ਚੰਡੀਗੜ੍ਹ, 19 ਸਤੰਬਰ, 2023: ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਸੂਬੇ ਦੇ ਕਈ ਹਿੱਸਿਆਂ ਵਿੱਚ ਹਲਾਤ ਕਾਫੀ ਖ਼ਰਾਬ ਹੋ ਗਏ ਸਨ | ਇਸਦੇ ਨਾਲ ਹੀ ਹੁਣ ਹੁਸ਼ਿਆਰਪੁਰ ਚਿੰਤਪੂਰਨੀ ਮਾਰਗ (Hoshiarpur Chintapurni Road) ‘ਤੇ ਗਗਰੇਟ ਨਜ਼ਦੀਕ ਸਥਿਤ ਇੱਕ ਰੈਸਟੋਰੈਂਟ ਤੋਂ ਦੋ ਕੁ ਕਿਲੋਮੀਟਰ ਦੀ ਦੂਰੀ ‘ਤੇ ਪਹਾੜੀ ਖਿਸਕਣ ਕਾਰਨ ਦਰੱਖਤ ਸੜਕ ਵਿਚਕਾਰ ਆ ਡਿੱਗਿਆ। ਇਸ ਕਾਰਨ ਹੁਸ਼ਿਆਰਪੁਰ-ਚਿੰਤਪੂਰਨੀ ਨੈਸ਼ਨਲ ਮੁੱਖ ਮਾਰਗ ਬੰਦ ਹੋ ਗਿਆ |
ਸੜਕ ਦੇ ਦੋਵਾਂ ਪਾਸਿਆਂ ‘ਤੇ ਲੰਮਾ ਜਾਮ ਲੱਗ ਗਿਆ। ਹਾਲਾਂਕਿ ਇਸ ਦੌਰਾਨ ਲੋਕਾਂ ਵੱਲੋਂ ਖੁਦ ਹੀ ਆਪਣੇ ਪੱਧਰ ‘ਤੇ ਸੜਕ ਨੂੰ ਸਾਫ ਕਰਨ ਲਈ ਯਤਨ ਕਰ ਰਹੇ ਹਨ | ਜਿਕਰਯੋਗ ਹੈ ਕਿ ਅੱਜ ਮੰਗਲਵਾਰ ਦਾ ਦਿਨ ਹੋਣ ਕਾਰਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਮਾਤਾ ਚਿੰਤਪੂਰਨੀ ਦੇ ਦਰਬਾਰ ਮੱਥਾ ਟੇਕਣ ਲਈ ਜਾਂਦੇ ਹਨ। ਸ਼ਰਧਾਲੂਆਂ ਦੀ ਵੱਡੀ ਗਿਣਤੀ ਹੋਣ ਕਾਰਨ ਸੜਕ ਦੇ ਦੋਵੇਂ ਪਾਸਿਆਂ ‘ਤੇ ਲੰਮਾ ਜਾਮ ਲੱਗ ਗਿਆ ਹੈ |