ਹਿਜਾਬ ਮਾਮਲਾ

ਹਿਜਾਬ ਮਾਮਲਾ: ਨਾਗਰਿਕ ਅਧਿਕਾਰਾਂ ਦੇ ਮੱਦੇਨਜਰ ਢੁੱਕਵੇਂ ਸਮੇਂ ‘ਤੇ ਸੁਣੀਆਂ ਜਾਣਗੀਆਂ ਦਲੀਲਾਂ

ਚੰਡੀਗੜ੍ਹ 11 ਫਰਵਰੀ 2022: ਹਿਜਾਬ ਮਾਮਲੇ ਨੂੰ ਲੈ ਕੇ ਵਿਦਿਆਰਥੀਆਂ ਨੇ ਕਰਨਾਟਕ ਹਾਈ ਕੋਰਟ ਦੇ ਆਦੇਸ਼ ਦੇ ਖਿਲਾਫ ਦਾਇਰ ਪਟੀਸ਼ਨ ‘ਤੇ ਸੁਪਰੀਮ ਕੋਰਟ ‘ਚ ਤੁਰੰਤ ਸੁਣਵਾਈ ਦੀ ਮੰਗ ਕੀਤੀ ਹੈ, ਇਸ ‘ਚ ਕੈਂਪਸ ‘ਚ ਧਾਰਮਿਕ ਕੱਪੜੇ ਪਹਿਨਣ ‘ਤੇ ਜ਼ੋਰ ਨਾ ਦੇਣ ਲਈ ਕਿਹਾ ਗਿਆ ਸੀ। ਇਸ ਮਾਮਲੇ ‘ਤੇ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਹਰ ਨਾਗਰਿਕ ਦੇ ਸੰਵਿਧਾਨਕ ਅਧਿਕਾਰਾਂ ਦੀ ਰੱਖਿਆ ਕਰੇਗੀ ਅਤੇ ਢੁੱਕਵੇਂ ਸਮੇਂ ‘ਤੇ ਦਲੀਲਾਂ ਸੁਣੀਆਂ ਜਾਣਗੀਆਂ ਪਰ ਅਸੀਂ ਇਸ ‘ਤੇ ਤੁਰੰਤ ਸੁਣਵਾਈ ਨਹੀਂ ਕਰ ਸਕਦੇ।

ਇਸ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਥੋੜ੍ਹਾ ਇੰਤਜ਼ਾਰ ਕਰੋ, ਹੁਣ ਇਹ ਮਾਮਲਾ ਕਰਨਾਟਕ ਹਾਈ ਕੋਰਟ ਕੋਲ੍ਹ ਹੈ। ਕਰਨਾਟਕ ਹਾਈ ਕੋਰਟ ਨੇ ਵੀਰਵਾਰ ਨੂੰ ਵਿਦਿਆਰਥੀਆਂ ਨੂੰ ਕਿਹਾ ਕਿ ਲੋਕਾਂ ਨੂੰ ਭੜਕਾਉਣ ਲਈ ਕੋਈ ਵੀ ਧਾਰਮਿਕ ਪਹਿਰਾਵਾ ਪਹਿਨਣ ‘ਤੇ ਜ਼ੋਰ ਨਾ ਦੇਣ, ਜਦੋਂ ਤੱਕ ਮਾਮਲਾ ਹੱਲ ਨਹੀਂ ਹੋ ਜਾਂਦਾ।

ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਸੂਬੇ ‘ਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਕਰਨਾਟਕ ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ 14 ਫਰਵਰੀ ਤੱਕ ਮੁਲਤਵੀ ਕਰ ਦਿੱਤੀ ਹੈ। ਦੂਜੇ ਪਾਸੇ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਕਰਨਾਟਕ ਸਰਕਾਰ ਨੇ 14 ਫਰਵਰੀ ਤੋਂ 9ਵੀਂ ਅਤੇ 10ਵੀਂ ਦੀਆਂ ਕਲਾਸਾਂ ਸ਼ੁਰੂ ਕਰਨ ਲਈ ਕਿਹਾ ਹੈ। ਕਰਨਾਟਕ ਦੇ ਮੁੱਖ ਮੰਤਰੀ ਨੇ ਕਿਹਾ ਕਿ ਕਾਲਜ ਖੋਲ੍ਹਣ ਬਾਰੇ ਫੈਸਲਾ ਬਾਅਦ ‘ਚ ਲਿਆ ਜਾਵੇਗਾ।

Scroll to Top