Site icon TheUnmute.com

ਪੁਲਿਸ ਵੱਲੋਂ ਗੁਰਦਾਸਪੁਰ ‘ਚ 125 ਕਰੋੜ ਦੀ ਹੈਰੋਇਨ ਬਰਾਮਦ, 3 ਜਣੇ ਗ੍ਰਿਫਤਾਰ

Heroin

ਚੰਡੀਗੜ੍ਹ, 27 ਜੁਲਾਈ 2023: ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੀ ਦੀਨਾਨਗਰ ਪੁਲਿਸ ਨੇ 125 ਕਰੋੜ ਦੀ ਹੈਰੋਇਨ (Heroin) ਦੀ ਖੇਪ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਡਰੱਗ ਰੈਕੇਟ ਨਾਲ ਜੁੜੇ 3 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ, ਜਿਸ ਦੀ ਪਛਾਣ ਬਿਕਰਮਜੀਤ ਸਿੰਘ ਉਰਫ਼ ਵਿੱਕੀ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਜਖੇਪਲ, ਜ਼ਿਲ੍ਹਾ ਸੰਗਰੂਰ, ਉਸ ਦੀ ਮਹਿਲਾ ਮਿੱਤਰ ਸੰਦੀਪ ਕੌਰ ਉਰਫ਼ ਹਰਮਨ ਪਤਨੀ ਪਰਮਿੰਦਰ ਕੌਰ ਵਾਸੀ ਪਿੰਡ ਮੀਮਸਾ ਜ਼ਿਲ੍ਹਾ ਸੰਗਰੂਰ ਅਤੇ ਕੁਲਦੀਪ ਸਿੰਘ ਉਰਫ਼ ਕਾਲਾ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਗੁੜਦੀ ਵਜੋਂ ਹੋਈ ਹੈ। ਉਹ ਅਮਰੀਕਾ ਬੈਠੇ ਨਸ਼ਾ ਤਸਕਰ ਮਨਦੀਪ ਸਿੰਘ ਧਾਲੀਵਾਲ ਦੇ ਕਹਿਣ ‘ਤੇ ਸ੍ਰੀਨਗਰ ਤੋਂ ਹੈਰੋਇਨ ਦੀ ਖੇਪ ਲਿਆ ਰਿਹਾ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਸਵਿਫਟ ਡਿਜ਼ਾਇਰ ਕਾਰ ਨੰਬਰ ਪੀ.ਬੀ.ਕਿਊ.-1679 ਵਿਚੋਂ 17 ਪੈਕਟ ਬਰਾਮਦ ਹੋਏ, ਜਿਸ ਵਿਚ 17.960 ਕਿਲੋ ਹੈਰੋਇਨ ਜਿਸ ਦੀ ਕੀਮਤ 125 ਕਰੋੜ ਰੁਪਏ ਬਣਦੀ ਹੈ। ਮੁਲਜ਼ਮ ਬਿਕਰਮਜੀਤ ਸਿੰਘ ਉਰਫ ਵਿੱਕੀ ਅਤੇ ਕੁਲਦੀਪ ਸਿੰਘ ਉਰਫ ਕਾਲਾ ਸਾਲ 2017 ਵਿੱਚ ਲੁਧਿਆਣਾ ਦੀ ਇੱਕ ਸ਼ਰਾਬ ਫਰਮ ਵਿੱਚ ਹਿੱਸੇਦਾਰੀ ਲੈ ਕੇ ਸੰਗਰੂਰ ਵਿੱਚ ਸ਼ਰਾਬ ਸਪਲਾਈ ਕਰਦੇ ਸਨ। ਇਸ ਦੌਰਾਨ ਬਿਕਰਮਜੀਤ ਸਿੰਘ ਦੀ ਮੁਲਾਕਾਤ ਸੰਦੀਪ ਕੌਰ ਨਾਲ ਹੋਈ, ਜੋ ਦੋਸਤੀ ਵਿੱਚ ਬਦਲ ਗਈ। ਕੁਝ ਸਮੇਂ ਬਾਅਦ ਬਿਕਰਮਜੀਤ ਸਿੰਘ ਦੀ ਦੋਸਤੀ ਮਨਦੀਪ ਸਿੰਘ, ਜੋ ਕਿ ਜ਼ਿਲ੍ਹਾ ਮੋਗਾ ਦੇ ਅਮਰੀਕਾ ਵਿੱਚ ਸੈਟਲ ਹੈ, ਇਸਦੇ ਨਾਲ ਫੇਸਬੁੱਕ ਰਾਹੀਂ ਹੋ ਗਈ ਅਤੇ ਵਟਸਐਪ ਰਾਹੀਂ ਆਪਸ ਵਿੱਚ ਗੱਲਬਾਤ ਕਰਦਾ ਰਿਹਾ।

