TheUnmute.com

ਬਾਰੀ ਦੁਆਬ (ਮਾਝੇ) ਦਾ ਅਹਿਮ ਨਗਰ ਕਾਦੀਆਂ ਸ਼ਹਿਰ ਦਾ ਇਤਿਹਾਸ

ਲਿਖਾਰੀ
ਇੰਦਰਜੀਤ ਸਿੰਘ ਬਾਜਵਾ,
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,
ਗੁਰਦਾਸਪੁਰ।

ਇਸਲਾਮਪੁਰ ਕਾਜ਼ੀ ਤੋਂ ਕਾਦੀਆਂ ਤੱਕ

ਕਾਦੀਆਂ ਸ਼ਹਿਰ ਬਾਰੀ ਦੁਆਬ (ਮਾਝੇ) ਦਾ ਅਹਿਮ ਨਗਰ ਹੈ। ਜਮਾਤ ਅਹਿਮਦੀਆ ਦਾ ਆਲਮੀ ਸਦਰ ਮੁਕਾਮ ਹੋਣ ਕਾਰਨ ਇਸਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਇਸ ਸਮੇਂ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ ਦੀ ਇੱਕ ਸਬ-ਤਹਿਸੀਲ ਹੈ ਅਤੇ ਇਸ ਸ਼ਹਿਰ ਵਿੱਚ ਕਈ ਤਵਾਰੀਖ਼ੀ ਇਮਾਰਤਾਂ ਅੱਜ ਵੀ ਮੌਜੂਦ ਹਨ। ਆਓ ਇਸ ਲੇਖ ਜ਼ਰੀਏ ਕਾਦੀਆਂ ਸ਼ਹਿਰ ਦੀ ਬੁਨਿਆਦ ਬਾਰੇ ਅਤੇ ਇਸਦੇ ਇਤਿਹਾਸ ਨੂੰ ਜਾਨਣ ਦਾ ਯਤਨ ਕਰਦੇ ਹਾਂ।

ਸੰਨ 1530 ਈਸਵੀ ਮੁਗਲ ਹੁਕਮਰਾਨ ਬਾਬਰ ਦੀ ਹਕੂਮਤ ਦਾ ਆਖਰੀ ਸਾਲ ਸੀ। ਉਜ਼ਬੇਕਿਸਤਾਨ ਦੇ ਸ਼ਹਿਰ ਸਮਰਕੰਦ ਦੇ ਇੱਕ ਮੁਗਲ ਹਾਦੀ ਬੇਗ ਪੰਜਾਬ ਦੇ ਬਾਰੀ ਦੁਆਬ ਖਿੱਤੇ ਵਿੱਚ ਆ ਕੇ ਵੱਸ ਗਏ। ਹਾਦੀ ਬੇਗ ਆਪਣੇ ਸਮੇਂ ਦੇ ਵੱਡੇ ਸਕਾਲਰ ਸਨ ਅਤੇ ਉਨ੍ਹਾਂ ਦੀ ਲਿਆਕਤ ਨੂੰ ਦੇਖਦੇ ਹੋਏ ਮੁਗਲ ਹਕੂਮਤ ਨੇ ਉਨ੍ਹਾਂ ਨੂੰ ਬਾਰੀ ਦੁਆਬ ਦੇ ਰਿਆੜਕੀ ਇਲਾਕੇ ਦੇ ਕਰੀਬ 70 ਪਿੰਡਾਂ ਦੀ ਜਗੀਰ ਦੇ ਕੇ ਕਾਜ਼ੀ (ਮੈਜਿਸਟਰੇਟ) ਦੇ ਅਹੁਦੇ ’ਤੇ ਤਾਇਨਾਤ ਕਰ ਦਿੱਤਾ। ਹਾਦੀ ਬੇਗ ਬਾਰੀ ਦੁਆਬ ਦੇ ਰਿਆੜਕੀ ਇਲਾਕੇ ਦੇ ਪਹਿਲੇ ਕਾਜ਼ੀ ਸਨ।

