Site icon TheUnmute.com

ਡਾ: ਬਲਬੀਰ ਸਿੰਘ ਨੇ ਮੋਹਾਲੀ ਦੇ ਸ਼ਹਿਰੀ ਖੇਤਰਾਂ ‘ਚ ‘ਹਰ ਸ਼ੁੱਕਰਵਾਰ ਡੇਂਗੂ ਤੇ ਵਾਰ’ ਮੁਹਿੰਮ ਦੀ ਕੀਤੀ ਅਗਵਾਈ

Dengue

ਐੱਸ ਏ ਐੱਸ ਨਗਰ, 11 ਅਗਸਤ, 2023: ਮੁੱਖ ਮੰਤਰੀ ਪੰਜਾਬ, ਸ. ਭਗਵੰਤ ਮਾਨ ਵੱਲੋਂ ਪਿਛਲੇ ਸ਼ੁੱਕਰਵਾਰ ਨੂੰ ਸ਼ੁਰੂ ਕੀਤੀ ਗਈ ‘ਹਰ ਸ਼ੁੱਕਰਵਾਰ ਡੇਂਗੂ ਤੇ ਵਾਰ’ ਮੁਹਿੰਮ ਨੂੰ ਜਾਰੀ ਰੱਖਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸ਼ੁੱਕਰਵਾਰ ਨੂੰ ਖੁਦ ਐਸ.ਏ.ਐਸ.ਨਗਰ ਮੋਹਾਲੀ ਦੇ ਸੈਕਟਰ 78 ਸਥਿਤ ਘਰਾਂ ਦਾ ਦੌਰਾ ਕਰਕੇ ਸ਼ਹਿਰ ਵਾਸੀਆਂ ਨੂੰ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਇਸ ਸ਼ਹਿਰੀ ਖੇਤਰ ਨੂੰ ਇਸ ਲਈ ਜਨਤਕ ਜਾਗਰੂਕਤਾ ਗਤੀਵਿਧੀ ਲਈ ਚੁਣਿਆ ਗਿਆ ਕਿਉਂਕਿ ਇਹ ਪਿਛਲੇ ਸਾਲ ਡੇਂਗੂ (Dengue) ਦਾ ਹੌਟਸਪੌਟ ਸੀ।

ਸਿਹਤ ਮੰਤਰੀ ਨੇ ਇਸ ਮੌਕੇ ਨਗਰ ਨਿਗਮ ਮੋਹਾਲੀ ਦੇ ਕਮਿਸ਼ਨਰ ਨਵਜੋਤ ਕੌਰ, ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਆਦਰਸ਼ਪਾਲ ਕੌਰ, ਐਸ.ਡੀ.ਐਮ. ਰਵਿੰਦਰ ਸਿੰਘ, ਸਿਵਲ ਸਰਜਨ ਡਾ. ਮਹੇਸ਼ ਕੁਮਾਰ ਆਹੂਜਾ, ਸਟੇਟ ਪ੍ਰੋਗਰਾਮ ਅਫ਼ਸਰ ਐਨ.ਵੀ.ਬੀ.ਡੀ.ਸੀ.ਪੀ ਡਾ. ਅਰਸ਼ਦੀਪ ਕੌਰ ਅਤੇ ਹੋਰ ਸੀਨੀਅਰ ਸਿਹਤ ਅਧਿਕਾਰੀਆਂ ਦੇ ਨਾਲ ਲੋਕਾਂ ਨੂੰ ਡੇਂਗੂ ਅਤੇ ਹੋਰ ਵੈਕਟਰ ਬੋਰਨ ਬਿਮਾਰੀਆਂ ਤੋਂ ਬਚਾਅ ਲਈ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਵਜੋਂ ਮਨਾਉਣ ਲਈ ਆਖਿਆ ਜਾਂਦਾ ਹੈ।

ਕੈਬਨਿਟ ਮੰਤਰੀ ਨੇ ਘਰ-ਘਰ ਜਾ ਕੇ ਵੱਖ-ਵੱਖ ਪਾਣੀ ਵਾਲੇ ਬਰਤਨਾਂ, ਪਾਣੀ ਦੀਆਂ ਟੈਂਕੀਆਂ, ਫੁੱਲਾਂ/ਪੌਦਿਆਂ ਦੇ ਗਮਲੇ, ਘਰਾਂ, ਪਾਰਕਾਂ ਅਤੇ ਉਸਾਰੀ ਵਾਲੀਆਂ ਥਾਵਾਂ ਦੇ ਬਾਹਰ ਜਾਂ ਅੰਦਰ ਪਏ ਪੰਛੀਆਂ ਨੂੰ ਪਾਣੀ ਪਿਲਾਉਣ ਲਈ ਵਰਤੇ ਜਾਂਦੇ ਭਾਂਡਿਆਂ ਦੀ ਜਾਂਚ ਕੀਤੀ। ਸਿਹਤ ਮੰਤਰੀ ਵੱਲੋਂ ਹਰ ਉਸ ਥਾਂ ਦੀ ਚੈਕਿੰਗ ਕੀਤੀ ਜਿੱਥੇ ਡੇਂਗੂ (Dengue) ਦਾ ਲਾਰਵਾ ਹੋਣ ਦੀ ਸੰਭਾਵਨਾ ਸੀ ਅਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਸਿੱਖਿਆ ਅਤੇ ਜਾਗਰੂਕਤਾ ਬਿਮਾਰੀ ਤੋਂ ਬਚਾਅ ਦੀ ਕੁੰਜੀ ਹੈ ਅਤੇ ਇਹ ਆਈ ਈ ਸੀ (ਸੂਚਨਾ ਸਿੱਖਿਆ ਅਤੇ ਸੰਚਾਰ) ਮੁਹਿੰਮ ਦਸੰਬਰ ਤੱਕ ਜਾਰੀ ਰਹੇਗੀ ਜਦੋਂ ਤੱਕ ਮੱਛਰ ਦੇ ਲਾਰਵੇ ਦਾ ਪ੍ਰਜਣਨ ਸੀਜ਼ਨ ਨਹੀਂ ਜਾਂਦਾ।

