍ਹ 26 ਨਵੰਬਰ 2022: ਅਗਲੇ ਸਾਲ ਹੋਣ ਵਾਲੇ ਏਸ਼ੀਆ ਕੱਪ ਅਤੇ ਵਨਡੇ ਵਿਸ਼ਵ ਕੱਪ ਨੂੰ ਲੈ ਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਅਤੇ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਵਿਚਾਲੇ ਇਕ ਵਾਰ ਫਿਰ ਤੋਂ ਟਕਰਾਅ ਪੈਦਾ ਹੋ ਗਿਆ ਹੈ। ਦਰਅਸਲ, ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਭਾਰਤੀ ਕ੍ਰਿਕਟ ਟੀਮ ਅਗਲੇ ਸਾਲ ਏਸ਼ੀਆ ਕੱਪ ਲਈ ਪਾਕਿਸਤਾਨ ਨਹੀਂ ਜਾਵੇਗੀ। ਏਸ਼ੀਆ ਕੱਪ ਨਿਰਪੱਖ ਸਥਾਨ ‘ਤੇ ਆਯੋਜਿਤ ਕੀਤਾ ਜਾਵੇਗਾ।

ਇਸ ‘ਤੇ ਹੁਣ ਪੀਸੀਬੀ ਚੀਫ ਰਮੀਜ਼ ਰਾਜਾ (Ramiz Raja) ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਭਾਰਤੀ ਕ੍ਰਿਕਟ ਟੀਮ ਏਸ਼ੀਆ ਕੱਪ ਖੇਡਣ ਪਾਕਿਸਤਾਨ ਨਹੀਂ ਆਉਂਦੀ ਤਾਂ ਅਸੀਂ ਵੀ ਅਗਲੇ ਸਾਲ ਵਨਡੇ ਵਿਸ਼ਵ ਕੱਪ ਖੇਡਣ ਲਈ ਭਾਰਤ ਨਹੀਂ ਜਾਵਾਂਗੇ। ਦਰਅਸਲ ਏਸ਼ੀਆ ਕੱਪ 2023 ਪਹਿਲਾਂ ਪਾਕਿਸਤਾਨ ਵਿੱਚ ਹੋਣਾ ਸੀ। ਹਾਲਾਂਕਿ, ਏਸ਼ੀਅਨ ਕ੍ਰਿਕਟ ਕੌਂਸਲ ਦੇ ਚੇਅਰਮੈਨ ਜੈ ਸ਼ਾਹ ਨੇ ਕਿਹਾ ਸੀ ਕਿ ਇਹ ਨਿਰਪੱਖ ਸਥਾਨ ‘ਤੇ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਸੀ ਕਿ ਇਸ ਨੂੰ ਯੂਏਈ ਵਿੱਚ ਵੀ ਸ਼ਿਫਟ ਕੀਤਾ ਜਾ ਸਕਦਾ ਹੈ।

ਜੈ ਸ਼ਾਹ ਨੇ ਆਪਣੇ ਇਕ ਬਿਆਨ ‘ਚ ਕਿਹਾ ਕਿ ਭਾਰਤ ਸਰਕਾਰ ਸਾਡੀ ਟੀਮ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇਣ ਦਾ ਫੈਸਲਾ ਕਰਦੀ ਹੈ, ਇਸ ਲਈ ਅਸੀਂ ਇਸ ‘ਤੇ ਕੋਈ ਟਿੱਪਣੀ ਨਹੀਂ ਕਰਾਂਗੇ, ਪਰ 2023 ਏਸ਼ੀਆ ਕੱਪ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ ਟੂਰਨਾਮੈਂਟ ਨਿਰਪੱਖ ਸਥਾਨ ‘ਤੇ ਹੋਵੇਗਾ।

ਪਾਕਿਸਤਾਨੀ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਰਮੀਜ਼ ਰਾਜਾ ਨੇ ਕਿਹਾ ਕਿ ਜੇਕਰ ਪਾਕਿਸਤਾਨ ਅਗਲੇ ਸਾਲ ਭਾਰਤ ‘ਚ ਹੋਣ ਵਾਲੇ ਵਿਸ਼ਵ ਕੱਪ ‘ਚ ਹਿੱਸਾ ਨਹੀਂ ਲੈਂਦਾ ਤਾਂ ਕੌਣ ਦੇਖੇਗਾ? ਸਾਡਾ ਸਟੈਂਡ ਸਪੱਸ਼ਟ ਹੈ। ਜੇਕਰ ਭਾਰਤੀ ਟੀਮ ਇੱਥੇ ਆਉਂਦੀ ਹੈ ਤਾਂ ਅਸੀਂ ਵਿਸ਼ਵ ਕੱਪ ਲਈ ਜਾਵਾਂਗੇ। ਜੇਕਰ ਉਹ ਨਹੀਂ ਆਉਂਦੇ ਤਾਂ ਸਾਡੇ ਬਿਨਾਂ ਵਿਸ਼ਵ ਕੱਪ ਖੇਡ ਸਕਦੇ ਹਨ। ਅਸੀਂ ਹਮਲਾਵਰ ਰੁਖ਼ ਅਖਤਿਆਰ ਕਰਾਂਗੇ।

ਰਮੀਜ਼ ਰਾਜਾ ਨੇ ਕਿਹਾ ਕਿ ਸਾਡੀ ਟੀਮ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਮੈਂ ਹਮੇਸ਼ਾ ਕਿਹਾ ਹੈ ਕਿ ਸਾਨੂੰ ਪਾਕਿਸਤਾਨ ਕ੍ਰਿਕਟ ਦੀ ਅਰਥਵਿਵਸਥਾ ਨੂੰ ਸੁਧਾਰਨ ਦੀ ਲੋੜ ਹੈ ਅਤੇ ਅਜਿਹਾ ਤਾਂ ਹੀ ਹੋ ਸਕਦਾ ਹੈ ਜੇਕਰ ਅਸੀਂ ਚੰਗਾ ਪ੍ਰਦਰਸ਼ਨ ਕਰਾਂਗੇ। ਅਸੀਂ 2021 ਟੀ-20 ਵਿਸ਼ਵ ਕੱਪ ਵਿੱਚ ਭਾਰਤ ਨੂੰ ਹਰਾਇਆ ਸੀ। ਅਸੀਂ ਟੀ-20 ਏਸ਼ੀਆ ਕੱਪ ਵਿੱਚ ਭਾਰਤ ਨੂੰ ਹਰਾਇਆ । ਇੱਕ ਸਾਲ ਵਿੱਚ ਪਾਕਿਸਤਾਨ ਕ੍ਰਿਕਟ ਟੀਮ ਨੇ ਇੱਕ ਅਰਬ ਡਾਲਰ ਦੀ ਅਰਥਵਿਵਸਥਾ ਵਾਲੀ ਟੀਮ ਨੂੰ ਦੋ ਵਾਰ ਹਰਾਇਆ ਹੈ।

Scroll to Top