July 5, 2024 12:41 am
ਪਰਾਲੀ ਸਾੜਨ

ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਦੀ ਸੂਚਨਾ ਦੇਣ ਲਈ ਹੈਲਪ ਲਾਈਨ ਨੰਬਰ ਜਾਰੀ

ਸੰਗਰੂਰ 26 ਨਵੰਬਰ, 2022: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜ਼ਿਲ੍ਹੇ ਦੇ ਅੰਦਰੂਨੀ ਤੇ ਬਾਹਰੀ ਹਿੱਸਿਆਂ ਵਿੱਚ ਨਜਾਇਜ਼ ਸ਼ਰਾਬ ਦੀ ਵਿਕਰੀ ਨੂੰ ਮੁਕੰਮਲ ਠੱਲ੍ਹ ਪਾਉਣ ਦੇ ਸਖ਼ਤ ਆਦੇਸ਼ ਦਿੱਤੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਸ਼ਾ ਤਸਕਰਾਂ, ਨਸ਼ਾ ਸਪਲਾਈ ਕਰਨ ਵਾਲਿਆਂ ਅਤੇ ਨਜਾਇਜ਼ ਸ਼ਰਾਬ ਕੱਢਣ ਵਾਲਿਆਂ ਨੂੰ ਮੁਕੰਮਲ ਠੱਲ੍ਹ ਪਾਉਣ ਲਈ 24X7 ਚੌਕਸੀ ਰੱਖੀ ਜਾਵੇ। ਡਿਪਟੀ ਕਮਿਸ਼ਨਰ ਨੇ ਆਬਕਾਰੀ ਵਿਭਾਗ ਅਤੇ ਪੁਲਿਸ ਵਿਭਾਗ ਨੂੰ ਆਪਸੀ ਤਾਲਮੇਲ ਰੱਖਦੇ ਹੋਏ ਇਸ ਗੱਲ ਨੂੰ ਯਕੀਨੀ ਬਣਾਉਣ ਦੇ ਹੁਕਮ ਕੀਤੇ ਕਿ ਗੁਆਂਢੀ ਸੂਬਿਆਂ ਰਾਹੀਂ ਨਸ਼ਾ ਤਸਕਰੀ ਨਾ ਹੋਵੇ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਕਰਦਿਆਂ ਓਪਰੇਸ਼ਨ ਰੈੱਡ ਰੋਜ਼ ਨੂੰ ਸਫ਼ਲ ਬਣਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਬਕਾਰੀ ਵਿਭਾਗ, ਪੰਜਾਬ ਵੱਲੋਂ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਦੀ ਸੂਚਨਾ ਦੇਣ ਲਈ ਇੱਕ ਹੈਲਪ ਲਾਈਨ ਨੰਬਰ 98759-61126 ਜਾਰੀ ਕੀਤਾ ਗਿਆ ਹੈ ਅਤੇ ਜੋ ਵੀ ਵਿਅਕਤੀ ਇਸ ਹੈਲਪਲਾਈਨ ‘ਤੇ ਸੂਚਨਾ ਮੁਹੱਈਆ ਕਰਵਾਉਂਦਾ ਹੈ, ਉਸਦਾ ਨਾਮ ਗੁਪਤ ਰੱਖਿਆ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਨਜਾਇਜ਼ ਸ਼ਰਾਬ ਦੀ ਵਿਕਰੀ ਨੂੰ ਰੋਕਣ ਲਈ ਵਿਸ਼ੇਸ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ 10 ਆਬਕਾਰੀ ਨਿਰੀਖਕਾਂ ਦੀਆਂ ਟੀਮਾਂ 24 ਘੰਟੇ ਨਾਕਾਬੰਦੀ ਅਤੇ ਚੈਕਿੰਗ ਲਈ ਕਾਰਜਸ਼ੀਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਨੂੰ ਸ਼ਰਾਬ ਦੀ ਸਮਗਲਿੰਗ ਨੂੰ ਰੋਕਣ ਲਈ ਹਰਿਆਣਾ ਰਾਜ ਨਾਲ ਲੱਗਦੇ ਖੇਤਰਾਂ ਵਿੱਚ ਸਖ਼ਤ ਨਾਕਾਬੰਦੀ ਕਰਨ ਦੀ ਹਦਾਇਤ ਦੇ ਨਾਲ ਨਾਲ ਖਾਲੀ ਪਏ ਗੋਦਾਮਾਂ, ਢਾਬਿਆਂ ਆਦਿ ਜਿੱਥੇ ਸ਼ਰਾਬ ਦਾ ਲੁਕਵਾਂ ਭੰਡਾਰ ਹੋ ਸਕਦਾ ਹੈ, ਦੀ ਨਿਰੰਤਰ ਚੈਕਿੰਗ ਕਰਨ ਦੀ ਹਦਾਇਤ ਵੀ ਕੀਤੀ ਗਈ ਹੈ। ਉਨ੍ਹਾਂ ਹਦਾਇਤ ਕੀਤੀ ਕਿ ਕਿ ਜਿਹੜੇ ਪਿੰਡਾਂ ਵਿੱਚ ਲੋਕ ਕੱਚੀ ਸ਼ਰਾਬ ਜਾਂ ਲਾਹਣ ਕਸੀਦ ਕਰਨ ਅਤੇ ਵੇਚਣ ਦੇ ਆਦੀ ਹਨ, ਉਹਨਾਂ ਪਿੰਡਾਂ ਵਿੱਚ ਪੁਲਿਸ ਦੀ ਮਦਦ ਨਾਲ ਵਿਸ਼ੇਸ਼ ਅਭਿਆਨ ਚਲਾਇਆ ਜਾਵੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਸ਼ੇਸ਼ ਮੁਹਿੰਮ ਤਹਿਤ ਪੁਲਿਸ ਅਤੇ ਆਬਕਾਰੀ ਵਿਭਾਗ ਵੱਲੋਂ ਮੌਜੂਦਾ ਸਾਲ ਦੌਰਾਨ 01.04.2022 ਤੋਂ 31.10.2022 ਤੱਕ ਜ਼ਿਲ੍ਹੇ ਦੇ ਵੱਖ-ਵੱਖ ਪੁਲਿਸ ਸਟੇਸ਼ਨਾਂ ਵਿੱਚ ਆਬਕਾਰੀ ਐਕਟ ਅਧੀਨ 223 ਐਫ.ਆਈ.ਆਰ ਦਰਜ ਕਰਵਾਈਆਂ ਜਾ ਚੁੱਕੀਆਂ ਹਨ ਅਤੇ ਇਹਨਾਂ ਦਰਜ ਮੁਕੱਦਮਿਆਂ ਵਿੱਚ 11763 ਬੋਤਲਾਂ ਦੇਸੀ ਸ਼ਰਾਬ ਮਾਰਕਾ ਹਰਿਆਣਾ, 3843 ਲੀਟਰ ਲਾਹਣ, ਕੱਚੀ ਸ਼ਰਾਬ 263 ਲੀਟਰ ਅਤੇ 10 ਚਾਲੂ ਭੱਠੀਆਂ ਦੀ ਰਿਕਵਰੀ ਕੀਤੀ ਗਈ ਹੈ।

