Site icon TheUnmute.com

ਹੁਸ਼ਿਆਰਪੁਰ ਅਦਾਲਤ ਨੇ ਇਰਾਦਾ-ਏ-ਕਤਲ ਦੇ ਕੇਸ ‘ਚ DCP ਨਰੇਸ਼ ਡੋਗਰਾ ਨੂੰ ਕੀਤਾ ਤਲਬ

DCP Naresh Dogra

ਚੰਡੀਗੜ੍ਹ 17 ਸਤੰਬਰ 2022: ਹੁਸ਼ਿਆਰਪੁਰ ਦੀ ਅਦਾਲਤ ਨੇ ਜਲੰਧਰ ਦੇ ਮੌਜੂਦਾ ਡੀ.ਸੀ.ਪੀ. ਨਰੇਸ਼ ਡੋਗਰਾ (DCP Naresh Dogra) ਅਤੇ ਉਨ੍ਹਾਂ ਦੇ ਕੁਝ ਸਾਥੀਆਂ ਨੂੰ ਸ਼ਹਿਰ ਦੇ ਮਸ਼ਹੂਰ ਹੋਟਲ ਰਾਇਲ ਪਲਾਜ਼ਾ ਮਾਮਲੇ ਵਿੱਚ ਆਈ.ਪੀ.ਸੀ ਦੀ ਧਾਰਾ 307 ਤਹਿਤ ਤਲਬ ਕੀਤਾ ਹੈ। ਅਦਾਲਤ ਵੱਲੋਂ ਇਰਾਦਾ-ਏ-ਕਤਲ ਦੀ ਧਾਰਾ ਤਹਿਤ ਸੰਮਨ ਜਾਰੀ ਕੀਤੇ ਜਾਣ ਤੋਂ ਬਾਅਦ ਨਰੇਸ਼ ਡੋਗਰਾ ‘ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਨਜ਼ਰ ਆ ਰਹੀ ਹੈ।

ਜਿਕਰਯੋਗ ਹੈ ਕਿ ਸਾਲ 2019 ‘ਚ ਹੁਸ਼ਿਆਰਪੁਰ ਦੇ ਹੋਟਲ ਰਾਇਲ ਪਲਾਜ਼ਾ ‘ਚ ਲੜਾਈ ਹੋਈ ਸੀ, ਜਿਸ ‘ਚ ਪੰਜਾਬ ਪੁਲਿਸ ਅਧਿਕਾਰੀ ਨਰੇਸ਼ ਡੋਗਰਾ ਦਾ ਨਾਂ ਸਾਹਮਣੇ ਆਇਆ ਸੀ। ਉਸ ਸਮੇਂ ਨਰੇਸ਼ ਡੋਗਰਾ ਪੰਜਾਬ ਪੁਲਿਸ ਦੀ ਫਿਲੌਰ ਅਕੈਡਮੀ ਵਿੱਚ ਕਮਾਂਡੈਂਟ ਵਜੋਂ ਤਾਇਨਾਤ ਸਨ।

ਹੋਟਲ ਰਾਇਲ ਪਲਾਜ਼ਾ ਦੇ ਮਾਲਕ ਵਿਸ਼ਵਨਾਥ ਬੰਟੀ ਅਨੁਸਾਰ 3 ਜਨਵਰੀ 2019 ਨੂੰ ਰਾਤ 9:15 ਵਜੇ ਉਨ੍ਹਾਂ ਨੂੰ ਹੋਟਲ ਮੈਨੇਜਰ ਦਾ ਫੋਨ ਆਇਆ। ਹੋਟਲ ਪ੍ਰਬੰਧਕ ਨੇ ਦੱਸਿਆ ਕਿ ਫਿਲੌਰ ਪੁਲਿਸ ਅਕੈਡਮੀ ਦੇ ਕਮਾਂਡੈਂਟ ਨਰੇਸ਼ ਡੋਗਰਾ (DCP Naresh Dogra) ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਹੋਟਲ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਲੜਾਈ ਦੌਰਾਨ ਡੋਗਰਾ ਦੇ ਸਾਥੀ ਹਰਨਾਮ ਸਿੰਘ ਨੇ ਉਸ ‘ਤੇ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ ਜੋ ਉਸ ਦੇ ਸਾਥੀ ਅਜੇ ਰਾਣਾ ਦੇ ਪੱਟ ‘ਤੇ ਲੱਗੀ। ਉਸ ਦੇ ਸਾਥੀ ਨਵਾਬ ਹੁਸੈਨ ਨੂੰ ਵੀ ਗੰਭੀਰ ਸੱਟਾਂ ਲੱਗੀਆਂ।

ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੁਣ ਜਲੰਧਰ ਵਿੱਚ ਤਾਇਨਾਤ ਡੀਸੀਪੀ ਨਰੇਸ਼ ਡੋਗਰਾ, ਹੋਟਲ ਰਾਇਲ ਪਲਾਜ਼ਾ ਦੇ ਪਾਰਟਨਰ ਵਿਵੇਕ ਕੌਸ਼ਲ, ਨਾਇਬ ਤਹਿਸੀਲਦਾਰ (ਸੇਵਾਮੁਕਤ) ਮਨਜੀਤ ਸਿੰਘ, ਸ਼ਿਵੀ ਡੋਗਰਾ ਅਤੇ ਹਰਨਾਮ ਸਿੰਘ ਉਰਫ਼ ਹਰਮਨ ਸਿੰਘ ਨੂੰ ਧਾਰਾ 307,  506, 341 ਆਈ.ਪੀ.ਸੀ., 447, 323, 148, 149 ਅਤੇ ਅਸਲਾ ਐਕਟ ਦੀ ਧਾਰਾ 25/27/54/59 ਤਹਿਤ 15 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।

Exit mobile version