ਦੱਸਿਆ ਜਾ ਰਿਹਾ ਹੈ ਕਿ ਮਨਦੀਪ ਸਿੰਘ ਨੇ ਬਿਕਰਮਜੀਤ ਸਿੰਘ ਨਾਲ ਕਈ ਵਾਰ ਸ੍ਰੀਨਗਰ ਘੁੰਮਣ ਦੀ ਗੱਲ ਕੀਤੀ ਸੀ। ਉਸ ਨੇ ਬਿਕਰਮਜੀਤ ਨੂੰ ਕੋਈ ਵੱਡਾ ਕੰਮ ਅਤੇ ਹੋਰ ਪੈਸੇ ਦਿਵਾਉਣ ਦੀ ਗੱਲ ਕਰਕੇ ਆਪਣੇ ਜਾਲ ਵਿੱਚ ਫਸਾ ਲਿਆ। ਕੁਝ ਦਿਨ ਪਹਿਲਾਂ ਮਨਦੀਪ ਸਿੰਘ ਨੇ ਬਿਕਰਮਜੀਤ ਸਿੰਘ ਨੂੰ ਸ੍ਰੀਨਗਰ ਜਾਣ ਲਈ ਕਿਹਾ। ਉਹ 23 ਜੁਲਾਈ ਨੂੰ ਆਪਣੇ ਸਾਥੀ ਕੁਲਦੀਪ ਸਿੰਘ ਨਾਲ ਆਪਣੀ ਸਵਿਫਟ ਕਾਰ ਵਿੱਚ ਸ੍ਰੀਨਗਰ ਲਈ ਰਵਾਨਾ ਹੋਇਆ ਸੀ। ਜਾਂਦੇ ਸਮੇਂ ਕੁਲਦੀਪ ਸਿੰਘ ਆਪਣੀ ਸਹੇਲੀ ਸੰਦੀਪ ਕੌਰ ਨੂੰ ਵੀ ਨਾਲ ਲੈ ਗਿਆ। ਜੰਮੂ ਵਿੱਚ ਰਾਤ ਕੱਟਣ ਤੋਂ ਬਾਅਦ ਉਹ ਅਗਲੇ ਦਿਨ ਸ੍ਰੀਨਗਰ ਪਹੁੰਚ ਗਿਆ। 25 ਜੁਲਾਈ ਨੂੰ ਮਨਦੀਪ ਸਿੰਘ ਨੇ ਅਮਰੀਕਾ ਤੋਂ ਬਿਕਰਮਜੀਤ ਸਿੰਘ ਨੂੰ ਵਟਸਐਪ ਕਾਲ ਕੀਤੀ।

ਪੁਲਿਸ ਨੇ ਉਸ ਨੂੰ ਥਾਣੇ ‘ਚ ਚੈਕਿੰਗ ਲਈ ਰੋਕਿਆ ਗਿਆ। ਚੈਕਿੰਗ ਦੌਰਾਨ ਕਾਰ ‘ਚੋਂ 17 ਪੈਕਟ ਹੈਰੋਇਨ (Heroin) ਬਰਾਮਦ ਹੋਈ। ਐਸਐਸਪੀ ਗੁਰਦਾਸਪੁਰ ਹਰੀਸ਼ ਓਮ ਪ੍ਰਕਾਸ਼ ਦਿਆਮਾ ਨੇ ਦੱਸਿਆ ਕਿ ਇਸ ਡਰੱਗ ਰੈਕੇਟ ਦਾ ਮਾਸਟਰ ਮਾਈਂਡ ਮਨਦੀਪ ਸਿੰਘ ਧਾਲੀਵਾਲ ਅਮਰੀਕਾ ਤੋਂ ਡਰੱਗ ਰੈਕੇਟ ਚਲਾ ਰਿਹਾ ਹੈ। ਹੁਣ ਪੁਲਿਸ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਪੂਰੇ ਮਾਮਲੇ ਦੀ ਜਾਂਚ ਕਰੇਗੀ।

Exit mobile version