ਚੰਡੀਗੜ੍ਹ 7 ਜਨਵਰੀ 2022: ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ (Mohammad Siraj) ਦੇ ਦੱਖਣੀ ਅਫਰੀਕਾ ਖਿਲਾਫ ਸੀਰੀਜ਼ ਦੇ ਤੀਜੇ ਅਤੇ ਆਖਰੀ ਟੈਸਟ ਮੈਚ ‘ਚ ਖੇਡਣ ‘ਤੇ ਆਸ਼ੰਕਾ ਜਤਾਈ ਜਾ ਰਹੀ ਹੈ । ਤੁਹਾਨੂੰ ਦਸ ਦਈਏ ਕਿ ਮੁਹੰਮਦ ਸਿਰਾਜ (Mohammad Siraj) ਨੂੰ ਪੱਟ ਦੀਆਂ ਮਾਸਪੇਸ਼ੀਆਂ ‘ਚ ਖਿਚਾਅ ਕਾਰਨ ਟੀਮ ਤੋਂ ਬਾਹਰ ਹੋਣਾ ਪੈ ਸਕਦਾ ਹੈ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਸੀਰੀਜ਼ ਦਾ ਤੀਜਾ ਟੈਸਟ (Test series) 11 ਜਨਵਰੀ ਤੋਂ ਕੇਪਟਾਊਨ ‘ਚ ਖੇਡਿਆ ਜਾਣਾ ਹੈ। ਭਾਰਤ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ (Rahul Dravid) ਨੇ ਵੀ ਦੂਜੇ ਟੈਸਟ ਮੈਚ (Test series) ਦੀ ਸਮਾਪਤੀ ਤੋਂ ਬਾਅਦ ਸਿਰਾਜ ਬਾਰੇ ਅਪਡੇਟ ਦਿੱਤੀ। ਉਨ੍ਹਾਂ ਕਿਹਾ ਕਿ ਸਿਰਾਜ ਪੂਰੀ ਤਰ੍ਹਾਂ ਫਿੱਟ ਨਹੀਂ ਹੈ।
ਤੇਜ਼ ਗੇਂਦਬਾਜ਼ ਸਿਰਾਜ ਨੇ ਦੂਜੇ ਮੈਚ ਦੌਰਾਨ ‘ਹੈਮਸਟ੍ਰਿੰਗ‘ ਦੇ ਖਿਚਾਅ ਕਾਰਨ ਪੂਰੇ ਮੈਚ ਵਿੱਚ ਸਿਰਫ਼ 15.5 ਓਵਰ ਹੀ ਗੇਂਦਬਾਜ਼ੀ ਕੀਤੀ। ਦੂਜੀ ਪਾਰੀ ‘ਚ ਉਹ 6 ਓਵਰ ਹੀ ਕਰ ਸਕੇ। ਰਾਹੁਲ ਦ੍ਰਾਵਿੜ (Rahul Dravid) ਨੇ ਕਿਹਾ, ‘ਸਿਰਾਜ ਪੂਰੀ ਤਰ੍ਹਾਂ ਫਿੱਟ ਨਹੀਂ ਹਨ। ਸਾਨੂੰ ਅੱਗੇ ਵਧ ਕੇ ਉਸ ਦੀ ਫਿਟਨੈੱਸ ਦਾ ਮੁਲਾਂਕਣ ਕਰਨਾ ਹੋਵੇਗਾ ਕਿ ਕੀ ਉਹ ਅਗਲੇ 4 ਦਿਨਾਂ ‘ਚ ਫਿੱਟ ਹੋ ਸਕੇਗਾ ਜਾਂ ਨਹੀਂ। ਟੀਮ ਫਿਜ਼ੀਓ ਸਕੈਨ ਕਰੇਗੀ ਜਿਸ ਤੋਂ ਬਾਅਦ ਸਹੀ ਸਥਿਤੀ ਦਾ ਪਤਾ ਲੱਗ ਸਕੇਗਾ।
ਕੋਚ ਨੇ ਸੱਟ ਦੇ ਬਾਵਜੂਦ ਗੇਂਦਬਾਜ਼ੀ ਲਈ ਸਿਰਾਜ ਦੀ ਤਾਰੀਫ ਕੀਤੀ। ਉਸ ਨੇ ਕਿਹਾ, ‘ਸਿਰਾਜ ਪਹਿਲੀ ਪਾਰੀ ‘ਚ ਵੀ ਪੂਰੀ ਤਰ੍ਹਾਂ ਫਿੱਟ ਨਹੀਂ ਸੀ। ਸਾਡੇ ਕੋਲ ਪੰਜਵਾਂ ਗੇਂਦਬਾਜ਼ ਸੀ ਅਤੇ ਅਸੀਂ ਉਸ ਦੀ ਵਰਤੋਂ ਨਹੀਂ ਕਰ ਸਕੇ ਜਿਵੇਂ ਅਸੀਂ ਚਾਹੁੰਦੇ ਸੀ। ਇਸ ਨਾਲ ਸਾਡੀ ਰਣਨੀਤੀ ਪ੍ਰਭਾਵਿਤ ਹੋਈ।ਜੇਕਰ ਸਿਰਾਜ ਤੀਜੇ ਮੈਚ ਵਿੱਚ ਨਹੀਂ ਖੇਡਦਾ ਹੈ ਤਾਂ ਉਮੇਸ਼ ਯਾਦਵ ਅਤੇ ਇਸ਼ਾਂਤ ਸ਼ਰਮਾ ਵਿੱਚੋਂ ਇੱਕ ਨੂੰ ਪਲੇਇੰਗ ਇਲੈਵਨ ਵਿੱਚ ਜਗ੍ਹਾ ਮਿਲੇਗੀ।ਦੂਜੇ ਮੈਚ ਦੌਰਾਨ ਹਨੁਮਾ ਵਿਹਾਰੀ ਵੀ ਜ਼ਖਮੀ ਹੋ ਗਏ ਸਨ। ਦ੍ਰਾਵਿੜ ਨੇ ਕਿਹਾ, ‘ਜਿੱਥੋਂ ਤੱਕ ਹਨੁਮਾ ਵਿਹਾਰੀ ਦੀ ਸੱਟ ਦਾ ਸਵਾਲ ਹੈ, ਮੈਂ ਉਸ ਦੀ ਸੱਟ ਬਾਰੇ ਜ਼ਿਆਦਾ ਦੱਸਣ ਦੀ ਸਥਿਤੀ ‘ਚ ਨਹੀਂ ਹਾਂ ਕਿਉਂਕਿ ਮੈਂ ਫਿਜ਼ੀਓ ਨਾਲ ਵਿਸਥਾਰ ਨਾਲ ਗੱਲਬਾਤ ਨਹੀਂ ਕੀਤੀ।’