ਪਟਿਆਲਾ 27 ਸਤੰਬਰ 2022: ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ (Shaheed-e-Azam Bhagat Singh) ਦੇ 115ਵੇਂ ਜਨਮ ਦਿਨ ਦੀ ਪੂਰਵ ਸੰਧਿਆ ਮੌਕੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਗਏ ਵਾਕ-ਏ-ਥਾਨ ਅਤੇ ਕੈਂਡਲ ਮਾਰਚ ਵਿੱਚ ਵੱਡੀ ਗਿਣਤੀ ਲੋਕਾਂ ਨੇ ਸ਼ਿਰਕਤ ਕੀਤੀ। ਜਦਕਿ ਪੋਲੋ ਗਰਾਊਂਡ ਵਿਖੇ ਸ਼ਹੀਦ ਭਗਤ ਸਿੰਘ ਦੇ ਜੀਵਨ ਤੇ ਵਿਚਾਰਧਾਰਾ ‘ਤੇ ਅਧਾਰਤ ਨਾਟਕ ‘ਬੁੱਤ ਜਾਗ ਪਿਆ’ ਦਾ ਸਫ਼ਲ ਮੰਚਨ ਹੋਇਆ।
ਇਸ ਕੇਂਡਲ ਮਾਰਚ ਵਿੱਚ ਸਿਹਤ ਮੰਤਰੀ ਜੋੜੇਮਾਜਰਾ ਤੋਂ ਇਲਾਵਾ ਖਿਡਾਰੀ, ਵਿਦਿਆਰਥੀ, ਆਯੁਰਵੈਦਿਕ ਤੇ ਯੂਨਾਨੀ ਡਾਕਟਰਾਂ ਸਮੇਤ ਵੱਡੀ ਗਿਣਤੀ ਪਟਿਆਲਾ ਵਾਸੀਆਂ ਨੇ ਬਹੁਤ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਪੋਲੋ ਗਰਾਊਂਡ ਵਿਖੇ ਜਾ ਕੇ ਸਮਾਪਤ ਹੋਏ ਇਸ ਪੈਦਲ ਕੈਂਡਲ ਮਾਰਚ ਨੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਉਪਰ ਫੁੱਲ ਚੜ੍ਹਾਏ ਅਤੇ ਉਨ੍ਹਾਂ ਵੱਲੋਂ ਦਰਸਾਏ ਰਾਹ ਉਤੇ ਚੱਲਣ ਦਾ ਪ੍ਰਣ ਕੀਤਾ।
ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਅਸਥਾਨ ਉਪਰ ਸਹੁੰ ਚੁੱਕ ਕੇ ਲੋਕਾਂ ਦੀ ਸੇਵਾ ਸੰਭਾਲੀ ਹੈ, ਜਿਸ ਲਈ ਭਗਵੰਤ ਮਾਨ ਸਰਕਾਰ ਵੱਲੋਂ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਸਿਰਜਣ ਅਤੇ ਰੰਗਲਾ ਪੰਜਾਬ ਬਣਾਉਣ ਲਈ ਜੀਅਤੋੜ ਯਤਨ ਕੀਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ 28 ਸਤੰਬਰ ਨੂੰ ਸਵੇਰੇ 6 ਵਜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਤੋਂ ਸਾਈਕਲ ਰੈਲੀ ਕੱਢੀ ਜਾਵੇਗੀ ਅਤੇ ਸਵੇਰੇ 9 ਵਜੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਤਸਵੀਰ ਉਪਰ ਫੁੱਲ ਭੇਟ ਕਰਦੇ ਹੋਏ ਸ਼ਹੀਦ ਭਗਤ ਸਿੰਘ ਪਾਰਕ ਘਲੋੜੀ ਗੇਟ ਵਿਖੇ ਗਾਰਡ ਆਫ ਆਨਰ ਦਿੱਤਾ ਜਾਵੇਗਾ।
ਬਾਅਦ ਵਿੱਚ ਖੇਡ ਵਿਭਾਗ ਵੱਲੋਂ ਪੋਲੋ ਗਰਾਊਂਡ ਵਿਖੇ ਪ੍ਰਦਰਸ਼ਨੀ ਮੈਚ ਖੇਡਿਆ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ 28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ 115ਵਾਂ ਜਨਮ ਦਿਨ ਮਨਾਉਣ ਲਈ ਕਰਵਾਏ ਜਾ ਰਹੇ ਵੱਖ ਵੱਖ ਸਮਾਗਮਾਂ ਵਿੱਚ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਿਰਕਤ ਕਰਨ ਦੀ ਅਪੀਲ ਕੀਤੀ।