ਚੰਡੀਗੜ੍ਹ 13 ਜੂਨ 2022: ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਰਾਜਸਥਾਨ (Rajasthan) ਵਿੱਚ ਇੱਕ ਵਾਰ ਫਿਰ ਅੰਦੋਲਨ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਰਾਜਸਥਾਨ ‘ਚ ਮਾਲੀ, ਕੁਸ਼ਵਾਹਾ ਸ਼ਾਕਿਆ, ਮੌਰੀਆ ਸਮਾਜ ਨੇ ਵੱਖਰੇ ਤੌਰ ‘ਤੇ 12% ਰਾਖਵੇਂਕਰਨ ਦੀ ਮੰਗ ਕੀਤੀ ਹੈ। ਇਸ ਸਮਾਜ ਦੇ ਸੈਂਕੜੇ ਲੋਕਾਂ ਨੇ ਹੱਥਾਂ ਵਿੱਚ ਲਾਠੀਆਂ ਲੈ ਕੇ ਭਰਤਪੁਰ ਵਿੱਚ ਨੈਸ਼ਨਲ ਹਾਈਵੇ-21 (ਆਗਰਾ-ਜੈਪੁਰ) ਨੂੰ ਜਾਮ ਕਰ ਦਿੱਤਾ। ਪ੍ਰਾਪਤ ਜਾਣਕਰੀ ਅਨੁਸਾਰ ਹਾਈਵੇਅ 24 ਘੰਟੇ ਤੱਕ ਜਾਮ ਰਿਹਾ।
ਇਸ ਦੌਰਾਨ ਅੰਦੋਲਨ ਦੀ ਸਥਿਤੀ ਨੂੰ ਦੇਖਦਿਆਂ ਭਰਤਪੁਰ ਡਿਵੀਜ਼ਨਲ ਕਮਿਸ਼ਨਰ ਸਾਂਵਰਮਲ ਵਰਮਾ ਨੇ ਸੋਮਵਾਰ ਸਵੇਰੇ 11 ਵਜੇ ਤੋਂ ਚਾਰ ਕਸਬਿਆਂ ਵਿੱਚ 24 ਘੰਟਿਆਂ ਲਈ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ | ਇਸਦੇ ਨਾਲ ਹੀ ਸਰਕਾਰ ਨੇ ਮੰਤਰੀ ਵਿਸ਼ਵੇਂਦਰ ਸਿੰਘ ਅਤੇ ਡਿਵੀਜ਼ਨਲ ਕਮਿਸ਼ਨਰ ਨੂੰ ਅੰਦੋਲਨਕਾਰੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨ ਲਈ ਕਿਹਾ ਹੈ।
ਰਾਖਵੇਂਕਰਨ ਸੰਘਰਸ਼ ਸਮਿਤੀ ਦੇ ਸਰਪ੍ਰਸਤ ਲਕਸ਼ਮਣ ਸਿੰਘ ਕੁਸ਼ਵਾਹਾ ਨੇ ਕਿਹਾ ਕਿ ਸਮਾਜ ਦੇ ਲੋਕ ਸੰਵਿਧਾਨ ਦੇ ਤਹਿਤ ਰਾਖਵੇਂਕਰਨ ਦੀ ਮੰਗ ਕਰ ਰਹੇ ਹਨ। ਸੰਵਿਧਾਨ ਦੇ ਅਨੁਛੇਦ 16(4) ਵਿੱਚ ਇਹ ਵਿਵਸਥਾ ਦਿੱਤੀ ਗਈ ਹੈ। ਜਿਹੜੀਆਂ ਜਾਤਾਂ ਬਹੁਤ ਪਛੜੀਆਂ ਹਨ, ਉਨ੍ਹਾਂ ਨੂੰ ਸੂਬਾ ਸਰਕਾਰ ਆਪਣੇ ਪੱਧਰ ‘ਤੇ ਰਾਖਵਾਂਕਰਨ ਦੇ ਸਕਦੀ ਹੈ। ਇਸ ਦਾ ਕੇਂਦਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅੱਜ ਸਮਾਜ ਵਿੱਚ ਨਾ ਤਾਂ ਕੋਈ ਆਈਏਐਸ ਅਧਿਕਾਰੀ ਹੈ ਅਤੇ ਨਾ ਹੀ ਆਰ.ਏ.ਐਸ. ਅਧਿਕਾਰੀ ਹੈ |