TheUnmute.com

ਇਤਿਹਾਸਿਕ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਸੁੱਖਾ ਸਿੰਘ -੨

ਸ੍ਰੀ ਫਤਹਿਗੜ੍ਹ ਸਾਹਿਬ ਵਿਚ ਤਿੰਨ ਸ਼ਹੀਦ ਗੰਜ ਹਨ, ਜਿੰਨਾਂ ਨੂੰ ਭਾਈ ਕਾਨ੍ਹ ਸਿੰਘ ਨਾਭਾ ਨੇ ਜਿਕਰ ਕੀਤਾ ਹੈ। ਇਨ੍ਹਾਂ ‘ਚ ਸ਼ਹੀਦ ਗੰਜ ੧, ਸ਼ਹੀਦ ਗੰਜ ੨ ਸ਼ਹੀਦ ਭਾਈ ਸੁੱਖਾ ਸਿੰਘ ਜੀ ਅਤੇ ਸ਼ਹੀਦ ਗੰਜ ੩ ਸ਼ਹੀਦ ਭਾਈ ਮੱਲਾ ਸਿੰਘ ਜੀ ਹਨ | ਭਾਈ ਵਿਸਾਖਾ ਸਿੰਘ ਅਨੁਸਾਰ ਵਜ਼ੀਦ ਖਾਨ ਸੂਬਾ ਸਰਹੰਦ ਦੇ ਮਰਨ ਪਿਛੋਂ ਸੂਬਾ ਜੈਨ ਖਾਨ ਸਰਹੰਦ ਦਾ ਨਵਾਬ ਬਣ ਕੇ ਆਇਆ। ਉਸ ਨੇ ਸਿੰਘਾਂ ‘ਤੇ ਹੋਰ ਵੀ ਅੱਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ।

ਉਸਨੇ ਆਪਣੇ ਅਫਸਰਾਂ ਨੂੰ ਹੁਕਮ ਦਿੱਤਾ ਕਿ ਸਿੱਖਾਂ ਦੇ ਸਿਰ ਵੱਢ ਕੇ, ਗੱਡੇ ਭਰ ਕੇ ਮੇਰੇ ਕੋਲ ਭੇਜੋ ਤਾਂ ਕਿ ਮੈਂ ਦੀਪਮਾਲਾ ਵਾਲੇ ਦਿਨ ਉਨ੍ਹਾਂ ਦੇ ਸਿਰਾਂ ‘ਤੇ ਦੀਵੇ ਰੱਖ ਦੀਪਮਾਲਾ ਕਰਾਂ। ਸੂਬਾ ਜੈਨ ਖਾਂ ਨੇ ਇਕ ਬ੍ਰਾਹਮਣ ਦੀ ਬ੍ਰਾਹਮਣੀ ਸਾਵਿੱਤੀ ਖੋਹ ਲਈ ਸੀ। ਇਸ ਬ੍ਰਾਹਮਣ ਨੇ ਸ੍ਰੀ ਅੰਮ੍ਰਿਤਸਰ ਜਾ ਕੇ ਸਿੰਘਾਂ ਖਾਸ ਫਰਿਆਦ ਕੀਤੀ। ਉਥੇ ਜਥੇਦਾਰ ਬਾਬਾ ਸੁੱਖਾ ਸਿੰਘ ਜੀ ਸਨ। ਆਪ ਨੇ ਪੰਜ ਹਜ਼ਾਰ ਸਿੰਘ ਨੂੰ ਨਾਲ ਲੈ ਕੇ ਸਰਹਿੰਦ ‘ਤੇ ਹਮਲਾ ਕਰਨ ਲਈ ਕੂਚ ਕਰ ਦਿੱਤਾ।

ਇਨ੍ਹਾਂ ਸਿੰਘਾਂ ਦਾ ਪੜਾਉ ਸਵੱਦੀ, ਜ਼ਿਲਾ ਲੁਧਿਆਣਾ ਵਿਚ ਸੀ ਤਾਂ ਉਥੋਂ ਬਾਬਾ ਮੱਲਾ ਸਿੰਘ ਜੀ ਨੇ ਦੱਸਿਆ ਕਿ ਸੂਬਾ ਸਰਹੰਦ ਦੀਆਂ ਫੌਜਾਂ ਪਿੰਡਾਂ ਵਿਚ ਫਿਰਕੇ ਨੌਜਵਾਨ ਸਿੰਘਾਂ ਤੇ ਬੀਬੀਆਂ ਦੇ ਸਿਰ ਵੱਢ ਕੇ ਗੱਡੇ ਭਰ ਰਹੀਆਂ ਹਨ। ਇਸ ਕਰਕੇ ਇਨ੍ਹਾਂ ਗੱਡਿਆਂ ਨੂੰ ਉਨ੍ਹਾਂ ਕੋਲੋਂ ਖੋਹ ਕੇ ਸਿੰਘਾਂ ਦੇ ਸਿਰਾਂ ਦਾ ਸਸਕਾਰ ਕਰਨਾ ਚਾਹੀਦਾ ਹੈ।