ਹਾਦੀ ਬੇਗ ਨੇ ਬਟਾਲਾ ਤੋਂ ਚੜ੍ਹਦੇ ਪਾਸੇ ਕਰੀਬ 25 ਕਿਲੋਮੀਟਰ ਦੂਰ ਆਪਣੀ ਜਗੀਰ ਵਿੱਚ ਇੱਕ ਨਗਰ ਦੀ ਬੁਨਿਆਦ ਰੱਖੀ ਅਤੇ ਉਸਦਾ ਨਾਲ ‘ਇਸਲਾਮਪੁਰ ਕਾਜ਼ੀ’ ਰੱਖ ਦਿੱਤਾ। ਪੰਜਾਬੀਆਂ ਵੱਲੋਂ ਆਪਣੇ ਸੁਭਾਅ ਕਾਰਨ ਫ਼ਾਰਸੀ ਦੇ ਅੱਖਰ ‘ਜ਼’ ਨੂੰ ‘ਦ’ ਕਿਹਾ ਜਾਂਦਾ ਹੈ ਜਿਸ ਕਾਰਨ ਸਥਾਨਕ ਲੋਕਾਂ ਨੇ ਕਾਜ਼ੀ ਨੂੰ ਕਾਦੀ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਇਸਲਾਮਪੁਰ ਕਾਜ਼ੀ ਹੌਲੀ-ਹੌਲੀ ਇਸਲਾਮਪੁਰ ਕਾਦੀ ਬਣ ਗਿਆ। ਉਸ ਤੋਂ ਬਾਅਦ ਲੋਕਾਂ ਨੇ ਇਸ ਨਗਰ ਦੇ ਨਾਮ ਨਾਲੋਂ ਇਸਲਾਮਪੁਰ ਵੀ ਹਟਾ ਦਿੱਤਾ ਅਤੇ ਕੇਵਲ ਕਾਦੀ ਕਹਿਣ ਲੱਗੇ ਜੋ ਬਾਅਦ ਵਿੱਚ ਕਾਦੀਆਂ ਬਣ ਗਿਆ। ਅੱਜ ਵੀ ਇਹ ਨਗਰ ਕਾਦੀਆਂ ਦੇ ਨਾਮ ਨਾਲ ਪ੍ਰਚਲਿਤ ਹੈ।

ਸਮਾਰਕ ਦੀ ਫ਼ੋਟੋ ਹੋ ਸਕਦੀ ਹੈ

ਹਾਦੀ ਬੇਗ ਦੀਆਂ ਅਗਲੀਆਂ ਪੀੜ੍ਹੀਆਂ ਨੇ ਵੀ ਕਾਦੀਆਂ ਵਿਖੇ ਵਸੇਬਾ ਰੱਖਿਆ ਅਤੇ ਮੁਗਲ ਹਕੂਮਤ ਦੌਰਾਨ ਇਸ ਪਰਿਵਾਰ ਦੇ ਬਸ਼ਿੰਦੇ ਹਕੂਮਤ ਵਿੱਚ ਉੱਚ ਅਹੁਦਿਆਂ ’ਤੇ ਰਹੇ। ਸਿੱਖ ਮਿਸਲਾਂ ਦਾ ਦੌਰ ਆਉਂਦਿਆਂ ਹੀ ਕਾਦੀਆਂ ਦੇ ਆਲੇ-ਦੁਆਲੇ ਦੇ ਸਾਰੇ ਇਲਾਕੇ ਵਿੱਚ ਰਾਮਗੜ੍ਹੀਆ ਮਿਸਲ ਅਤੇ ਕਨ੍ਹਈਆ ਮਿਸਲ ਦਾ ਕਬਜ਼ਾ ਹੋ ਗਿਆ ਤਾਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਅਗਵਾਈ ਹੇਠ ਸਰਦਾਰਾਂ ਨੇ ਹਾਦੀ ਬੇਗ ਦੇ ਪਰਿਵਾਰ ਦੇ ਅਗਲੇ ਵਾਰਸਾਂ ਗੁਲ ਮੁਹੰਮਦ ਅਤੇ ਉਸਦੇ ਪੁੱਤਰ ਅਤਾ ਮੁਹੰਮਦ ਨੂੰ ਹਰਾ ਕੇ ਕਾਦੀਆਂ ਤੋਂ ਬਾਹਰ ਕੱਢ ਦਿੱਤਾ। ਅਖੀਰ ਅਤਾ ਮੁਹੰਮਦ ਨੂੰ ਦਰਿਆ ਬਿਆਸ ਤੋਂ ਪਾਰ ਬੇਗੋਵਾਲ ਵਿਖੇ ਸਰਦਾਰ ਫ਼ਤਹਿ ਸਿੰਘ ਆਹਲੂਵਾਲੀਆ ਦੀ ਸ਼ਰਨ ਵਿੱਚ ਜਾਣਾ ਪਿਆ ਸੀ।

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਕਾਦੀਆਂ ਸਮੇਤ ਇਸਦੇ ਸਾਰੇ ਇਲਾਕੇ ਉੱਪਰ ਆਪਣਾ ਕਬਜ਼ਾ ਕਰ ਲਿਆ ਅਤੇ ਨੇੜਲੇ ਪਿੰਡ ਬਸਰਾਵਾਂ ਵਿਖੇ ਇੱਕ ਕਿਲ੍ਹਾ ਬਣਾ ਕੇ ਓਥੇ ਆਪਣਾ ਪੱਕਾ ਥਾਣਾ ਬਿਠਾ ਦਿੱਤਾ। ਕਰੀਬ 12 ਸਾਲ ਅਤਾ ਮੁਹੰਮਦ ਕਾਦੀਆਂ ਤੋਂ ਬੇਦਖ਼ਲ ਰਹੇ। ਆਖਰ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਰਾਮਗੜ੍ਹੀਆ ਮਿਸਲ ਦੇ ਇਲਾਕੇ ਲਾਹੌਰ ਦਰਬਾਰ ਦੇ ਅਧੀਨ ਲਏ ਤਾਂ ਉਨ੍ਹਾਂ ਨੇ ਅਤਾ ਮੁਹੰਮਦ ਨੂੰ ਕਾਦੀਆਂ ਵਾਪਸ ਪਰਤਣ ਦਾ ਸੱਦਾ ਦਿੱਤਾ ਅਤੇ ਉਸ ਨੂੰ ਉਸਦੀ ਪੁਰਾਣੀ ਜਗੀਰ ਦੇ ਇਲਾਕੇ ਬਹਾਲ ਕਰ ਦਿੱਤੇ। ਉਸ ਤੋਂ ਬਾਅਦ ਅਤਾ ਮੁਹੰਮਦ ਤੇ ਉਸਦਾ ਭਰਾ ਸਰਕਾਰ-ਏ-ਖ਼ਾਲਸਾ ਦੀ ਫ਼ੌਜ ਵਿੱਚ ਸ਼ਾਮਲ ਹੋ ਗਏ ਅਤੇ ਕਸ਼ਮੀਰ ਫਰੰਟੀਅਰ ਅਤੇ ਹੋਰ ਖੇਤਰਾਂ ਵਿੱਚ ਸੇਵਾਵਾਂ ਦਿੱਤੀਆਂ।

ਕੰਵਰ ਨੌਨਿਹਾਲ ਅਤੇ ਮਹਾਰਾਜਾ ਸ਼ੇਰ ਸਿੰਘ ਦੇ ਰਾਜ ਵਿੱਚ ਵੀ ਕਾਦੀਆਂ ਦੇ ਗੁਲਾਮ ਮੁਰਤਜ਼ਾ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਸੰਨ 1841 ਵਿੱਚ ਉਸਨੂੰ ਜਨਰਲ ਵੈਂਤੂਰਾ ਦੇ ਨਾਲ ਪਹਿਲਾਂ ਮੰਡੀ ਤੇ ਕੁੱਲੂ ਤਾਇਨਾਤ ਕੀਤਾ ਗਿਆ ਅਤੇ ਉਸ ਤੋਂ ਬਾਅਦ 1843 ਵਿੱਚ ਇੰਨਫੈਂਟਰੀ ਰੈਜਮੈਂਟ ਵਿੱਚ ਪੇਸ਼ਾਵਰ ਭੇਜ ਦਿੱਤਾ ਗਿਆ। ਲਾਹੌਰ ਦਰਬਾਰ ਵਿੱਚ ਇਨ੍ਹਾਂ ਵੱਲੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ ਗਈਆਂ।

ਜਦੋਂ ਅੰਗਰੇਜ਼ਾਂ ਨੇ ਪੰਜਾਬ ਉਪਰ ਕਬਜ਼ਾ ਕਰ ਲਿਆ ਤਾਂ ਉਨ੍ਹਾਂ ਨੇ ਗੁਲਾਮ ਮੁਰਤਜ਼ਾ ਅਤੇ ਉਸਦੇ ਭਰਾ ਦੀ ਜਗੀਰ ਬਹਾਲ ਕਰ ਦਿੱਤੀ ਅਤੇ ਉਨ੍ਹਾਂ ਦੇ ਕਾਦੀਆਂ ਅਤੇ ਨਾਲ ਲੱਗਦੇ ਇਲਾਕੇ ਉੱਪਰ ਹੱਕ ਬਰਕਰਾਰ ਰੱਖੇ। ਸੰਨ 1857 ਦੇ ਵਿਦਰੋਹ ਵਿੱਚ ਕਾਦੀਆਂ ਦੇ ਗੁਲਾਮ ਮੁਰਤਜ਼ਾ ਅਤੇ ਉਸਦੇ ਪੁੱਤਰ ਗੁਲਾਮ ਕਾਦਿਰ ਨੇ ਬ੍ਰਿਟਸ਼ ਜਨਰਲ ਨਿਕੋਲਸਨ ਦੀ ਪੂਰੀ ਮਦਦ ਕੀਤੀ। ਵਿਦਰੋਹ ਨੂੰ ਦਬਾਉਣ ਤੋਂ ਬਾਅਦ ਜਨਰਲ ਨਿਕੋਲਸਨ ਨੇ ਬ੍ਰਿਟਸ਼ ਹਕੂਮਤ ਵੱਲੋਂ ਪ੍ਰਸੰਸਾ ਪੱਤਰ ਦਿੰਦਿਆਂ ਕਿਹਾ ਕਿ ਕਾਦੀਆਂ ਬ੍ਰਿਟਸ਼ ਹਕੂਮਤ ਨਾਲ ਸਭ ਤੋਂ ਵੱਧ ਵਫ਼ਾਦਰੀ ਨਿਭਾਈ ਹੈ।

