Site icon TheUnmute.com

‘ਹੌਗ ਡੀਅਰ’ ਨੂੰ ਕਥਲੌਰ-ਕੌਸ਼ਲਿਆ ਵਾਈਲਡਲਾਈਫ ਸੈਂਚੁਰੀ ਦੀ ਪ੍ਰਤੀਕਚਿੰਨ ਪ੍ਰਜਾਤੀ ਐਲਾਨਿਆ ਜਾਵੇਗਾ: ਲਾਲ ਚੰਦ ਕਟਾਰੂਚੱਕ

HOG DEER

ਚੰਡੀਗੜ੍ਹ, 14 ਫਰਵਰੀ 2024: ਸੂਬੇ ਭਰ ਵਿੱਚ ਜੰਗਲੀ ਜੀਵਾਂ ਦੀ ਸਾਂਭ ਸੰਭਾਲ ਲਈ ਕੀਤੇ ਜਾ ਰਹੇ ਯਤਨਾਂ ਨੂੰ ਮੁੱਖ ਰੱਖਦਿਆਂ ਪੰਜਾਬ ਰਾਜ ਜੰਗਲੀ ਜੀਵ ਬੋਰਡ ਨੇ ਅੱਜ ਹੌਗ ਡੀਅਰ (HOG DEER) (ਐਕਸਿਸ ਪੋਰਸੀਨਸ) ਨੂੰ ਕਥਲੌਰ-ਕੌਸ਼ੱਲਿਆ ਵਾਈਲਡ ਲਾਈਫ ਸੈਂਚੁਰੀ ਦੀ ਮਾਸਕੌਟ ਸਪੀਸੀਜ਼ (ਪ੍ਰਤੀਕਚਿੰਨ ਪ੍ਰਜਾਤੀ) ਐਲਾਨ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਉਪਰੋਕਤ ਫੈਸਲਾ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਪ੍ਰਧਾਨਗੀ ਹੇਠ ਸੈਕਟਰ-68 ਸਥਿਤ ਜੰਗਲਾਤ ਕੰਪਲੈਕਸ ਵਿਖੇ ਹੋਈ ਬੋਰਡ ਦੀ ਸਥਾਈ ਕਮੇਟੀ ਦੀ ਬੈਠਕ ਦੌਰਾਨ ਲਿਆ ਗਿਆ ਕਿਉਂਕਿ ਹੌਗ ਡੀਅਰ (HOG DEER) ਅਸਲ ਵਿੱਚ ਕਥਲੌਰ-ਕੌਸ਼ਲਿਆ ਵਾਈਲਡਲਾਈਫ ਸੈਂਚੁਰੀ ਦੇ ਕੁਦਰਤੀ ਨਿਵਾਸ ਸਥਾਨਾਂ ਦੀ ਨੁਮਾਇੰਦਗੀ ਕਰਦਾ ਹੈ ਕਿਉਂਕਿ ਇਹ ਜੀਵ ਇੱਥੇ ਵੱਡੀ ਗਿਣਤੀ ਵਿੱਚ ਪਾਏ ਜਾਂਦੇ ਹਨ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਕਿਹਾ ਕਿ ਹੌਗ ਡੀਅਰ ਨੂੰ ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ਼ ਨੇਚਰ (ਆਈ.ਯੂ.ਸੀ.ਐਨ.) ਵੱਲੋਂ ਲੁਪਤ ਹੋ ਰਹੀ ਪ੍ਰਜਾਤੀ ਦੀ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਹੈ ਅਤੇ ਇਸ ਨੂੰ ਜੰਗਲੀ ਜੀਵ (ਸੁਰੱਖਿਆ) ਸੋਧ ਐਕਟ, 2022 ਦੇ ਸ਼ਡਿਊਲ-1 ਵਿੱਚ ਦਰਸਾਇਆ ਗਿਆ ਹੈ।

ਹੋਰ ਮੁੱਦਿਆਂ ਦੇ ਨਾਲ-ਨਾਲ ਕਮੇਟੀ ਵੱਲੋਂ ਅਰਨੌਲੀ ਡਿਸਟ੍ਰੀਬਿਊਟਰੀ ਦੇ ਆਰ.ਡੀ. 71000 ‘ਤੇ ਐਕਵਾ ਡਕਟ ਬਣਾਉਣ ਦਾ ਪ੍ਰਸਤਾਵ ਨੈਸ਼ਨਲ ਬੋਰਡ ਫਾਰ ਵਾਈਲਡ ਲਾਈਫ ਦੀ ਸਥਾਈ ਕਮੇਟੀ ਨੂੰ ਭੇਜਣ ਦੀ ਵੀ ਪ੍ਰਵਾਨਗੀ ਦਿੱਤੀ ਗਈ ਹੈ। ਇਹ ਪ੍ਰਾਜੈਕਟ ਪਟਿਆਲਾ ਦੇ ਬੀੜ ਭੁਨਰਹੇੜੀ ਜੰਗਲੀਜੀਵ ਰੱਖ ਅਤੇ ਇਸ ਦੇ ਨਾਲ ਲੱਗਦੀ ਈਕੋ-ਸੈਂਸਟਿਵ ਜ਼ੋਨ ਵਿੱਚ ਲਾਗੂ ਕੀਤਾ ਜਾਵੇਗਾ। ਇਹ ਮੌਨਸੂਨ ਦੌਰਾਨ ਰੱਖ ਦੇ ਨਾਲ ਲੱਗਦੇ ਪਿੰਡਾਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਸਹਾਈ ਹੋਵੇਗਾ।

ਇਸ ਤੋਂ ਇਲਾਵਾ ਕਮੇਟੀ ਨੇ ਜੰਗਲੀ ਸੂਰਾਂ ਅਤੇ ਰੋਝ ਦੇ ਸੀਮਤ ਸ਼ਿਕਾਰ ਲਈ ਨੀਤੀ ਨੂੰ ਸਰਲ ਬਣਾਉਣ ਲਈ ਵੀ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਜੋ ਇਨ੍ਹਾਂ ਸੂਰਾਂ ਕਾਰਨ ਫਸਲਾਂ ਨੂੰ ਤਬਾਹ ਹੋਣ ਤੋਂ ਬਚਾਇਆ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੱਤ ਕਮਿਸ਼ਨਰ (ਜੰਗਲਾਤ) ਵਿਕਾਸ ਗਰਗ, ਪੀ.ਸੀ.ਸੀ.ਐਫ. ਆਰ.ਕੇ. ਮਿਸ਼ਰਾ ਅਤੇ ਚੀਫ ਵਾਈਲਡ ਲਾਈਫ ਵਾਰਡਨ ਧਰਮਿੰਦਰ ਸ਼ਰਮਾ ਸ਼ਾਮਲ ਸਨ।

Exit mobile version