ਤਿੰਨ ਸ਼ਹੀਦ ਗੰਜ ਗੁਰਦਵਾਰਿਆਂ ਦਾ ਨਕਸ਼ਾ

ਬਾਬਾ ਸੁੱਖਾ ਸਿੰਘ ਜੀ ਜਿਸ ਮਨੋਰਥ ਨੂੰ ਨਾਲ ਲੈ ਕੇ ਆਏ ਸਨ। ਉਸ ਨੂੰ ਲਾਂਭੇ ਨਾ ਕਰਨ ‘ਤੇ ਜ਼ੋਰ ਦਿੱਤਾ ਅਤੇ ਇਹ ਫੈਸਲਾ ਹੋਇਆ ਕਿ ਦੋਵੇਂ ਦਲ ਸਰਹਿੰਦ ‘ਤੇ ਦੋ ਪਾਸਿਆਂ ਤੋਂ ਹਮਲਾ ਕਰਨ। ਸਿੱਖ ਫੌਜਾਂ ਨੇ ਜੈਨ ਖਾਂ ਨੂੰ ਮਾਰਿਆ ਤੇ ਇਸ ਜੰਗ ਵਿਚ ਇਹ ਦੋਵੇਂ ਬਜ਼ੁਰਗ ਸ਼ਹੀਦ ਹੋ ਗਏ। ਦੋਵੇਂ ਹੀ ਸ਼ਹੀਦ ਸਿੱਖ ਸਰਦਾਰਾਂ ਅਤੇ ਉਹਨਾਂ ਦੇ ਸ਼ਹੀਦ ਹੋਏ ਸਾਥੀ ਸਿੱਖਾਂ ਦੀ ਯਾਦ ਵਿਚ ਦੋ ਵੱਖ-ਵੱਖ ਸ਼ਹੀਦ ਗੰਜ ਫਤਹਿਗੜ੍ਹ ਸਾਹਿਬ ਵਿਚ ਬਣੇ ਹੋਏ ਹਨ। ਇਹ ਦੋਵੇਂ ਅਸਥਾਨ ਹੀ ਦੂਜੀ ਵਾਰ ਸਰਹਿੰਦ ਫਤਹਿ ਕਰਨ ਨਾਲ ਸੰਬੰਧਤ ਹਨ।

ਇਹ ਅਸਥਾਨ ਸਰਹਿੰਦ ਤੋਂ ਬੱਸੀ ਪਠਾਣਾਂ ਨੂੰ ਜਾਂਦਿਆਂ ਮੁੱਖ ਸੜਕ ਤੋਂ ਸੱਜੇ ਹੱਥ ਲਗਭਗ 50 ਕੁ ਮੀਟਰ ‘ਤੇ ਖੇਤਾਂ ਵਿਚ ਬਾਹਰਵਾਰ ਹੈ। ਬਹਾਦਰਗੜ੍ਹ, ਤਲਾਣੀਆਂ ਵਿਚ ਦਰਗਾਹ ਹਜ਼ਰਤ ਮੁਸ਼ੱਦਦ ਆਲਿਫਸਾਨੀ ਦੇ ਨੇੜੇ ਹੈ। ਗੁਰਦੁਆਰਾ ਫਤਹਿਗੜ੍ਹ ਸਾਹਿਬ ਤੋਂ ਇਸ ਅਸਥਾਨ ਦੀ ਦੂਰੋ ਲਗਭਗ ਡੇਢ ਕਿਲੋਮੀਟਰ ਉੱਤਰ ਦਿਸ਼ਾ ਵੱਲ ਹੈ। ਇਸ ਗੁਰਦੁਆਰਾ ਨੂੰ ਮਹਾਰਾਜਾ ਹੀਰਾ ਸਿੰਘ ਨਾਭਾ ਨੇ ਜਗੀਰ ਦੇ ਰੂਪ ਵਿਚ ਜ਼ਮੀਨ ਦਿੱਤੀ। ਪ੍ਰਿੰਸੀਪਲ ਸਤਿਬੀਰ ਸਿੰਘ ਦੇ ਹਵਾਲੇ ਅਨੁਸਾਰ ਇਸ ਥਾਂ ‘ਤੇ ਪਹਿਲੇ ਸਰਹਿੰਦ ਨਗਰ ਦੇ ਕੋਤਵਾਲ ਦਾ ਮਕਾਨ ਸੀ, ਜੋ ਪਿੱਛੋਂ ਢਹਿ ਢੇਰੀ ਹੋ ਗਿਆ। ਇਸ ਸ਼ਹੀਦ ਗੰਜ ਗੁਰਦੁਆਰੇ ਦੇ ਨਾਂ ਪਿੰਡ ਰਾਜਗੜ੍ਹ ਛੰਨਾ (ਫਤਹਿਗੜ੍ਹ ਸਾਹਿਬ) ਵਿਚ ੧੦੦ ਵਿੱਘੇ ਜ਼ਮੀਨ ਲੱਗੀ ਹੋਈ ਹੈ।

ਸਲਾਨਾ ਸਮਾਗਮ ਹਰ ਸਾਲਾ ਬਾਬਾ ਜੱਸਾ ਸਿੰਘ ਆਹਲੂਵਾਲੀਆਦੀ ਅਗਵਾਈ ਵਿਚ ਦੂਜੀ ਵਾਰ ਸਰਹਿੰਦ ਫਤਹਿ ਦਿਹਾੜੇ’, ਸ਼ਹੀਦ ਬਾਬਾ ਸੁੱਖਾ ਸਿੰਘ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿਚ ਤਿੰਨ ਦਿਨਾ ਸਮਾਗਮ ਕਰਵਾਏ ਜਾਂਦੇ ਹਨ। ੧੩ ਜਨਵਰੀ ਨੂੰ ਨਗਰ ਕੀਰਤਨ ਕੱਢਿਆ ਜਾਂਦਾ ਹੈ ਜੋ ਗੁਰਦੁਆਰਾ ਸ਼ਹੀਦ ਗੰਜ ਬਾਬਾ ਸੁੱਖਾ ਸਿੰਘ ਤੋਂ ਚੱਲ ਕੇ ਗੁਰਦੁਆਰਾ ਜੋਤੀ ਸਰੂਪ ਤੱਕ ਜਾਂਦਾ ਹੈ। ਬਾਕੀ ਦਿਨ ਕੀਰਤਨ ਦਰਬਾਰ ਸਜਦੇ ਹਨ।

Exit mobile version