ਗੁਲਾਮ ਮੁਰਤਜ਼ਾ ਜੋ ਇੱਕ ਚੰਗੇ ਹਕੀਮ ਵੀ ਸਨ, ਉਨ੍ਹਾਂ ਦੀ ਸੰਨ 1876 ਵਿੱਚ ਹੋਈ ਮੌਤ ਉਪਰੰਤ ਉਨ੍ਹਾਂ ਦੇ ਪੱਤੁਰ ਗੁਲਾਮ ਕਾਦਿਰ ਨੇ ਕਾਰਜਭਾਰ ਸੰਭਾਲਿਆ। ਉਸਨੇ ਕੁਝ ਸਮਾਂ ਜ਼ਿਲ੍ਹਾ ਦਫ਼ਤਰ ਗੁਰਦਾਸਪੁਰ ਵਿਖੇ ਸੁਪਰਡੈਂਟ ਵਜੋਂ ਵੀ ਸੇਵਾਵਾਂ ਨਿਭਾਈਆਂ। ਉਸਦੇ ਪੁੱਤਰ ਦੀ ਭਰ ਜਵਾਨੀ ਵਿੱਚ ਮੌਤ ਹੋ ਗਈ ਅਤੇ ਉਸਨੇ ਆਪਣੇ ਭਤੀਜੇ ਸੁਲਤਾਨ ਅਹਿਮਦ ਨੂੰ ਗੋਦ ਲੈ ਲਿਆ। ਅਖੀਰ ਸੰਨ 1883 ਵਿੱਚ ਗੁਲਾਮ ਕਾਦਿਰ ਦੀ ਵੀ ਮੌਤ ਹੋ ਗਈ। ਮਿਰਜ਼ਾ ਸੁਲਤਾਨ ਅਹਿਮਦ ਨੇ ਅੰਗਰੇਜ਼ ਹਕੂਮਤ ਦੌਰਾਨ ਨਾਇਬ ਤਹਿਸੀਲਦਾਰ ਅਤੇ ਐਕਸਟਰਾ ਐਸਿਸਟੈਂਟ ਕਮਿਸ਼ਨਰ ਵਜੋਂ ਵੀ ਸੇਵਾਵਾਂ ਨਿਭਾਈਆਂ।

ਏਥੇ ਕਾਦੀਆਂ ਦੇ ਖ਼ਾਨਦਾਨ ਵਿੱਚ ਗੁਲਾਮ ਮੁਰਤਜ਼ਾ ਦੇ ਛੋਟੇ ਪੁੱਤਰ ਮਿਰਜ਼ਾ ਗੁਲਾਮ ਅਹਿਮਦ ਦਾ ਵੀ ਜ਼ਿਕਰ ਕਰਨਾ ਬਣਦਾ ਹੈ। ਸੰਨ 1835 ਵਿੱਚ ਜਨਮੇ ਮਿਰਜ਼ਾ ਗੁਲਾਮ ਅਹਿਮਦ ਨੇ ਬਹੁਤ ਵਧੀਆ ਤਾਲੀਮ ਹਾਸਲ ਕੀਤੀ। ਉਸਦਾ ਝੁਕਾਅ ਧਾਰਮਿਕ ਰੁਚੀਆਂ ਵੱਲ ਸੀ। ਸੰਨ 23 ਮਾਰਚ 1889 ਵਿੱਚ ਮਿਰਜ਼ਾ ਗੁਲਾਮ ਅਹਿਮਦ ਨੇ ਕਾਦੀਆਂ ਵਿਖੇ ਅਹਿਮਦੀਆ ਜਮਾਤ ਦੀ ਬੁਨਿਆਦ ਰੱਖੀ ਅਤੇ ਆਪਣੇ ਆਪ ਨੂੰ ਖ਼ਲੀਫ਼ਾ ਘੋਸ਼ਿਤ ਕਰ ਦਿੱਤਾ। ਅਹਿਮਦੀਆ ਦੀ ਸ਼ੁਰੂਆਤ ਕਾਦੀਆਂ ਤੋਂ ਹੋਣ ਕਾਰਨ ਇਸ ਫ਼ਿਰਕੇ ਨੂੰ ‘ਕਾਦੀਆਨੀ’ ਵੀ ਕਿਹਾ ਜਾਣ ਲੱਗਾ। ਬਹੁਤ ਜਲਦੀ ਪੰਜਾਬ ਦੇ ਨਾਲ ਪੂਰੇ ਦੇਸ਼ ਵਿਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਅਹਿਮਦੀਆ ਭਾਈਚਾਰੇ ਦੇ ਪੈਰੋਕਾਰ ਬਣ ਗਏ। ਸੰਨ 1908 ਵਿੱਚ ਮਿਰਜ਼ਾ ਗੁਲਾਮ ਅਹਿਮਦ ਪਰਲੋਕ ਸਿਧਾਰ ਗਏ। ਉਸ ਤੋਂ ਬਾਅਦ ਉਨ੍ਹਾਂ ਦੇ ਅਗਲੇ ਉਤਰਾ-ਅਧਿਕਾਰੀ ਮੌਲਵੀ ਨੂਰ-ਉਦ-ਦੀਨ ਬਣੇ ਜੋ ਮਹਾਰਾਜਾ ਕਸ਼ਮੀਰ ਕੋਲ ਸ਼ਾਹੀ ਤਬੀਬ (ਹਕੀਮ) ਵਜੋਂ ਸੇਵਾਵਾਂ ਨਿਭਾਉਂਦੇ ਸਨ।