ਆਪਣੇ ਦੌਰੇ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਖਾਲੀ ਪਲਾਟਾਂ ਵਿੱਚ ਪਾਏ ਗਏ ਲਾਰਵੇ ਦਾ ਵੀ ਸਖ਼ਤ ਨੋਟਿਸ ਲਿਆ ਅਤੇ ਕਮਿਸ਼ਨਰ ਨਗਰ ਨਿਗਮ ਮੁਹਾਲੀ ਨੂੰ ਬਣਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਅਜਿਹੇ ਹੀ ਇੱਕ ਪਲਾਟ ਵਿੱਚ ਗੰਬੂਸ਼ੀਆ ਮੱਛੀ ਨੂੰ ਖੜ੍ਹੇ ਪਾਣੀ ਵਿੱਚ ਛੱਡਿਆ।

ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹਰ ਸ਼ੁੱਕਰਵਾਰ ਸਵੇਰੇ 9:00 ਵਜੇ ਤੋਂ ਸਵੇਰੇ 10:00 ਵਜੇ ਤੱਕ ਇੱਕ ਘੰਟਾ ਆਪਣੇ ਘਰਾਂ ਅਤੇ ਆਲੇ ਦੁਆਲੇ ਡੇਂਗੂ (Dengue) ਵਿਰੋਧੀ ਗਤੀਵਿਧੀਆਂ ਕਰਨ ਲਈ ਲਾਉਣ। ਇਸ ਦੌਰਾਨ ਸਾਰੇ ਫੁੱਲਾਂ ਦੇ ਗਮਲੇ, ਕੂਲਰ ਚ ਖੜ੍ਹਾ ਪਾਣੀ, ਫਰਿੱਜ ਦੀਆਂ ਟਰੇਆਂ ਅਤੇ ਖੁੱਲ੍ਹੇ ਵਿੱਚ ਪਏ ਪਾਣੀ ਨਾਲ ਭਰੇ ਹੋਰ ਕਿਸੇ ਵੀ ਭਾਂਡੇ ਚੋਂ ਪਾਣੀ ਦੀ ਨਿਕਾਸੀ ਕਰਨ ਤੋਂ ਇਲਾਵਾ ਸੁਕਾ ਦੇਣਾ ਚਾਹੀਦਾ ਹੈ ਤਾਂ ਜੋ ਮੱਛਰ ਦੇ ਲਾਰਵੇ ਦਾ ਪ੍ਰਜਣਨ ਚੱਕਰ ਟੁੱਟ ਜਾਵੇ, ਜਿਸ ਨੂੰ ਬਾਲਗ਼ ਮੱਛਰ ਵਜੋਂ ਵਿਕਸਿਤ ਹੋਣ ਵਿੱਚ ਇੱਕ ਹਫ਼ਤਾ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖਾਣਾ ਬਣਾਉਣ/ਤਲਣ ਲਈ ਵਰਤਿਆ ਜਾਂਦਾ ਤੇਲ ਜਦੋਂ ਵਰਤੋਂ ਯੋਗ ਨਾ ਰਹੇ ਤਾਂ ਅਸੀਂ ਉਸ ਨੂੰ ਵੀ ਖੜ੍ਹੇ ਪਾਣੀ ਵਿੱਚ ਮਿਲਾ ਕੇ ਡੇਂਗੂ ਮੱਛਰ ਦੇ ਲਾਰਵੇ ਨੂੰ ਖਤਮ ਕਰ ਸਕਦੇ ਹਾਂ।

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਇਹ ਵੀ ਦੱਸਿਆ ਕਿ ਭਾਵੇਂ ਡੇਂਗੂ ਦਾ ਟੈਸਟ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਮੁਫ਼ਤ ਹੈ ਪਰ ਅਸੀਂ ਕੁਝ ਸਾਧਾਰਨ ਸਾਵਧਾਨੀਆਂ ਅਪਣਾ ਕੇ ਡੇਂਗੂ ਤੋਂ ਆਪਣੇ ਆਪ ਨੂੰ ਬਚਾ ਸਕਦੇ ਹਾਂ। ਡਾਕਟਰ ਬਲਬੀਰ ਸਿੰਘ ਨੇ ਵਸਨੀਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਆਪਣੀਆਂ ਸੁਸਾਇਟੀਆਂ ਜਾਂ ਮੁਹੱਲਿਆਂ ਵਿੱਚ ਲੋਕਾਂ ਨੂੰ ਅਜਿਹੀਆਂ ਸਾਵਧਾਨੀਆਂ ਬਾਰੇ ਜਾਗਰੂਕ ਕਰਕੇ ਇਸ ਮੁਹਿੰਮ ਦੀ ਅਗਵਾਈ ਕਰਨ।

Exit mobile version