July 2, 2024 6:28 pm
PM ਮੋਦੀ

PM ਮੋਦੀ ਦੇ ਫਿਰੋਜ਼ਪੁਰ ਰੈਲੀ : ਸੁਰੱਖਿਆ ’ਚ ਅਣਗਹਿਲੀ ਦਾ ਜਵਾਬ ਗ੍ਰਹਿ ਮੰਤਰਾਲਾ ਨੇ ਮੌਜੂਦਾ ਸਰਕਾਰ ਤੋਂ ਮੰਗਿਆ

ਚੰਡੀਗੜ੍ਹ, 5 ਜਨਵਰੀ 2022 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਬੁੱਧਵਾਰ ਨੂੰ ਫਿਰੋਜ਼ਪੁਰ ’ਚ ਰੈਲੀ ਨੂੰ ਸੰਬੋਧਨ ਕਰਨ ਵਾਲੇ ਸਨ ਪਰ ਉਨ੍ਹਾਂ ਦਾ ਇਹ ਦੌਰਾ ਰੱਦ ਹੋ ਗਿਆ।

ਗ੍ਰਹਿ ਮੰਤਰਾਲਾ ਨੇ ਇਸ ਦੇ ਪਿੱਛੇ ਸੁਰੱਖਿਆ ’ਚ ਵੱਡੀ ਖਾਮੀ ਦੱਸੀ ਹੈ। ਮੰਤਰਾਲਾ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ  ਪ੍ਰਧਾਨ ਮੰਤਰੀ ਨੇ ਮੌਸਮ ਦੇ ਸਾਫ਼ ਹੋਣ ਲਈ ਲਗਭਗ 20 ਮਿੰਟ ਉਡੀਕ ਕੀਤੀ।

ਜਦੋਂ ਮੌਸਮ ਵਿੱਚ ਸੁਧਾਰ ਨਹੀਂ ਹੋਇਆ, ਤਾਂ ਇਹ ਫੈਸਲਾ ਕੀਤਾ ਗਿਆ ਕਿ ਉਹ ਸੜਕ ਰਾਹੀਂ ਨੈਸ਼ਨਲ ਮੈਰੀਟਰਸ ਮੈਮੋਰੀਅਲ ਦਾ ਦੌਰਾ ਕਰਨਗੇ, ਜਿਸ ਵਿੱਚ 2 ਘੰਟੇ ਤੋਂ ਵੱਧ ਸਮਾਂ ਲੱਗੇਗਾ।

ਉਹ ਡੀ.ਜੀ.ਪੀ.ਪੰਜਾਬ ਪੁਲਿਸ ਵੱਲੋਂ ਲੋੜੀਂਦੇ ਸੁਰੱਖਿਆ ਪ੍ਰਬੰਧਾਂ ਦੀ ਪੁਸ਼ਟੀ ਕਰਨ ਤੋਂ ਬਾਅਦ ਸੜਕ ਰਾਹੀਂ ਯਾਤਰਾ ਲਈ ਰਵਾਨਾ ਹੋਏ।

ਹੁਸੈਨੀਵਾਲਾ ਵਿੱਚ ਰਾਸ਼ਟਰੀ ਸ਼ਹੀਦ ਸਮਾਰਕ ਤੋਂ ਲਗਭਗ 30 ਕਿਲੋਮੀਟਰ ਦੂਰ, ਜਦੋਂ ਪ੍ਰਧਾਨ ਮੰਤਰੀ ਦਾ ਕਾਫਲਾ ਇੱਕ ਫਲਾਈਓਵਰ ‘ਤੇ ਪਹੁੰਚਿਆ, ਤਾਂ ਪਤਾ ਲੱਗਿਆ ਕਿ ਕੁਝ ਪ੍ਰਦਰਸ਼ਨਕਾਰੀਆਂ ਨੇ ਸੜਕ ਨੂੰ ਜਾਮ ਕਰ ਦਿੱਤਾ ਸੀ।

ਪ੍ਰਧਾਨ ਮੰਤਰੀ 15-20 ਮਿੰਟ ਤੱਕ ਫਲਾਈਓਵਰ ‘ਤੇ ਫਸੇ ਰਹੇ। ਇਹ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਇੱਕ ਵੱਡੀ ਕਮੀ ਸੀ।

ਪ੍ਰਧਾਨ ਮੰਤਰੀ ਦੀ ਸਮਾਂ-ਸਾਰਣੀ ਅਤੇ ਯਾਤਰਾ ਦੀ ਯੋਜਨਾ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਦੱਸ ਦਿੱਤੀ ਗਈ ਸੀ। ਵਿਧੀ ਅਨੁਸਾਰ, ਉਨ੍ਹਾਂ ਨੂੰ ਲੌਜਿਸਟਿਕਸ, ਸੁਰੱਖਿਆ ਲਈ ਜ਼ਰੂਰੀ ਪ੍ਰਬੰਧ ਕਰਨ ਦੇ ਨਾਲ-ਨਾਲ ਇੱਕ ਸੰਕਟਕਾਲੀਨ ਯੋਜਨਾ ਤਿਆਰ ਰੱਖਣੀ ਪੈਂਦੀ ਹੈ।

ਇਸ ਤੋਂ ਇਲਾਵਾ ਹੰਗਾਮੀ ਯੋਜਨਾ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੂੰ ਸੜਕ ਰਾਹੀਂ ਕਿਸੇ ਵੀ ਆਵਾਜਾਈ ਨੂੰ ਸੁਰੱਖਿਅਤ ਕਰਨ ਲਈ ਵਾਧੂ ਸੁਰੱਖਿਆ ਤਾਇਨਾਤ ਕਰਨੀ ਪਵੇਗੀ, ਜੋ ਸਪੱਸ਼ਟ ਤੌਰ ‘ਤੇ ਤਾਇਨਾਤ ਨਹੀਂ ਸਨ।

ਇਸ ਸੁਰੱਖਿਆ ਕੁਤਾਹੀ ਤੋਂ ਬਾਅਦ ਵਾਪਸ ਬਠਿੰਡਾ ਹਵਾਈ ਅੱਡੇ ਵੱਲ ਜਾਣ ਦਾ ਫੈਸਲਾ ਕੀਤਾ ਗਿਆ। ਗ੍ਰਹਿ ਮੰਤਰਾਲੇ ਨੇ ਸੁਰੱਖਿਆ ਦੀ ਇਸ ਗੰਭੀਰ ਕਮੀ ਦਾ ਨੋਟਿਸ ਲੈਂਦਿਆਂ ਰਾਜ ਸਰਕਾਰ ਤੋਂ ਵਿਸਤ੍ਰਿਤ ਰਿਪੋਰਟ ਮੰਗੀ ਹੈ। ਰਾਜ ਸਰਕਾਰ ਨੂੰ ਵੀ ਇਸ ਕੁਤਾਹੀ ਦੀ ਜ਼ਿੰਮੇਵਾਰੀ ਤੈਅ ਕਰਕੇ ਸਖ਼ਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ।