ਚੰਡੀਗੜ੍ਹ 20 ਜੂਨ 2022:ਅੱਜ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਪਰਵਾਣੂ (Parwanoo) ਵਿਖੇ ਟਿੰਬਲ ਟਰੇਲ (Timbal Trail) ਵਿੱਚ 11 ਲੋਕ ਫਸ ਗਏ ਸਨ। ਇਨ੍ਹਾਂ 11 ਸੈਲਾਨੀਆਂ ਨੂੰ ਰੱਸੀ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ | ਟਰਾਲੀ ਪੰਜ ਘੰਟੇ ਤੋਂ ਵੱਧ ਸਮੇਂ ਤੱਕ 120 ਫੁੱਟ ਦੀ ਉਚਾਈ ‘ਤੇ ਫਸੀ ਰਹੀ।
ਹਿਮਾਚਲ ਪ੍ਰਦੇਸ਼ ਆਫ਼ਤ ਪ੍ਰਬੰਧਨ ਵਿਭਾਗ ਦੇ ਪ੍ਰਮੁੱਖ ਸਕੱਤਰ ਓਂਕਾਰ ਚੰਦ ਸ਼ਰਮਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਅਤੇ ਪੁਲਿਸ ਟੀਮ ਨੇ 11 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਕਰੀਬ 1:45 ਵਜੇ ਵਾਪਰੀ। ਜਦੋਂ ਸੈਲਾਨੀ ਕੇਬਲ ਕਾਰ ਰਾਹੀਂ ਹੋਟਲ ਮੋਕਸ਼ ਤੋਂ ਪਰਵਾਣੂ ਵੱਲ ਆ ਰਹੇ ਸਨ ਤਾਂ ਅਚਾਨਕ ਟਰਾਲੀ ਵਿਚਕਾਰ ਫਸ ਗਈ।
ਇਸ ਕਾਰਨ ਟਰਾਲੀ ਵਿੱਚ ਬੈਠੇ 11 ਵਿਅਕਤੀਆਂ ਦੇ ਸਾਹ ਹਵਾ ਵਿੱਚ ਅਟਕ ਗਏ। ਸਭ ਤੋਂ ਪਹਿਲਾਂ ਇਕ ਔਰਤ ਸਮੇਤ ਚਾਰ ਲੋਕਾਂ ਨੂੰ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਬਾਕੀਆਂ ਨੂੰ ਬਚਾਇਆ ਗਿਆ। ਏਐਸਪੀ ਸੋਲਨ ਅਸ਼ੋਕ ਵਰਮਾ ਨੇ ਦੱਸਿਆ ਕਿ ਸਾਰੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ।