Site icon TheUnmute.com

ਪੰਜਾਬ ਦੇ ਮਾਹਿਲਪੁਰ ਵਿਖੇ ਹੋਣਗੇ ਆਈ ਲੀਗ ਦੇ ਫੁੱਟਬਾਲ ਮੈਚ, ਵੱਖ-ਵੱਖ ਸੂਬਿਆਂ ਤੋਂ ਆਉਣਗੇ ਖਿਡਾਰੀ

Mahilpur

ਚੰਡੀਗੜ੍ਹ, 11 ਨਵੰਬਰ 2024: ਪੰਜਾਬ ਦੇ ਖੇਡ ਵਿਭਾਗ ਨੇ ਮਿਨਰਵਾ ਫੁੱਟਬਾਲ ਅਕੈਡਮੀ ਦੇ ਦਿੱਲੀ ਐੱਫ.ਸੀ. ਨਾਲ ਕੀਤੇ ਸਮਝੌਤੇ ਤਹਿਤ ਕਲੱਬ ਨੂੰ ਆਗਾਮੀ ਆਈ-ਲੀਗ ਸੀਜ਼ਨ ਦੇ ਮੈਚ ਮਾਹਿਲਪੁਰ (Mahilpur) (ਜ਼ਿਲ੍ਹਾ ਹੁਸ਼ਿਆਰਪੁਰ) ਵਿਖੇ ਨਵੇਂ ਬਣੇ ਖੇਡ ਸਟੇਡੀਅਮ ਵਿਖੇ ਖੇਡਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਹ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਦੁਆਰਾ ਵੱਲੋਂ ਕੀਤਾ ਜਾ ਰਿਹਾ ਹੈ |

ਪੰਜਾਬ ਸਰਕਾਰ ਮੁਤਾਬਜ ਇਹ ਕਦਮ ਖੇਡਾਂ ਦੇ ਵਿਕਾਸ ਅਤੇ ਨੌਜਵਾਨਾਂ ‘ਚ ਖੇਡ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਵੇਗਾ। ਇਹ ਸਮਝੌਤਾ ਨਾ ਸਿਰਫ਼ ਆਈ-ਲੀਗ ਮੈਚ ਕਰਵਾਏਗਾ ਸਗੋਂ ਪੰਜਾਬ ਦੇ ਖੇਡ ਢਾਂਚੇ ਨੂੰ ਮਜ਼ਬੂਤ ​​ਕਰੇਗਾ |

ਇਸਦੇ ਨਾਲ ਹੀ ਫੁੱਟਬਾਲ ‘ਚ ਆਪਣਾ ਕਰੀਅਰ ਬਣਾਉਣ ਦੇ ਚਾਹਵਾਨ ਨੌਜਵਾਨ ਖਿਡਾਰੀਆਂ ਨੂੰ ਵੀ ਸਹਾਇਤਾ ਮਿਲੇਗੀ। ਇਹ ਆਈ-ਲੀਗ ਸੀਜ਼ਨ 19 ਦਸੰਬਰ 2024 ਤੋਂ ਸ਼ੁਰੂ ਹੋਵੇਗਾ ਅਤੇ ਅਪ੍ਰੈਲ 2025 ਦੇ ਅੰਤ ਤੱਕ ਕੁੱਲ 12 ਮੈਚਾਂ ਨਾਲ ਸਮਾਪਤ ਹੋਵੇਗਾ।

ਫੁੱਟਬਾਲ ਦੀ ਨਰਸਰੀ ਵਜੋਂ ਜਾਣੇ ਜਾਂਦੇ ਮਾਹਿਲਪੁਰ (Mahilpur) ‘ਚ ਹੋਣ ਵਾਲੇ ਇਨ੍ਹਾਂ ਸਾਰੇ ਮੈਚਾਂ ‘ਚ ਹਜ਼ਾਰਾਂ ਦੀ ਗਿਣਤੀ ‘ਚ ਪ੍ਰਸ਼ੰਸਕਾਂ ਦੇ ਪਹੁੰਚਣ ਦੀ ਉਮੀਦ ਹੈ, ਜਿਨ੍ਹਾਂ ‘ਚੋਂ ਕੁਝ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵੀ ਆਉਣਗੇ। ਇਸ ਲੀਗ ‘ਚ ਭਾਰਤ ਦੇ ਵੱਖ-ਵੱਖ ਸੂਬਿਆਂ ਦੀਆਂ 12 ਟੀਮਾਂ ਦੀ ਭਾਗੀਦਾਰੀ ਦੇਖਣ ਨੂੰ ਮਿਲੇਗੀ, ਜਿਸ ‘ਚ ਡੈਂਪੋ ਸਪੋਰਟਿੰਗ ਕਲੱਬ ਵਰਗੇ ਅਨੁਭਵੀ ਕਲੱਬ ਅਤੇ ਚਰਚਿਲ ਬ੍ਰਦਰਜ਼ ਵਰਗੇ ਰਵਾਇਤੀ ਕਲੱਬ ਸ਼ਾਮਲ ਹਨ।

ਇਸ ਸੀਜ਼ਨ ਦੇ ਆਈ-ਲੀਗ ਮੈਚਾਂ ਨੂੰ ਯੂਰੋ ਸਪੋਰਟਸ ਇੰਡੀਆ ਅਤੇ ਲਾਈਵਟੀਵੀ ‘ਤੇ ਟੈਲੀਕਾਸਟ ਕੀਤਾ ਜਾਵੇਗਾ, ਜਦਕਿ ਫੈਨ ਕੋਡ ਪਲੇਟਫਾਰਮ ‘ਤੇ ਔਨਲਾਈਨ ਸਟ੍ਰੀਮਿੰਗ ਵੀ ਉਪਲਬੱਧ ਹੋਵੇਗੀ। ਇਸ ਨਾਲ ਮਾਹਿਲਪੁਰ ਰਾਸ਼ਟਰੀ ਪੱਧਰ ‘ਤੇ ਫੁੱਟਬਾਲ ਦੇ ਮੁੱਖ ਮੰਚ ‘ਤੇ ਉਭਰੇਗਾ।

