ਐਸ.ਏ.ਐਸ.ਨਗਰ, 06 ਮਈ, 2024: ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ (DC Aashika Jain) ਨੇ ਮਤਦਾਨ ਮੌਕੇ ਜੂਨ ਮਹੀਨੇ ਵਿੱਚ ਮੌਸਮ ਦੀ ਗਰਮੀ ਅਤੇ ਲੂ ਦੀ ਸੰਭਾਵਨਾ ਕਾਰਨ ਆਉਣ ਵਾਲੀ ਵੱਖਰੀ ਤਰਾਂ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਚੋਣ ਪ੍ਰਕਿਰਿਆ ਦੌਰਾਨ ਗਰਮੀ ਅਤੇ ਲੂ ਨਾਲ ਜੁੜੇ ਸੰਭਾਵੀ ਖਤਰਿਆਂ ਨਾਲ ਨਜਿੱਠਣ ਲਈ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਅਸਰਦਾਰ ਕਦਮ ਚੁੱਕਣ ਲਈ ਕਿਹਾ ਹੈ।
ਬੀਤੇ ਦਿਨ ਮੋਹਾਲੀ, ਖਰੜ ਅਤੇ ਡੇਰਾਬੱਸੀ ਵਿਖੇ ਪੋਲਿੰਗ ਸਟਾਫ਼ ਦੇ ਸਿਖਲਾਈ ਸਥਾਨਾਂ ਦੇ ਦੌਰੇ ਦੌਰਾਨ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਹਾਇਕ ਰਿਟਰਨਿੰਗ ਅਫ਼ਸਰਾਂ (ਐਸ.ਡੀ.ਐਮਜ਼) ਨਾਲ ਪਹਿਲਾਂ ਹੀ ਕੀਤੀ ਜਾ ਚੁੱਕੀ ਵਿਸਤ੍ਰਿਤ ਬੈਠਕ ਅਨੁਸਾਰ ਉਨ੍ਹਾਂ ਨੂੰ ਇਸ ਸਬੰਧੀ ਜਾਣੂ ਕਰਵਾਇਆ ਗਿਆ ਹੈ ਕਿ ਮਤਦਾਨ ਵਾਲੇ ਦਿਨ ਮੌਸਮ ਦੀ ਤਪਿਸ਼ ਦੀਆਂ ਸਥਿਤੀਆਂ ਨਾਲ ਨਜਿੱਠਣ ਲਈ ਬਹੁਤ ਜ਼ਿਆਦਾ ਧਿਆਨ ਰੱਖਿਆ ਜਾਵੇ।
ਉਨ੍ਹਾਂ (DC Aashika Jain) ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ‘ਹੀਟ ਵੇਵ ਮੈਨੇਜਮੈਂਟ’ ਨੂੰ ਪੋਲਿੰਗ ਸਟਾਫ ਦੀ ਸਿਖਲਾਈ ਦੇ ਹਿੱਸੇ ਵਜੋਂ ਪਹਿਲਾਂ ਹੀ ਸਿਖਲਾਈ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਕਿਹਾ ਕਿ ਜੇਕਰ ਕੋਈ ਵੋਟਰ ਠੀਕ ਮਹਿਸੂਸ ਨਾ ਕਰੇ, ਅਜਿਹੀ ਸਥਿਤੀ ਨਾਲ ਨਜਿੱਠਣ ਲਈ ਪੋਲਿੰਗ ਸਟਾਫ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਜਾ ਰਹੇ ਹਨ।
ਪੋਲਿੰਗ ਬੂਥਾਂ ‘ਤੇ ਵਾਲੰਟੀਅਰਾਂ/ਸਿਹਤ ਕਰਮਚਾਰੀਆਂ ਦਾ ਪ੍ਰਬੰਧ ਕਰਕੇ ਢੁਕਵੇਂ ਉਪਾਵਾਂ ਜਿਵੇਂ ਕਿ ਗਿੱਲੇ ਤੌਲੀਏ, ਪੀਣ ਵਾਲੇ ਪਾਣੀ ਅਤੇ ਓਆਰਐਸ ਪਾਊਚ ਆਦਿ ਦਾ ਪ੍ਰਬੰਧ ਕਰਨ ਤੋਂ ਇਲਾਵਾ ਏ.ਆਰ.ਓਜ਼ ਨੂੰ ਵੱਧ ਤੋਂ ਵੱਧ ਪੱਖੇ/ਕੂਲਰ, ਹਾਈਡ੍ਰੇਸ਼ਨ ਸਟੇਸ਼ਨ, ਕਮਜ਼ੋਰ ਅਤੇ ਸਰੀਰਕ ਤੌਰ ‘ਤੇ ਅਸਮਰੱਥ ਵੋਟਰਾਂ ਲਈ ਉਡੀਕ ਖੇਤਰ, ਮੈਡੀਕਲ ਸਹੂਲਤਾਂ, ਲਚਕਦਾਰ ਕਤਾਰ ਪ੍ਰਬੰਧਨ ਅਤੇ ਐਮਰਜੈਂਸੀ ਪ੍ਰਤੀਕਿਰਿਆ ਯੋਜਨਾ ਆਦਿ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਗਰਮ ਮੌਸਮ ਦੇ ਮੱਦੇਨਜ਼ਰ ਵੋਟਰਾਂ ਨੂੰ ਪੋਲਿੰਗ ਬੂਥਾਂ ਤੱਕ ਲੈ ਕੇ ਆਉਣਾ ਸਾਡੇ ਲਈ ਵੱਡੀ ਚੁਣੌਤੀ ਹੋਵੇਗੀ ਪਰ ਸਾਨੂੰ ਪੋਲਿੰਗ ਬੂਥਾਂ ‘ਤੇ ਢੁਕਵੇਂ ਪ੍ਰਬੰਧਾਂ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਪਹਿਲਾਂ ਤੋਂ ਹੀ ਯੋਜਨਾ ਬਣਾਉਣੀ ਪਵੇਗੀ।