6 ਸਾਲ ਖ਼ਿਲਾਫ਼ਤ ਦੇ ਅਹੁਦੇ ਉੱਪਰ ਬਿਰਾਜ਼ਮਾਨ ਰਹਿਣ ਮਗਰੋਂ ਮੌਲਵੀ ਨੂਰ-ਉਦ-ਦੀਨ ਵੀ ਰੱਬ ਨੂੰ ਪਿਆਰੇ ਹੋ ਗਏ। ਉਨ੍ਹਾਂ ਤੋਂ ਬਾਅਦ ਹਾਜ਼ੀ ਮਿਰਜ਼ਾ ਬਸ਼ੀਰੁੱਦੀਨ ਮਹਮੂਦ ਅਹਮਦ ਨੂੰ ਅਗਲਾ ਖ਼ਲੀਫ਼ਾ ਬਜ਼ਾਇਆ ਗਿਆ ਜੋ ਸਾਲ 1914 ਤੋਂ 1965 ਤੱਕ 51 ਸਾਲ ਖ਼ਿਲਾਫ਼ਤ ਦੇ ਅਹੁਦੇ ਉੱਪਰ ਬਿਰਾਜ਼ਮਾਨ ਰਹੇ। ਖ਼ਲੀਫ਼ਾ ਦੇ ਪਰਲੋਕ ਸਿਧਾਰਨ ਤੋਂ ਬਾਅਦ ਨਵੰਬਰ 1965 ਵਿੱਚ ਬਾਨੀ ਅਹਿਮਦੀਆ ਜਮਾਤ ਦੇ ਪੋਤੇ ਮਿਰਜ਼ਾ ਨਾਸਿਰ ਅਹਮਦ ਜਾਮਤ ਦੇ ਤੀਜ਼ੇ ਖ਼ਲੀਫ਼ਾ ਬਣੇ ਜੋ 17 ਸਾਲ ਜਮਾਤ ਦੀ ਅਗਵਾਈ ਕਰਦੇ ਰਹੇ।

ਸੰਨ 1982 ਵਿੱਚ ਮਿਰਜ਼ਾ ਨਾਸਿਰ ਅਹਮਦ ਦੇ ਚਲਾਣੇ ਤੋਂ ਬਾਅਦ ਬਾਨੀ ਅਹਿਮਦੀਆ ਜਮਾਤ ਦੇ ਇੱਕ ਹੋਰ ਪੋਤੇ ਮਿਰਜ਼ਾ ਤਾਹਿਰ ਅਹਮਦ ਚੌਥੇ ਖ਼ਲੀਫ਼ਾ ਬਣੇ। ਇਨ੍ਹਾਂ ਦੀ ਖ਼ਿਲਾਫ਼ਤ ਦਾ ਸਮਾਂ 21 ਸਾਲ ਰਿਹਾ। ਸੰਨ 1984 ਵਿੱਚ ਇਹ ਲੰਡਨ ਚਲੇ ਗਏ ਅਤੇ ਸੰਨ 2003 ਵਿੱਚ ਇਨ੍ਹਾਂ ਦਾ ਅਕਾਲ ਚਲਾਣਾ ਹੋਇਆ। ਸੰਨ 2003 ਤੋਂ ਪੰਜਵੇਂ ਖ਼ਲੀਫ਼ਾ ਮਿਰਜ਼ਾ ਮਸਰੂਰ ਅਹਮਦ ਖ਼ਿਲਾਫ਼ਤ ਦੇ ਅਹੁਦੇ ਉੱਪਰ ਬਿਰਾਜਮਾਨ ਹਨ ਜੋ ਬਾਨੀ ਅਹਿਮਦੀਆ ਜਮਾਤ ਦੇ ਪੜਪੋਤੇ ਹਨ।

ਭਾਂਵੇ ਕਿ ਪਾਕਿਸਤਾਨ ਵਿੱਚ ਸੰਨ 1974 ਤੋਂ ਅਹਿਮਦੀਆ ਭਾਈਚਾਰੇ ਨੂੰ ਗੈਰ-ਮੁਸਲਿਮ ਕਰਾਰ ਦੇ ਦਿੱਤਾ ਹੋਇਆ ਹੈ ਪਰ ਇਸਦੇ ਬਾਵਜੂਦ ਵੀ ਓਥੇ ਅਹਿਮਦੀਆ ਭਾਈਚਾਰੇ ਦੇ ਕਾਫੀ ਲੋਕ ਰਹਿੰਦੇ ਹਨ। ਇਸਤੋਂ ਇਲਾਵਾ ਦੁਨੀਆਂ ਦੇ ਹੋਰ ਵੀ ਕਈ ਦੇਸ਼ਾਂ ਵਿੱਚ ਜਮਾਤ ਅਹਿਮਦੀਆ ਦੇ ਪੈਰੋਕਾਰ ਰਹਿੰਦੇ ਹਨ। ਹਰ ਸਾਲ ਦਸੰਬਰ ਮਹੀਨੇ ਦੇ ਆਖਰੀ ਹਫ਼ਤੇ ਅਹਿਮਦੀਆ ਭਾਈਚਾਰੇ ਵੱਲੋਂ ਤਿੰਨ ਰੋਜ਼ਾ ਸਲਾਨਾ ਜਲਸਾ ਕਰਵਾਇਆ ਜਾਂਦਾ ਹੈ ਜਿਸ ਵਿੱਚ ਭਾਰਤ-ਪਾਕਿਸਤਾਨ ਸਮੇਤ ਪੂਰੀ ਦੁਨੀਆਂ ਵਿਚੋਂ ਜਮਾਤ ਨੂੰ ਮੰਨਣ ਵਾਲੇ ਹਾਜ਼ਰੀ ਭਰਦੇ ਹਨ।