ਚੰਦਰ ਮਹਿਤਾ, ਸਹਾਇਕ ਕਮਿਸ਼ਨਰ (ਆਬਕਾਰੀ) ਸੰਗਰੂਰ ਰੇਂਜ ਵੱਲੋਂ ਦੱਸਿਆ ਗਿਆ ਕਿ ਆਬਕਾਰੀ ਵਿਭਾਗ ਵੱਲੋਂ ਸ਼ਰਾਬ ਦੀ ਸਮਗਲਿੰਗ ਨੂੰ ਰੋਕਣ ਲਈ ਸ਼ਰਾਬ ਉੱਪਰ ਕਿਊ ਆਰ ਕੋਡ ਲਗਾਏ ਜਾਂਦੇ ਹਨ, ਜਿਸ ਨਾਲ ਪੂਰੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਉਹਨਾਂ ਇਹ ਵੀ ਦੱਸਿਆ ਕਿ ਲੋੜੀਂਦੇ ਦਸਤਾਵੇਜ਼ਾਂ ਤੋਂ ਬਿਨਾਂ ਪਕੜੀ ਗਈ ਸ਼ਰਾਬ ਦੀ ਰਿਕਵਰੀ, ਇੱਕ ਗ਼ੈਰ-ਜ਼ਮਾਨਤੀ ਜੁਰਮ ਹੈ, ਇਸ ਲਈ 2, 00, 000/- ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ, ਸ਼ਰਾਬ ਲਿਆਉਣ ਲਈ ਵਰਤੀ ਗਈ ਗੱਡੀ ਨੂੰ ਕਬਜ਼ੇ ਵਿੱਚ ਲਿਆ ਜਾ ਸਕਦਾ ਹੈ, ਜੋ ਕਿ ਗੱਡੀ ਦੀ ਵੈਲਿਊ ਦੇ ਬਰਾਬਰ ਦੀ ਕੀਮਤ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਉਪਰੰਤ ਹੀ ਰੀਲੀਜ਼ ਕੀਤੀ ਜਾਂਦੀ ਹੈ ਅਤੇ ਸਜ਼ਾ ਵੀ ਹੋ ਸਕਦੀ ਹੈ।