ਚੰਡੀਗੜ੍ਹ, 4 ਜਨਵਰੀ 2025: Kisan Mahapanchayat : ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨੀ ਅੰਦਲੋਨ ਲਗਾਤਾਰ ਜਾਰੀ ਹੈ | ਇਸ ਦਰਮਿਆਨ ਅੱਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (Jagjit Singh Dallewal) ਦੇ ਮਰਨ ਵਰਤ ਦੇ 40ਵੇਂ ਦਿਨ ਖਨੌਰੀ ਬਾਰਡਰ ‘ਤੇ ਕਿਸਾਨ ਮਹਾਂਪੰਚਾਇਤ ਹੋਈ | ਇਸ ਮਹਾਂਪੰਚਾਇਤ ‘ਚ ਦੇਸ਼ ਭਰ ਤੋਂ ਲੱਖਾਂ ਕਿਸਾਨ ਸ਼ਾਮਲ ਹੋਏ |
ਇਸ ਦੌਰਾਨ ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੇ ਮਹਾਂਪੰਚਾਇਤ ਨੂੰ ਖੁਦ ਸੰਬੋਧਨ ਕੀਤਾ ਹੈ | ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਅੱਗੇ ਝੁਕਣ ਦੀ ਬਜਾਏ ਸੜਕਾਂ ‘ਤੇ ਆਪਣੇ ਲੋਕਾਂ ਦੇ ਹੱਕਾਂ ਲਈ ਲੜਦੇ ਹੋਏ ਸ਼ਹੀਦ ਹੋਣਾ ਪਸੰਦ ਕਰਨਗੇ।
ਡੱਲੇਵਾਲ (Jagjit Singh Dallewal) ਨੇ ਕਿਹਾ ਕਿ ਮੈਂ ਉਨ੍ਹਾਂ 7 ਲੱਖ ਕਿਸਾਨਾਂ ਨੂੰ ਨਹੀਂ ਭੁਲਾ ਪਾ ਰਿਹਾ, ਜਿੰਨਾਂ ਕਿਸਾਨਾਂ ਨੇ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਖੁਦਕੁਸ਼ੀ ਲਈ ਅਤੇ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਅਨਾਥ ਬੱਚਿਆਂ ਬਾਰੇ ਸੋਚ ਕੇ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਜੇਕਰ ਮੇਰੀ ਸ਼ਹਾਦਤ ਨਾਲ ਲੱਖਾਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੁਕ ਜਾਣ ਤਾਂ ਮੈਂ ਆਪਣੀ ਸ਼ਹਾਦਤ ਦੇਣ ਲਈ ਤਿਆਰ ਹਾਂ।
ਇਸ ਮੌਕੇ (Kisan Mahapanchayat) ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਜਾ ਯੂਕਰੇਨ ਜਾਂਦੇ ਹਨ ਤਾਂ ਉਹ ਕਹਿੰਦੇ ਹਨ ਕਿ ਵੱਡੇ ਤੋਂ ਵੱਡੇ ਮਸਲਿਆਂ ਦਾ ਵੀ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕਦਾ ਹੈ, ਪਰ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰ ਸਰਕਾਰ ਆਪਣੇ ਦੇਸ਼ ਦੇ ਕਿਸਾਨਾਂ ਨਾਲ ਗੱਲਬਾਤ ਨਹੀਂ ਕਰਦੀ।
ਇਸਦੇ ਨਾਲ ਹੀ ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ 20 ਮਈ 2014 ਨੂੰ ਪਹਿਲੀ ਵਾਰ ਸੰਸਦ ਭਵਨ ‘ਚ ਦਾਖ਼ਲ ਹੋਏ ਤਾਂ ਉਨ੍ਹਾਂ ਨੇ ਸੰਸਦ ਦੀਆਂ ਪੌੜੀਆਂ ਅੱਗੇ ਸਿਰ ਝੁਕਾ ਕੇ ਕਿਹਾ ਸੀ ਕਿ ਉਹ ਸੰਸਦ ਦੀ ਹਰ ਭਾਵਨਾ ਦਾ ਸਤਿਕਾਰ ਕਰਨਗੇ, ਪਰ ਕੁੱਝ ਦਿਨ ਪਹਿਲਾਂ ਸੰਸਦ ਦੀ ਖੇਤੀਬਾੜੀ ਬਾਰੇ ਸਥਾਈ ਕਮੇਟੀ ਨੇ ਆਪਣੀ ਰਿਪੋਰਟ ‘ਚ ਸਰਬਸੰਮਤੀ ਨਾਲ ਕਿਹਾ ਹੈ ਕਿ MSP ਗਾਰੰਟੀ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ, ਪਰ ਕੇਂਦਰ ਸਰਕਾਰ ਇਸ ਰਿਪੋਰਟ ਨੂੰ ਮੰਨਣ ਲਈ ਤਿਆਰ ਨਹੀਂ ਹੈ |
ਉਨ੍ਹਾਂ ਕਿਹਾ ਕਿ ਸੰਸਦ ਦੀ ਸਰਬ-ਪਾਰਟੀ ਕਮੇਟੀ ਰਿਪੋਰਟ ਨੂੰ ਨਾ ਮੰਨ ਕਿ ਹੁਣ ਕੇਂਦਰ ਸਰਕਾਰ ਸੰਸਦ ਦਾ ਅਪਮਾਨ ਨਹੀਂ ਕਰ ਰਹੀ ? ਕਿਸਾਨ ਆਗੂਆਂ ਨੇ ਕਿਹਾ ਕਿ 10 ਜਨਵਰੀ ਨੂੰ ਦੇਸ਼ ਭਰ ‘ਚ ਪਿੰਡ ਪੱਧਰ ’ਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਕਿਸਾਨ ਮਹਾਂਪੰਚਾਇਤ ਚੱਲਦੇ ਨਰਵਾਣਾ ਤੋਂ ਲੈ ਕੇ ਪਤਾਰਾ ਨੂੰ ਜਾਂਦੀ ਸੜਕ ਪੂਰੀ ਤਰ੍ਹਾਂ ਜਾਮ ਰਹੀ, ਹਰਿਆਣਾ ਪੁਲਸ ਨੇ ਨਰਵਾਣਾ, ਉਝਾਣਾ, ਪਿੱਪਲਥਾ, ਧਨੌਰੀ ‘ਚ ਨਾਕਾਬੰਦੀ ਕਰਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ |
Read More: ਪੰਜਾਬ ਸਰਕਾਰ ਜੇਲ੍ਹਾਂ ‘ਚ ਕੈਦੀ ਮਹਿਲਾਵਾਂ ਦੇ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ‘ਚ ਕਰੇਗੀ ਇਨਰੋਲ