ਕਾਦੀਆਂ ਸ਼ਹਿਰ ਵਿੱਚ ਕਈ ਤਵਾਰੀਖੀ ਇਮਾਰਤਾਂ ਅੱਜ ਵੀ ਮੌਜੂਦ ਹਨ। ‘ਮਿਨਾਰਾ-ਤੁੱਲ-ਮਸੀਹ’ ਕਾਦੀਆਂ ਸ਼ਹਿਰ ਦਾ ਆਈਕਨ ਹੈ। ਇਹ ਮਿਨਾਰਾ ਮਸਜ਼ਿਦ ਅਕਸਾ ਦੇ ਕੋਲ ਹੈ। ਮਸਜ਼ਿਦ ਅਕਸਾ ਸੰਨ 1876 ਵਿੱਚ ਮਿਰਜ਼ਾ ਗੁਲਾਮ ਅਹਿਮਦ ਦੇ ਪਿਤਾ ਮਿਰਜ਼ਾ ਗੁਲਾਮ ਮੁਰਤਜ਼ਾ ਨੇ ਬਣਵਾਈ ਸੀ। ਇਸ ਤੋਂ ਇਲਾਵਾ ਕਾਦੀਆਂ ਵਿੱਚ ਮੁਬਾਰਕ ਮਸਜ਼ਿਦ, ਨੂਰ ਮਸਜ਼ਿਦ, ਨਾਸੀਰਾਬਾਦ ਮਸਜ਼ਿਦ, ਫ਼ਜ਼ਲ ਮਸਜਿਦ, ਰਹਿਮਾਨ ਮਸਜ਼ਿਦ, ਸੁਭਾਨ ਮਸਜ਼ਿਦ, ਮੁਮਤਾਜ਼ ਮਸਜ਼ਿਦ, ਅਨਵਰ ਮਸਜ਼ਿਦ ਅਤੇ ਮਸਰੂਰ ਮਸਜ਼ਿਦ ਵੀ ਮੌਜੂਦ ਹਨ। ਇਸਤੋਂ ਇਲਾਵਾ ਕਾਦੀਆਂ ਦੇ ਨਾਲ ਲੱਗਦੇ ਪਿੰਡਾਂ ਵਿੱਚ ਵੀ ਕੁਝ ਮਸਜ਼ਿਦਾਂ ਮੌਜੂਦ ਹਨ।

ਕਾਦੀਆਂ ਸ਼ਹਿਰ ਵਿੱਚ ਤਾਲੀਮ-ਉੱਲ-ਇਸਲਾਮੀਆ ਕਾਲਜ ਦੀ ਖ਼ੂਬਸੂਰਤ ਇਮਾਰਤ ਮੌਜੂਦ ਹੈ ਜਿਸਦੀ ਸਥਾਪਨਾ 1 ਜਨਵਰੀ 1898 ਨੂੰ ਮਿਰਜ਼ਾ ਗੁਲਾਮ ਅਹਿਮਦ ਨੇ ਕੀਤੀ ਸੀ। ਇਸ ਇਮਾਰਤ ਵਿੱਚ ਸੰਨ 1947 ਤੋਂ ਸਿੱਖ ਨੈਸ਼ਨਲ ਕਾਲਜ, ਲਾਹੌਰ ਚੱਲ ਰਿਹਾ ਹੈ ਅਤੇ ਇਸ ਦੇ ਕਾਲਜ ਵਿੱਚ ਕਲਾਸਵਾਲਾ ਖ਼ਾਲਸਾ ਸਕੂਲ ਚੱਲ ਰਿਹਾ ਹੈ। ਕਾਦੀਆਂ ਵਿਖੇ ਚੱਲਦਾ ਤਾਲੀਮ-ਉੱਲ-ਇਸਲਾਮੀਆ ਅਦਾਰਾ ਪਹਿਲਾਂ ਲਾਹੌਰ ਦੇ ਡੀ.ਏ.ਵੀ ਕਾਲਜ ਦੀ ਇਮਾਰਤ ਵਿੱਚ ਚੱਲਿਆ ਅਤੇ ਅਖ਼ੀਰ ਇਸਨੂੰ ਪਾਕਿਸਤਾਨੀ ਹਕੂਮਤ ਨੇ ਸੰਨ 1955 ਵਿੱਚ ਰਬਵਾਹ ਸ਼ਹਿਰ ਵਿਖੇ ਤਬਦੀਲ ਕਰ ਦਿੱਤਾ। ਰਬਵਾਹ ਵਿੱਚ ਅੱਜ ਵੀ ਕਾਫ਼ੀ ਗਿਣਤੀ ਵਿੱਚ ਅਹਿਮਦੀਆ ਭਾਈਚਾਰੇ ਦੇ ਪੈਰੋਕਾਰ ਰਹਿੰਦੇ ਹਨ।