ਇਸ ਬਾਰੇ ਮਿਨਰਵਾ ਫੁਟਬਾਲ ਅਕੈਡਮੀ ਦੇ ਸੀਈਓ ਰਣਜੀਤ ਬਜਾਜਾ ਨੇ ਕਿਹਾ ਕਿ ਸਾਰੇ ਖੇਡ ਪ੍ਰੇਮੀ ਇਸ ਉਪਰਾਲੇ ਤੋਂ ਬਹੁਤ ਉਤਸ਼ਾਹਿਤ ਹਨ ਅਤੇ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਖੇਡ ਵਿਭਾਗ, ਪੰਜਾਬ ਦਾ ਧੰਨਵਾਦ ਕੀਤਾ ਹੈ ।ਇਸ ਦੌਰਾਨ ਖੇਡ ਵਿਭਾਗ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਸੂਦਨ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਖੇਡਾਂ ‘ਚ ਪ੍ਰਤਿਭਾ ਨੂੰ ਪ੍ਰਫੁੱਲਤ ਕਰਨ ਅਤੇ ਖਿਡਾਰੀਆਂ ਨੂੰ ਸਹੂਲਤਾਂ ਅਤੇ ਪਲੇਟਫਾਰਮ ਪ੍ਰਦਾਨ ਕਰਨ ਲਈ ਵਚਨਬੱਧ ਹੈ।

ਮਾਹਿਲਪੁਰ ਨੂੰ ਭਾਰਤੀ ਫੁੱਟਬਾਲ ਦਾ ਮੱਕਾ ਜਾਂ ਨਰਸਰੀ ਕਿਹਾ ਜਾਂਦਾ ਹੈ, ਆਜ਼ਾਦੀ ਤੋਂ ਪਹਿਲਾਂ ਤੋਂ ਹੀ ਫੁੱਟਬਾਲ ਦੀ ਵਿਰਾਸਤ ਨੂੰ ਸੰਭਾਲਦਾ ਹੈ। ਮਾਹਿਲਪੁਰ ਨੇ ਬਹੁਤ ਸਾਰੇ ਅੰਤਰਰਾਸ਼ਟਰੀ ਖਿਡਾਰੀ ਪੈਦਾ ਕੀਤੇ ਹਨ ਅਤੇ ਹੁਸ਼ਿਆਰਪੁਰ ਜ਼ਿਲ੍ਹਾ ਨਾ ਸਿਰਫ਼ ਫੁੱਟਬਾਲ ਬਲਕਿ ਹੋਰ ਕਈ ਖੇਡਾਂ ‘ਚ ਵੀ ਪੰਜਾਬ ਦੇ ਖੇਡ ਸੱਭਿਆਚਾਰ ‘ਚ ਮੋਹਰੀ ਰਿਹਾ ਹੈ, ਜਿਸ ਨਾਲ ਇਸ ਨੂੰ ਮੈਚਾਂ ਦੀ ਮੇਜ਼ਬਾਨੀ ਲਈ ਢੁਕਵਾਂ ਸਥਾਨ ਬਣਾਇਆ ਹੈ।

ਮਾਹਿਲਪੁਰ (Mahilpur) ਦੀ ਇਸ ਸਮਰੱਥਾ ਨੂੰ ਪਛਾਣਦਿਆਂ ਪੰਜਾਬ ਸਰਕਾਰ ਇਸ ਦੇ ਇਤਿਹਾਸਕ ਖੇਡ ਵਿਰਸੇ ਨੂੰ ਮੁੜ ਸੁਰਜੀਤ ਕਰਨ ਦੇ ਉਦੇਸ਼ ਨਾਲ ਅਜਿਹੀਆਂ ਸਕੀਮਾਂ ਰਾਹੀਂ ਇਸ ਨੂੰ ਨਵਾਂ ਜੀਵਨ ਦੇਣ ਦਾ ਯਤਨ ਕਰ ਰਹੀ ਹੈ।

ਸਾਲ 2022 ਤੋਂ ਪੰਜਾਬ ਸਰਕਾਰ ਖੇਡਾਂ ਦੇ ਵਿਕਾਸ ਲਈ ਕਈ ਕਦਮ ਚੁੱਕ ਰਹੀ ਹੈ, ਜਿਨ੍ਹਾਂ ‘ਚੋਂ ਪ੍ਰਮੁੱਖ ਹੈ ‘ਖੇਡਾਂ ਵਤਨ ਪੰਜਾਬ ਦੀਆਂ’ ਪਹਿਲਕਦਮੀ ਜਿਸ ਤਹਿਤ 2022 ‘ਚ 4,45,070 ਖਿਡਾਰੀਆਂ ਨੇ ਵੱਖ-ਵੱਖ ਉਮਰ ਵਰਗਾਂ ਅਤੇ ਖੇਡਾਂ ‘ਚ ਭਾਗ ਲਿਆ ਹੈ। ਇਸ ਸਾਲ ਪਹਿਲੀ ਵਾਰ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਪੈਰਾ ਸਪੋਰਟਸ ਵੀ ਕਰਵਾਈਆਂ ਜਾ ਰਹੀਆਂ ਹਨ।

 

Exit mobile version