July 5, 2024 5:50 am
Patiala

ਪਟਿਆਲਾ ਵਿਖੇ ਸਕੂਲ ਦੇ ਬਾਹਰ ਸ਼ਰੇਆਮ ਗੁੰਡਾਗਰਦੀ, ਨੌਜਵਾਨ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ

ਪਟਿਆਲਾ 20 ਦਸੰਬਰ 2021 : ਪਟਿਆਲਾ ਦੇ ਸਰਕਾਰੀ ਸਕੂਲ (patiala govt school) ਦੇ ਬਾਹਰ ਗੁੰਡਾਗਰਦੀ ਦਾ ਨੰਗਾ ਨਾਚ ਉਸ ਸਮੇਂ ਵੇਖਣ ਨੂੰ ਮਿਲਿਆ, ਜਦੋਂ ਪੇਪਰ ਦੇ ਕੇ ਸਕੂਲ ਤੋਂ ਬਾਹਰ ਆ ਰਹੇ ਇਕ ਨੌਜਵਾਨ ਨੂੰ ਅਣਪਛਾਤੇ ਵਿਅਕਤੀਆਂ ਨੇ ਕੁੱਟ ਦਿੱਤਾ। ਨੌਜਵਾਨ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਅਤੇ ਉਸ ਨੂੰ ਸੱਟਾ ਮਾਰੀਆਂ, ਜਿਸ ਕਾਰਨ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਘਟਨਾ ਦੀ ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਖ਼ਮੀ ਹਰਨੂਰ ਦੀ ਕੁੱਟਮਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

ਜਾਣਕਾਰੀ ਦਿੰਦਿਆਂ ਥਾਣਾ ਸਿਵਲ ਲਾਈਨ ਦੇ ਪੁਲਸ ਅਧਿਕਾਰੀ ਨੇ ਕਿਹਾ ਕਿ ਹਰਨੂਰ ਨਾਮ ਦਾ ਇਹ ਨੌਜਵਾਨ ਸਕੂਲ ’ਚੋਂ ਹਿਸਟਰੀ ਦਾ ਪੇਪਰ ਦੇ ਕੇ ਬਾਹਰ ਆ ਰਿਹਾ ਸੀ। ਇਸ ਦੌਰਾਨ ਸਕੂਲ ਦੇ ਬਾਹਰ ਖੜ੍ਹੇ ਕੁਝ ਵਿਅਕਤੀਆਂ ਨੇ ਪੁਰਾਣੀ ਰੰਜਿਸ਼ ਦੇ ਚਲਦਿਆਂ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੌਕੇ ’ਤੇ ਪਹੁੰਚੀ ਪੁਲਸ ਨੇ ਮੁਕੱਦਮਾ ਦਰਜ ਕਰ ਦਿੱਤਾ ਅਤੇ ਇਸ ਮਾਮਲੇ ਦੀ ਪੂਰੀ ਤਫਤੀਸ਼ ਜਾਰੀ ਹੈ।

ਪੁਲਸ ਨੇ ਦੱਸਿਆ ਕਿ ਇਸ ਕੁੱਟਮਾਰ ਦੇ ਮਾਮਲੇ ਵਿੱਚ ਉਨ੍ਹਾਂ ਵੱਲੋਂ 4 ਨੌਜਵਾਨਾਂ ਸਣੇ ਕੁਝ ਅਣਪਛਾਤੇ ਵਿਅਕਤੀਆਂ ’ਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੋ ਵੀ ਇਸ ਮਾਮਲੇ ਵਿਚ ਦੋਸ਼ੀ ਪਾਇਆ ਗਿਆ, ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।
ਇਸ ਮੌਕੇ ਪੀੜਤ ਹਰਨੂਰ ਦੀ ਭੈਣ ਨੇ ਕਿਹਾ ਕਿ ਉਸ ਦਾ ਭਰਾ ਜਦੋਂ ਪੇਪਰ ਦੇ ਕੇ ਸਕੂਲ ਤੋਂ ਬਾਹਰ ਆਇਆ ਤਾਂ ਕੁਝ ਵਿਅਕਤੀਆਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਗੰਭੀਰ ਹਾਲਤ ਹੋਣ ਕਰਕੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਹੁਣ ਉਹ ਜ਼ੇਰੇ ਇਲਾਜ ਹੈ। ਪੀੜਤ ਪਰਿਵਾਰ ਨੇ ਪੁਲਸ ਤੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਸਬੰਧੀ ਇਨਸਾਫ ਦੀ ਗੁਹਾਰ ਲਗਾਈ ਹੈ।