ਕਾਦੀਆਂ ਸ਼ਹਿਰ ਵਿੱਚ ਅਹਿਮਦੀਆ ਜਮਾਤ ਲਈ ਇੱਕ ਹੋਰ ਬਹੁਤ ਮੁਕੱਦਸ ਅਸਥਾਨ ‘ਬਹਿਸ਼ਤੀ ਮਕਬਰਾ’ ਹੈ। ਇਸ ਕਬਰਸਤਾਨ ਵਿੱਚ ਅਹਿਮਦੀਆ ਭਾਈਚਾਰੇ ਦੇ ਬਾਨੀ ਮਿਰਜ਼ਾ ਗੁਲਾਮ ਅਹਿਮਦ ਦਾ ਮਕਬਰਾ ਹੈ। ਹਰ ਅਹਿਮਦੀ ਸ਼ਰਧਾਲੂ ਦੀ ਇਹ ਇੱਛਾ ਹੁੰਦੀ ਹੈ ਕਿ ਉਸਨੂੰ ਵੀ ਮੌਤ ਉਪਰੰਤ ਬਹਿਸ਼ਤੀ ਮਕਬਰੇ ਵਿੱਚ ਦਫ਼ਨਾਇਆ ਜਾਵੇ ਪਰ ਇਸ ਥਾਂ ਕੇਵਲ ਉਸ ਵਿਅਕਤੀ ਨੂੰ ਹੀ ਕਬਰ ਨਸੀਬ ਹੁੰਦੀ ਹੈ ਜੋ ਜਮਾਤ ਦੀਆਂ ਸ਼ਰਤਾਂ ’ਤੇ ਖਰ੍ਹਾ ਉੱਤਰਦਾ ਹੋਵੇ।

ਕਾਦੀਆਂ ਸ਼ਹਿਰ ਵਿੱਚ ਇੱਕ ਹੋਰ ਸ਼ਾਨਦਾਰ ਅਤੇ ਇਤਿਹਾਸਕ ਇਮਾਰਤ ਉੱਘੇ ਰਾਜਨੇਤਾ ਚੌਧਰੀ ਮੁਹੰਮਦ ਜ਼ਫ਼ਰਉੱਲਾ ਖਾਨ ਦੀ ਰਿਹਾਇਸ਼ੀ ਇਮਾਰਤ ਹੈ। ਸਿਆਲਕੋਟ ਵਿੱਚ ਜਨਮੇ ਜ਼ਫ਼ਰਉੱਲਾ ਖਾਨ ਅਹਿਮਦੀਆ ਜਮਾਤ ਦੇ ਮੈਂਬਰ ਸਨ ਅਤੇ ਉਨ੍ਹਾਂ ਨੇ ਆਪਣੀ ਰਿਹਾਇਸ਼ ਕਾਦੀਆਂ ਸ਼ਹਿਰ ਵਿਖੇ ਬਣਾ ਲਈ ਸੀ। ਭਾਰਤ-ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਉਹ ਭਾਰਤ ਦੇ ਰੇਲ ਮੰਤਰੀ ਦੇ ਅਹੁਦੇ ਉੱਪਰ ਵੀ ਬਿਰਾਜ਼ਮਾਨ ਰਹੇ। ਉਨ੍ਹਾਂ ਵੱਲੋਂ ਹੀ ਬਤੌਰ ਰੇਲਵੇ ਮੰਤਰੀ ਹੁੰਦਿਆਂ ਕਾਦੀਆਂ ਤੋਂ ਬਿਆਸ ਰੇਲ ਲਿੰਕ ਨੂੰ ਮਨਜ਼ੂਰ ਕੀਤਾ ਗਿਆ ਸੀ ਜੋ ਕਿ ਦਹਾਕਿਆਂ ਬਾਅਦ ਵੀ ਪੂਰਾ ਨਹੀਂ ਹੋ ਸਕਿਆ। ਸੰਨ 1947 ਦੀ ਵੰਡ ਮੌਕੇ ਚੌਧਰੀ ਮੁਹੰਮਦ ਜ਼ਫ਼ਰਉੱਲਾ ਖਾਨ ਪਾਕਿਸਤਾਨ ਚਲੇ ਗਏ ਅਤੇ ਉਹ ਪਾਕਿਸਤਾਨ ਦੇ ਪਹਿਲੇ ਵਿਦੇਸ਼ ਮੰਤਰੀ ਬਣੇ। ਇਸ ਸਮੇਂ ਕਾਦੀਆਂ ਸ਼ਹਿਰ ਵਿੱਚ ਉਨ੍ਹਾਂ ਦੀ ਰਿਹਾਇਸ਼ ਵਿੱਚ ਪਾਵਰਕਾਮ ਦਾ ਦਫ਼ਤਰ ਚੱਲ ਰਿਹਾ ਹੈ ਅਤੇ ਇਹ ਆਲੀਸ਼ਾਨ ਇਮਾਰਤ ਬੇਹੱਦ ਖ਼ੂਬਸੂਰਤ ਅਤੇ ਮਜ਼ਬੂਤ ਹੈ।

