ਚੰਡੀਗੜ੍ਹ, 28 ਮਈ, 2024: ਹਰਿਆਣਾ-ਪੰਜਾਬ ‘ਚ ਅੱਤ ਦੀ ਗਰਮੀ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਨੇ 30 ਮਈ ਤੱਕ ਹੀਟ ਵੇਵ ਅਲਰਟ (Heat wave alert) ਜਾਰੀ ਕੀਤਾ ਹੈ। ਦਿਨਾਂ ਦੇ ਨਾਲ-ਨਾਲ ਰਾਤਾਂ ‘ਚ ਵੀ ਤਾਪਮਾਨ ਵੱਧ ਰਿਹਾ ਹੈ। ਜਿਸ ਕਾਰਨ ਘੱਟੋ-ਘੱਟ ਤਾਪਮਾਨ ‘ਚ 1.3 ਡਿਗਰੀ ਦਾ ਵਾਧਾ ਹੋਇਆ ਹੈ ਜੋ ਕਿ ਆਮ ਨਾਲੋਂ 3.3 ਡਿਗਰੀ ਵੱਧ ਹੈ।
ਦੂਜੇ ਪਾਸੇ ਮੌਸਮ ਵਿਭਾਗ ਨੇ ਹਰਿਆਣਾ ਦੇ 16 ਜ਼ਿਲ੍ਹਿਆਂ ਵਿੱਚ ਹੀਟ ਵੇਵ ਦਾ ਰੈੱਡ ਅਲਰਟ (Heat wave alert) ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿੱਚ ਸਿਰਸਾ, ਫਤਿਹਾਬਾਦ, ਹਿਸਾਰ, ਜੀਂਦ, ਸੋਨੀਪਤ, ਪਾਣੀਪਤ, ਝੱਜਰ, ਭਿਵਾਨੀ, ਚਰਖੀ ਦਾਦਰੀ, ਝੱਜਰ, ਮਹਿੰਦਰਗੜ੍ਹ, ਰੇਵਾੜੀ, ਗੁਰੂਗ੍ਰਾਮ, ਫਰੀਦਾਬਾਦ, ਮੇਵਾਤ ਅਤੇ ਪਲਵਲ ਸ਼ਾਮਲ ਹਨ।
ਮਿਲੀ ਜਾਣਕਾਰੀ ਮੁਤਾਬਕ ਨਾਰਨੌਲ ਵਿੱਚ ਰਾਤ ਦਾ ਤਾਪਮਾਨ 31.5 ਡਿਗਰੀ ਤੱਕ ਪਹੁੰਚ ਗਿਆ, ਜੋ ਕਿ ਆਮ ਨਾਲੋਂ 7.5 ਡਿਗਰੀ ਵੱਧ ਹੈ। ਅੰਬਾਲਾ ਵਿੱਚ 29.5 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਸਿਰਸਾ, ਨੂਹ, ਹਿਸਾਰ, ਨਾਰਨੌਲ ਅਤੇ ਝੱਜਰ ਵਿੱਚ ਗਰਮ ਹਵਾਵਾਂ ਜਾਰੀ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਸਿਰਸਾ ਵਿੱਚ ਤਾਪਮਾਨ 48.4 ਡਿਗਰੀ ਤੱਕ ਪਹੁੰਚ ਗਿਆ ਹੈ। ਇਹ ਹੁਣ ਤੱਕ ਦਾ ਰਿਕਾਰਡ ਵਾਧਾ ਹੈ।
ਗਰਮੀ ਵਧਣ ਨਾਲ ਸੂਬੇ ਵਿੱਚ ਬਿਜਲੀ ਦੀ ਖਪਤ ਵੀ ਵੱਧ ਰਹੀ ਹੈ। ਹਰਿਆਣਾ ਵਿੱਚ ਬਿਜਲੀ ਦੀ ਮੰਗ 25.91 ਕਰੋੜ ਯੂਨਿਟ ਤੱਕ ਪਹੁੰਚ ਗਈ ਹੈ। ਸੂਬੇ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ। ਇਹ 2023 ਦੇ ਮੁਕਾਬਲੇ 47.62% ਜ਼ਿਆਦਾ ਹੈ।