July 5, 2024 7:33 pm
ਜਲ ਸਪਲਾਈ

ਮੈਂ ਕਿਸੇ ਵਿਅਕਤੀ ਕੋਲੋਂ ਰਿਸ਼ਵਤ ਨਹੀਂ ਲਈ ਤਾਂ ਉੱਚ ਅਧਿਕਾਰੀ ਨੇ ਮੇਰਾ ਟੇਬਲ-ਕੁਰਸੀ ਖੋਹਿਆ: ਮੁਲਾਜ਼ਮ ਸੁਰਿੰਦਰ ਪਾਲ

ਅੰਮ੍ਰਿਤਸਰ 30 ਨਵੰਬਰ 2022: ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਬਣਨ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਪੰਜਾਬ ਵਿੱਚ ਕੋਈ ਵੀ ਸਰਕਾਰੀ ਮੁਲਾਜ਼ਮ ਰਿਸ਼ਵਤ ਨਹੀਂ ਲਵੇਗਾ | ਜੇਕਰ ਕੋਈ ਰਿਸ਼ਵਤ ਲੈਂਦਾ ਹੈ ਤਾਂ ਉਸਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਲੇਕਿਨ ਅੰਮ੍ਰਿਤਸਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ-2 ਵਿੱਚ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਐਕਸੀਅਨ ਆਰ. ਪੀ ਸਿੰਘ ਵੱਲੋਂ ਆਪਣੇ ਹੀ ਮੁਲਾਜ਼ਮ ਨੂੰ ਰਿਸ਼ਵਤ ਲੈਣ ਲਈ ਮਜ਼ਬੂਰ ਕਰਨ ਦਾ ਦੋਸ਼ ਲੱਗਾ ਹੈ |

ਇਸ ਬਾਰੇ ਗੱਲਬਾਤ ਕਰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ-2 ਦੇ ਕਰਮਚਾਰੀ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਹ ਆਪਣੀਆਂ ਸੇਵਾਵਾਂ ਜਲ ਸਪਲਾਈ ਸੈਨੀਟੇਸ਼ਨ ਮੰਡਲ-2 ਵਿੱਚ ਦੇ ਰਿਹਾ ਹੈ, ਲੇਕਿਨ ਇਸ ਵਿਭਾਗ ਦੇ ਐਕਸੀਅਨ ਆਰ. ਪੀ ਸਿੰਘ ਵੱਲੋਂ ਉਸਨੂੰ ਰਿਸ਼ਵਤ ਲੈਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ | ਜਿਸ ਕਰਕੇ ਸੁਰਿੰਦਰ ਸਿੰਘ ‘ਤੇ ਝੂਠੀਆਂ ਦਰਖਾਸਤਾਂ ਦਿੱਤੀਆਂ ਜਾ ਰਹੀਆਂ ਸੁਰਿੰਦਰ ਪਾਲ ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਹੱਦ ਤਾਂ ਉਸ ਵੇਲੇ ਹੋਵੇਗੀ ਜਦੋਂ ਉਸ ਨੇ ਰਿਸ਼ਵਤ ਲੈਣ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਅਤੇ ਉਸ ਦੇ ਐਕਸੀਅਨ ਆਰ. ਪੀ ਸਿੰਘ ਵੱਲੋਂ ਉਸ ਦੇ ਦਫ਼ਤਰ ਦਾ ਕੁਰਸੀ ਮੇਜ ਵੀ ਚੁੱਕ ਲਿਆ ਗਿਆ |

ਜਿਸ ਕਰਕੇ ਹੁਣ ਉਹ ਜ਼ਮੀਨ ‘ਤੇ ਬੈਠ ਕੇ ਆਪਣਾ ਕੰਮ ਬੜੀ ਇਮਾਨਦਾਰੀ ਦੇ ਨਾਲ ਕਰ ਰਿਹਾ ਹੈ| ਉਨ੍ਹਾਂ ਨੇ ਕਿਹਾ ਕਿ ਉਹ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅੱਗੇ ਵੀ ਬੇਨਤੀ ਕਰਦਾ ਹੈ ਕਿ ਉਸ ਦੀ ਇਸ ਜਗ੍ਹਾ ਤੋਂ ਬਦਲੀ ਕੀਤੀ ਜਾਵੇ ਨਹੀਂ ਤੇ ਮੇਰਾ ਭਵਿੱਖ ਖ਼ਰਾਬ ਹੋ ਜਾਵੇਗਾ | ਉਨ੍ਹਾਂ ਨੇ ਐਕਸੀਅਨ ਦੇ ਉੱਪਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪਹਿਲਾਂ ਵੀ ਉਹ ਪਟਿਆਲੇ ਵਿਖੇ ਨੌਕਰੀ ਕਰਦੇ ਸਨ, ਉਥੇ ਉਨ੍ਹਾਂ ਤੇ ਬਹੁਤ ਸਾਰੇ ਮਾਮਲੇ ਦਰਜ ਹਨ ਅਤੇ ਇਹ ਵਿਅਕਤੀ ਨੂੰ ਦੁਬਾਰਾ ਉਹਨਾਂ ਨੇ ਅੰਮ੍ਰਿਤਸਰ ਵਿੱਚ ਡਿਉਟੀ ‘ਤੇ ਤਾਇਨਾਤ ਕੀਤਾ ਹੈ | ਉਹ ਹੁਣ ਸਾਨੂੰ ਵੀ ਰਿਸ਼ਵਤ ਲੈਣ ਲਈ ਮਜਬੂਰ ਕਰਦੇ ਹਨ ਜੋ ਕਿ ਅਸੀਂ ਕਦੀ ਵੀ ਨਹੀਂ ਕਰਾਂਗੇ |

ਇਸ ਮਾਮਲੇ ਚ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀ ਸਰਬਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਐਕਸੀਅਨ ਆਰ. ਪੀ ਸਿੰਘ ਵੱਲੋਂ ਹੁਕਮ ਦਿੱਤੇ ਗਏ ਸਨ ਕਿ ਸੁਰਿੰਦਰ ਪਾਲ ਦੇ ਕਮਰੇ ਵਿਚੋਂ ਕੁਰਸੀ ਮੇਜ ਚੁੱਕ ਲਿਆ ਜਾਵੇ ਅਤੇ ਉਨ੍ਹਾਂ ਦੇ ਹੁਕਮ ਦਾ ਪਾਲਣ ਕਰਦੇ ਹੋਏ ਅਸੀਂ ਕੁਰਸੀ ਮੇਜ ਚੁੱਕਿਆ ਹੈ |