ਸੰਨ 1947 ਦੀ ਵੰਡ ਦਾ ਅਸਰ ਕਾਦੀਆਂ ਸ਼ਹਿਰ ਵਿਖੇ ਵੀ ਦੇਖਣ ਨੂੰ ਮਿਲਿਆ। ਕਾਦੀਆਂ ਸ਼ਹਿਰ ਦੀ ਬਹੁਤ ਸਾਰੀ ਮੁਸਲਿਮ ਵਸੋਂ ਪਾਕਿਸਤਾਨ ਹਿਜ਼ਰਤ ਕਰ ਗਈ, ਪਰ ਕਿਉਂਕਿ ਕਾਦੀਆਂ ਜਮਾਤ-ਏ-ਅਹਿਮਦੀਆ ਦਾ ਸਦਰ ਮੁਕਾਮ ਸੀ ਇਸ ਲਈ ਅਹਿਮਦੀਆ ਭਾਈਚਾਰੇ ਦੀ ਵੱਡੀ ਵਸੋਂ ਇਥੇ ਅਬਾਦ ਵੀ ਰਹੀ। ਸੰਨ 2011 ਦੀ ਮਰਦਮਸ਼ੁਮਾਰੀ ਅਨੁਸਾਰ ਕਾਦੀਆਂ ਸ਼ਹਿਰ ਦੀ ਕੁੱਲ ਵਸੋਂ 23,632 ਵਿਚੋਂ 3,065 ਵਿਅਕਤੀ ਅਹਿਮਦੀਆ ਭਾਈਚਾਰੇ ਦੇ ਹਨ।
ਮੌਜੂਦਾ ਸਮੇਂ ਵੀ ਕਾਦੀਆਂ ਸ਼ਹਿਰ ਪੰਜਾਬ ਦੀ ਰਾਜਨੀਤੀ ਵਿੱਚ ਅਹਿਮ ਸਥਾਨ ਰੱਖਦਾ ਹੈ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸ. ਪ੍ਰਤਾਪ ਸਿੰਘ ਬਾਜਵਾ, ਉਨ੍ਹਾਂ ਛੋਟੇ ਭਰਾ ਸਾਬਕਾ ਵਿਧਾਇਕ ਸ. ਫ਼ਤਹਿਜੰਗ ਸਿੰਘ ਬਾਜਵਾ ਅਤੇ ਸਾਬਕਾ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਕਾਦੀਆਂ ਸ਼ਹਿਰ ਦੇ ਨਿਵਾਸੀ ਹਨ|

16ਵੀਂ ਸਦੀ ਵਿੱਚ ਹਾਦੀ ਬੇਗ ਵੱਲੋਂ ਵਸਾਏ ਗਏ ਨਗਰ ਇਸਲਾਮਪੁਰ ਕਾਜ਼ੀ ਨੇ ਇਤਿਹਾਸ ਦੀਆਂ ਕਈ ਘਟਨਾਵਾਂ ਦੇਖੀਆਂ ਅਤੇ ਆਪਣੇ ਉੱਪਰ ਹੰਢਾਈਆਂ ਹਨ। ਸਮੇਂ ਦੇ ਨਾਲ ਸ਼ਹਿਰ ਦੇ ਮੁਹਾਂਦਰੇ ਦੇ ਨਾਲ ਸ਼ਹਿਰ ਦਾ ਨਾਮ ਵੀ ਇਸਲਾਮਪੁਰ ਕਾਜ਼ੀ ਤੋਂ ਇਸਲਾਮਪੁਰ ਕਾਦੀ ਅਤੇ ਫਿਰ ਕਾਦੀਆਂ ਬਦਲ ਗਿਆ। ਜ਼ਿਲ੍ਹਾ ਗੁਰਦਾਸਪੁਰ ਦਾ ਪ੍ਰਮੁੱਖ ਨਗਰ ਕਾਦੀਆਂ ਨਿਰੰਤਰ ਅੱਗੇ ਵੱਧ ਰਿਹਾ ਹੈ ਅਤੇ ਇਸ ਖਿੱਤੇ ਦੇ ਇਤਹਾਸ ਵਿੱਚ ਆਪਣਾ ਅਹਿਮ ਮੁਕਾਮ ਰੱਖਦਾ ਹੈ।

Exit mobile version