Site icon TheUnmute.com

ਹਿਮਾਚਲ ਪ੍ਰਦੇਸ਼ ਵਲੋਂ ਸ਼ਾਨਨ ਪਾਵਰ ਪ੍ਰੋਜੈਕਟ ‘ਚੋਂ ਪੰਜਾਬ ਨੂੰ ਬਾਹਰ ਕਰਨ ਦੀ ਤਿਆਰੀ

Shanan Power House

ਚੰਡੀਗੜ੍ਹ, 25 ਮਈ 2023: ਹਿਮਾਚਲ ਪ੍ਰਦੇਸ਼ ਦੀ ਸਰਕਾਰ ਵਲੋਂ ‘ਸ਼ਾਨਨ ਪਾਵਰ ਪ੍ਰਾਜੈਕਟ’ (Shanan Power House) ’ਚੋਂ ਪੰਜਾਬ ਨੂੰ ਬਾਹਰ ਕਰਨ ਦੀ ਤਿਆਰੀ ਕਰ ਲਈ ਹੈ । ਕਈ ਸਾਲਾਂ ਤੋਂ ਇਸ ਹਾਈਡਰੋ ਪ੍ਰਾਜੈਕਟ ਦੀ ਚਰਚਾ ਹੈ। ਹਿਮਾਚਲ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਇਸ ਪ੍ਰਾਜੈਕਟ ਨੂੰ ਲੈ ਕੇ ਦੋ ਕਦਮ ਚੁੱਕੇ ਹਨ। ਇਨ੍ਹਾਂ ਵਿੱਚ ਪਹਿਲਾਂ ‘ਵਾਟਰ ਸੈੱਸ’ ਅਤੇ ਹੁਣ ਪੰਜਾਬ ਦੇ ‘ਸ਼ਾਨਨ ਪਾਵਰ ਪ੍ਰਾਜੈਕਟ’ ਨੂੰ ਖੋਹਣ ਦੇ ਰਾਹ ‘ਤੇ ਚੱਲ ਰਹੀ ਹੈ।

ਇਸ ਸੰਬੰਧੀ ਬਟਾਲਾ ਤੋਂ ਇੰਦਰਜੀਤ ਸਿੰਘ ਹਰਪੁਰਾ ਨੇ ਸੋਸਲ ਮੀਡਿਆ ‘ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਬਟਾਲਾ ਸ਼ਹਿਰ ਵਿਚੋਂ ਲੰਘਦੀ 132 ਕੇ.ਵੀ. ਬਿਜਲੀ ਲਾਈਨ ਅਤੇ ਬਿਜਲੀ ਦੇ ਉੱਚੇ-ਉੱਚੇ ਟਾਵਰ ਬਹੁਤ ਖਾਸ ਹਨ। ਇਸ ਬਿਜਲੀ ਲਾਈਨ ਦਾ ਵੀ ਆਪਣਾ ਸੁਨਿਹਰੀ ਇਤਿਹਾਸ ਹੈ। ਅੰਗਰੇਜ਼ ਹਕੂਮਤ ਸਮੇਂ 1932 ਵਿੱਚ ਜੋਗਿੰਦਰ ਨਗਰ ਦੇ ਸ਼ਾਨਨ ਪਾਵਰ ਹਾਊਸ ਤੋਂ ਸ਼ੁਰੂ ਹੋਈ ਇਹ 132 ਕੇ.ਵੀ. ਦੀ ਬਿਜਲੀ ਲਾਈਨ ਸੂਬੇ ਦੀ ਰਾਜਧਾਨੀ ਲਾਹੌਰ ਤੱਕ ਜਾਂਦੀ ਸੀ। ਬਟਾਲਾ ਵਿਚੋਂ ਲੰਘਦੀ ਇਸ ਬਿਜਲੀ ਲਾਈਨ ਤੋਂ ਹੀ ਰਾਜਧਾਨੀ ਲਾਹੌਰ, ਸਿਫਤੀ ਦਾ ਘਰ ਅੰਮ੍ਰਿਤਸਰ ਅਤੇ ਸ੍ਰੀ ਦਰਬਾਰ ਸਾਹਿਬ ਜਗਮਗਾਉਂਦਾ ਰਿਹਾ ਹੈ। ਇਸ ਲੇਖ ਵਿੱਚ ਇਸ 132 ਕੇ.ਵੀ. ਬਿਜਲੀ ਲਾਈਨ ਅਤੇ ਜੋਗਿੰਦਰ ਨਗਰ ਦੇ ਸਾਨਨ ਪਾਵਰ ਹਾਊਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ।

1925 ਵਿਚ ਬਣਨਾ ਸ਼ੁਰੂ ਹੋਇਆ ਸਾਨਨ ਪਾਵਰ ਹਾਊਸ

ਬ੍ਰਿਟਿਸ਼ ਇੰਜੀਨੀਅਰ ਕਰਨਲ ਬੀ.ਸੀ. ਬੱਟੀ ਵੱਲੋਂ ਜੋਗਿੰਦਰ ਨਗਰ ਕੋਲ ਹਾਈਡਰੋ ਇਲੈਕਟ੍ਰਿਕ ਪਾਵਰ ਸਟੇਸ਼ਨ ਬਣਾਉਣ ਲਈ ਥਾਂ ਦੀ ਚੋਣ ਕੀਤੀ ਗਈ। ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸੰਨ 1925 ਵਿੱਚ ਬ੍ਰਿਟਿਸ਼ ਹਕੂਮਤ ਅਤੇ ਜੋਗਿੰਦਰ ਨਗਰ ਇਲਾਕੇ ਦੇ ਰਾਜਾ ਕਰਨ ਸੇਨ ਵਿੱਚ ਇੱਕ 99 ਸਾਲਾਂ ਦਾ ਲਿਖਤੀ ਇਕਰਾਰ ਹੋਇਆ, ਜਿਸ ਤਹਿਤ ਬ੍ਰਿਟਿਸ਼ ਹਕੂਮਤ ਨੇ ਇਸ ਪ੍ਰੋਜੈਕਟ ਨੂੰ ਤਿਆਰ ਕਰਨਾ ਸੀ ਅਤੇ ਇਸਦੀ ਬਿਜਲੀ ਦੀ ਵਰਤੋਂ ਪੰਜਾਬ ਅਤੇ ਦਿੱਲੀ ਲਈ ਕਰਨੀ ਸੀ। ਰਾਜਾ ਕਰਨ ਸੇਨ ਨਾਲ ਸਮਝੌਤਾ ਕਰਨ ਸਮੇਂ ਬ੍ਰਿਟਿਸ਼ ਹਕੂਮਤ ਵਲੋਂ ਇੰਜੀਨੀਅਰ ਕਰਨਲ ਬੀ.ਸੀ. ਬੱਟੀ ਸ਼ਾਮਲ ਹੋਏ ਸਨ।

ਸ਼ਾਨਨ ਪਾਵਰ ਪ੍ਰੋਜੈਕਟ (Shanan Power House)  ਨੂੰ ਨੇਪਰੇ ਚਾਾੜਨ ਲਈ ਅੰਗਰੇਜ਼ ਹਕੂਮਤ ਨੇ ਪਠਾਨਕੋਟ ਤੋਂ ਜੋਗਿੰਦਰ ਨਗਰ ਤੱਕ ਰੇਲ ਦੀ ਲਾਈਨ ਵਿਛਾਈ ਤਾਂ ਜੋ ਪਾਵਰ ਪ੍ਰੋਜੈਕਟ ਦਾ ਸਾਰਾ ਸਮਾਨ ਰੇਲ ਰਾਹੀਂ ਓਥੇ ਲਿਜਾਇਆ ਜਾ ਸਕੇ। ਸੰਨ 1925 ਵਿੱਚ ਪਾਵਰ ਪ੍ਰੋਜੈਕਟ ਦਾ ਕੰਮ ਸ਼ੁਰੂ ਹੋ ਗਿਆ। ਪ੍ਰੋਜੈਕਟ ਦਾ ਕੰਮ ਬੜੇ ਜੋਰਾਂ ਨਾਲ ਚੱਲਿਆ ਅਤੇ 1932 ਵਿੱਚ ਇਹ ਡੈਮ ਮੁਕੰਮਲ ਹੋ ਗਿਆ।
ਓਧਰ ਡੈਮ ਦਾ ਕੰਮ ਚੱਲ ਰਿਹਾ ਸੀ, ਏਧਰ ਸੰਨ 1930 ਵਿੱਚ ਜੋਗਿੰਦਰ ਨਗਰ ਤੋਂ ਲਾਹੌਰ ਤੱਕ ਬਿਜਲੀ ਦੀ ਲਾਈਨ ਦਾ ਕੰਮ ਵੀ ਸ਼ੁਰੂ ਹੋ ਗਿਆ। ਸਾਨਨ ਪਾਵਰ ਪ੍ਰੋਜੈਕਟ ਤੋਂ 132 ਕੇ.ਵੀ. ਬਿਜਲੀ ਲਾਈਨ ਸ਼ੁਰੂ ਹੋ ਕੇ ਪਹਿਲਾ ਬਿਜਲੀ ਘਰ ਕਾਂਗੜੇ ਬਣਾਇਆ ਗਿਆ। ਉਸ ਤੋਂ ਬਾਅਦ ਅਗਲਾ ਬਿਜਲੀ ਘਰ ਪਠਾਨਕੋਟ, ਫਿਰ ਧਾਰੀਵਾਲ ਅਤੇ ਉਸ ਤੋਂ ਬਾਅਦ ਵੇਰਕਾ ਵਿਖੇ ਬਣਾਇਆ ਗਿਆ। ਵੇਰਕੇ ਤੋਂ ਅੱਗੇ ਅੰਮ੍ਰਿਤਸਰ ਵਾਲਡ ਸਿਟੀ ਤੋਂ ਬਾਹਰੋਂ ਬਾਹਰ ਲਾਹੌਰ ਤੱਕ ਇਹ ਬਿਜਲੀ ਦੀ ਲਾਈਨ ਲਿਜਾਈ ਗਈ ਅਤੇ ਇਸ ਲਾਈਨ ਦਾ ਆਖਰੀ ਬਿਜਲੀ ਘਰ ਲਾਹੌਰ ਵਿਖੇ ਬਣਿਆ।

ਸੰਨ 1930 ਵਿੱਚ ਸ਼ੁਰੂ ਹੋਈ ਇਹ 132 ਕੇ.ਵੀ. ਬਿਜਲੀ ਦੀ ਲਾਈਨ ਇੰਜੀਨੀਅਰਿੰਗ ਦੀ ਕਲਾ ਦਾ ਉੱਤਮ ਨਮੂਨਾ ਹੈ। ਇਨ੍ਹਾਂ ਬਿਜਲੀ ਲਾਈਨ ਦੇ ਟਾਵਰਾਂ ਦੀ ਬਣਤਰ ਕਮਾਲ ਦੀ ਹੈ। ਇਨ੍ਹਾਂ ਟਾਵਰਾਂ ਨੂੰ ਬਣਾਉਣ ਲਈ ਅਮਰੀਕਾ ਤੋਂ ਬਣੇ ਹੋਏ ਸਟੀਲ ਦੀ ਵਰਤੋਂ ਕੀਤੀ ਗਈ ਸੀ। ਇਹ ਸਟੀਲ ਏਨਾਂ ਮਜਬੂਤ ਤੇ ਹੰਢਣਸਾਰ ਹੈ ਕਿ ਅੱਜ ਤੱਕ ਵੀ ਟਾਵਰਾਂ ਦੇ ਐਂਗਲਾਂ ਨੂੰ ਕਿਤੇ ਭੋਰਾ ਜੰਗਾਲ ਨਹੀਂ ਲੱਗਾ। ਹਾਲਾਂਕਿ ਇਨ੍ਹਾਂ ਟਾਵਰਾਂ ਦੀ ਤਾਰਾਂ ਨੂੰ ਤਿੰਨ ਵਾਰ ਬਦਲਿਆ ਜਾ ਚੁੱਕਾ ਹੈ ਪਰ ਟਾਵਰ ਅੱਜ ਵੀ ਪੂਰੀ ਮਜ਼ਬੂਤੀ ਨਾਲ ਨਵੇਂ ਨਕੋਰ ਖੜ੍ਹੇ ਹਨ।

ਸੰਨ 1932 ਵਿੱਚ ਜਦੋਂ ਸ਼ਾਨਨ ਪਾਵਰ ਪ੍ਰੋਜੈਕਟ, ਜੋਗਿੰਦਰ ਨਗਰ ਸ਼ੁਰੂ ਹੋਇਆ ਤਾਂ ਇਸ ਦੀ ਬਿਜਲੀ ਬ੍ਰਿਟਿਸ਼ ਪੰਜਾਬ ਦੇ ਨਾਲ ਦਿੱਲੀ ਤੱਕ ਜਾਂਦੀ ਸੀ। ਜੋਗਿੰਦਰ ਨਗਰ ਤੋਂ ਲਾਹੌਰ ਤੱਕ ਬਟਾਲਾ ਰਾਹੀਂ ਜਾਂਦੀ 132 ਕੇ.ਵੀ. ਦੀ ਲਾਈਨ ਮੁੱਖ ਲਾਈਨ ਸੀ। ਇਸ ਲਾਈਨ ਜਰੀਏ ਹੀ ਸੰਨ 1947 ਤੱਕ ਲਾਹੌਰ ਜਗਮਗਾਉਂਦਾ ਰਿਹਾ ਹੈ। ਇਹ ਲਾਈਨ ਅੱਜ ਵੀ ਭਾਰਤੀ ਪੰਜਾਬ ਵਿੱਚ ਵੇਰਕੇ ਤੱਕ ਦੇਖੀ ਜਾ ਸਕਦੀ ਹੈ ਪਰ ਵੇਰਕੇ ਤੋਂ ਲਾਹੌਰ ਤੱਕ ਦੀ ਲਾਈਨ ਨੂੰ ਖਤਮ ਕਰ ਦਿੱਤਾ ਗਿਆ ਹੈ।

ਸੰਨ 1930 ਵਿੱਚ ਜਦੋਂ ਇਹ ਲਾਈਨ ਬਟਾਲਾ ਸ਼ਹਿਰ ਵਿਚੋਂ ਲੰਗੀ ਸੀ ਤਾਂ ਇਸਨੂੰ ਵਾਲਡ ਸਿਟੀ ਤੋਂ ਬਾਹਰ ਰੱਖਿਆ ਗਿਆ ਸੀ। ਜਿਸ ਥਾਂ ਤੋਂ ਇਹ ਲਾਈਨ ਕੱਢੀ ਗਈ ਸੀ ਓਦੋਂ ਇਥੇ ਕੋਈ ਅਬਾਦੀ ਨਹੀਂ ਸੀ। ਸਮੇਂ ਦੇ ਨਾਮ ਜਦੋਂ ਬਟਾਲਾ ਸ਼ਹਿਰ ਦਾ ਵਿਸਥਾਰ ਹੋਇਆ ਤਾਂ ਇਹ ਲਾਈਨ ਸ਼ਹਿਰ ਦੇ ਬਿਲਕੁਲ ਵਿੱਚ ਆ ਗਈ। ਹੁਣ ਤਾਂ ਹਾਲਤ ਇਹ ਨੇ ਕਿ ਇਸ ਲਾਈਨ ਦੇ ਹੇਠਾਂ ਬਹੁਤ ਸਾਰੇ ਰਿਹਾਇਸ਼ੀ ਮਕਾਨ ਬਣ ਚੁੱਕੇ ਹਨ। ਇਸ ਬਿਜਲੀ ਲਾਈਨ ਦੇ ਟਾਵਰਾਂ ਨੂੰ ਸ਼ਾਸ਼ਤਰੀ ਨਗਰ, ਬੱਸ ਸਟੈਂਡ ਦੇ ਨਜ਼ਦੀਕ ਅੰਦਰਲੇ ਹੰਸਲੀ ਪੁੱਲ ਦੇ ਨਜ਼ਦੀਕ ਅਜੇ ਵੀ ਦੇਖਿਆ ਜਾ ਸਕਦਾ ਹੈ।

99 ਸਾਲਾ ਪਟਾ ਪੂਰਾ ਹੋਣ ’ਤੇ ਸੰਨ 2024 ਵਿੱਚ ਪੰਜਾਬ ਨੂੰ ਲੱਗੇਗਾ ਵੱਡਾ ਝਟਕਾ !

ਸੰਨ 1925 ਵਿੱਚ ਬ੍ਰਿਟਿਸ਼ ਹਕੂਮਤ ਅਤੇ ਜੋਗਿੰਦਰ ਨਗਰ ਇਲਾਕੇ ਦੇ ਰਾਜਾ ਕਰਨ ਸੇਨ ਵਿੱਚ 99 ਸਾਲਾਂ ਦਾ ਲਿਖਤੀ ਸਮਝੌਤਾ ਸੰਨ 2024 ਵਿੱਚ ਪੂਰਾ ਹੋ ਜਾਵੇਗਾ। ਜਦੋਂ ਸੰਨ 1966 ਵਿੱਚ ਪੰਜਾਬੀ ਸੂਬਾ ਬਣਿਆ ਸੀ ਤਾਂ 1925 ਵਿੱਚ ਅੰਗਰੇਜ਼ ਹਕੂਮਤ ਵਲੋਂ ਕੀਤੇ ਸਮਝੌਤੇ ਦੇ ਤਹਿਤ ਇਹ ਡੈਮ ਪੰਜਾਬ ਦੇ ਹਿੱਸੇ ਆਇਆ ਸੀ। ਇਸ ਸਮੇਂ ਵੀ ਜੋਗਿੰਦਰ ਨਗਰ ਦਾ ਸ਼ਾਨਨ ਪਾਵਰ ਹਾਊਸ ਪੰਜਾਬ ਸਰਕਾਰ ਕੋਲ ਹੈ ਅਤੇ ਇਸਦੀ ਸਾਰੀ ਬਿਜਲੀ ਪੰਜਾਬ ਵਰਤਦਾ ਹੈ। ਸੰਨ 1982 ਵਿੱਚ ਪੰਜਾਬ ਸਰਕਾਰ ਨੇ ਇਸ ਡੈਮ ਦੀ 50 ਮੈਗਾਵਾਟ ਬਿਜਲੀ ਉਤਪਾਦਨ ਸਮਰਥਾ ਨੂੰ ਵਧਾ ਕੇ 110 ਮੈਗਾਵਾਟ ਕੀਤਾ ਸੀ। ਪੰਜਾਬ ਸਰਕਾਰ ਵਲੋਂ ਪਾਵਰਕਾਮ ਦਾ ਐੱਸ.ਈ. ਪੱਧਰ ਇੱਕ ਅਧਿਕਾਰੀ ਓਥੇ ਤਾਇਨਾਤ ਹੈ ਅਤੇ ਇਸ ਤੋਂ ਇਲਾਵਾ ਹੋਰ ਤਕਨੀਕੀ ਅਮਲਾ ਵੀ ਓਥੇ ਸੇਵਾਵਾਂ ਨਿਭਾ ਰਿਹਾ ਹੈ।

ਹੁਣ ਪੰਜਾਬ ਨੂੰ ਇੱਕ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਕਿਉਂਕਿ 99 ਸਾਲ ਦਾ ਪਟਾ ਖਤਮ ਹੋਣ ਕਾਰਨ ਇਹ ਡੈਮ ਹਿਮਾਚਲ ਪ੍ਰਦੇਸ਼ ਸਰਕਾਰ ਦੇ ਅਧੀਨ ਆ ਜਾਵੇਗਾ। ਸੰਨ 2024 ਤੋਂ ਬਾਅਦ ਇਸ ਡੈਮ ਦੀ ਸਾਰੀ ਬਿਜਲੀ ਹਿਮਾਚਲ ਪ੍ਰਦੇਸ਼ ਵਰਤੇਗਾ। ਇਸ ਤਰ੍ਹਾਂ ਹੋਣ ਨਾਲ ਪੰਜਾਬ ਕੋਲੋਂ ਸਸਤੀ ਬਿਜਲੀ ਉਤਪਾਦਨ ਦਾ ਇੱਕ ਵੱਡਾ ਸਰੋਤ ਹਮੇਸ਼ਾਂ ਲਈ ਖੁਸ ਜਾਵੇਗਾ।
ਸੋ ਬਟਾਲਾ ਸ਼ਹਿਰ ਵਿਚੋਂ ਲੰਘਦੀ ਇਹ 132 ਕੇ.ਵੀ. ਬਿਜਲੀ ਲਾਈਨ ਮਹਿਜ ਇੱਕ ਬਿਜਲੀ ਲਾਈਨ ਹੀ ਨਹੀਂ ਹੈ ਸਗੋਂ ਇਸ ਪਿੱਛੇ ਇਸਦਾ ਸੁਨਿਹਰੀ ਇਤਿਹਾਸ ਵੀ ਹੈ। ਇਸ ਬਿਜਲੀ ਲਾਈਨ ਦੀ ਬਦੌਲਤ ਹੀ ਪਹਿਲੀ ਵਾਰ ਮਾਝਾ ਰੁਸ਼ਨਾਇਆ ਸੀ। ਇੱਕ ਸਦੀ ਪੁਰਾਣੀ ਇਹ ਬਿਜਲੀ ਲਾਈਨ ਅਜੇ ਵੀ ਬਿਲਕੁਲ ਠੀਕ ਹੈ ਅਤੇ ਇਸ ਵਿਚੋਂ ਆਉਂਦੀ ਬਿਜਲੀ ਲੰਮੇ ਸਮੇਂ ਤੱਕ ਮਾਝੇ ਨੂੰ ਰੁਸ਼ਨਾਉਂਦੀ ਰਹੇਗੀ।

Exit mobile version