ਚੰਡੀਗੜ੍ਹ, 12 ਸਤੰਬਰ 2023: ਭਿਵਾਨੀ ‘ਚ ਜ਼ਿੰਦਾ ਸਾੜ ਦਿੱਤੇ ਗਏ ਨਾਸਿਰ-ਜੁਨੈਦ ਦੇ ਕਤਲ ਮਾਮਲੇ ‘ਚ ਹਰਿਆਣਾ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਗਊ ਰੱਖਿਅਕ ਮੋਨੂੰ ਮਾਨੇਸਰ (Monu Manesar) ਨੂੰ ਪੁਲਿਸ ਨੇ ਗੁਰੂਗ੍ਰਾਮ ਤੋਂ ਹਿਰਾਸਤ ‘ਚ ਲਿਆ ਹੈ। ਹਰਿਆਣਾ ਪੁਲਿਸ ਹੁਣ ਉਸਨੂੰ ਰਾਜਸਥਾਨ ਪੁਲਿਸ ਦੇ ਹਵਾਲੇ ਕਰ ਸਕਦੀ ਹੈ।
ਮੋਨੂੰ ਮਾਨੇਸਰ ‘ਤੇ ਭਿਵਾਨੀ ‘ਚ ਜ਼ਿੰਦਾ ਸਾੜ ਦਿੱਤੇ ਗਏ ਨਾਸਿਰ ਅਤੇ ਜੁਨੈਦ ਦੇ ਕਤਲ ਕਾਂਡ ਦਾ ਦੋਸ਼ ਹੈ। 16 ਫਰਵਰੀ 2023 ਨੂੰ ਹਰਿਆਣਾ ਦੇ ਭਿਵਾਨੀ ਵਿੱਚ ਇੱਕ ਬੋਲੈਰੋ ਵਿੱਚ ਸੜੀਆਂ ਹੋਈਆਂ ਦੋ ਲਾਸ਼ਾਂ ਮਿਲੀਆਂ ਸਨ।ਇਸ ਮਾਮਲੇ ਦੀ ਜਾਂਚ ਤੋਂ ਬਾਅਦ ਪਤਾ ਲੱਗਾ ਸੀ ਕਿ ਦੋਵੇਂ ਲਾਸ਼ਾਂ ਰਾਜਸਥਾਨ ਦੇ ਗੋਪਾਲਗੜ੍ਹ ਦੇ ਜੁਨੈਦ ਅਤੇ ਨਾਸਿਰ ਦੀਆਂ ਹਨ।
ਮੋਨੂੰ ਮਾਨੇਸਰ (Monu Manesar) ਨੂੰ ਹਰਿਆਣਾ ਪੁਲਿਸ ਦੇ ਸੀਆਈਏ ਸਟਾਫ਼ ਨੇ ਮੰਗਲਵਾਰ ਨੂੰ ਕਰੀਬ 12 ਵਜੇ ਆਈਐਮਟੀ ਮਾਨੇਸਰ 1 ਤੋਂ ਫੜਿਆ ਸੀ। ਮੋਨੂੰ ਨੂੰ ਉਸ ਦੇ ਪਿੰਡ ਦੇ ਬਾਜ਼ਾਰ ਵਿੱਚੋਂ ਹਿਰਾਸਤ ਵਿੱਚ ਲਿਆ ਗਿਆ ਹੈ। ਗੁਰੂਗ੍ਰਾਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੁਰੂਗ੍ਰਾਮ ਪੁਲਿਸ ਨੇ ਮੋਨੂੰ ਨੂੰ ਨਹੀਂ ਚੁੱਕਿਆ ਹੈ। ਸਗੋਂ ਸੀਆਈਏ ਸਟਾਫ਼ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਜ਼ਿਕਰਯੋਗ ਹੈ ਕਿ ਮੋਨੂੰ ਮਾਨੇਸਰ ਬਜਰੰਗ ਦਲ ਦਾ ਮੈਂਬਰ ਅਤੇ ਗਊ ਰੱਖਿਅਕ ਹੈ। ਉਹ ਮਾਨੇਸਰ, ਗੁਰੂਗ੍ਰਾਮ ਦਾ ਰਹਿਣ ਵਾਲਾ ਹੈ। ਮੋਨੂੰ ਮਾਨੇਸਰ ਨੂੰ ਬਜਰੰਗ ਦਲ ਦੀ ਗਊ ਰੱਖਿਆ ਟਾਸਕ ਫੋਰਸ ਯੂਨਿਟ ਅਤੇ ਗਊ ਰੱਖਿਆ ਦਲ ਦੇ ਮੁਖੀ ਵਜੋਂ ਵੀ ਜਾਣਿਆ ਜਾਂਦਾ ਹੈ। ਮੋਨੂੰ ਮਾਨੇਸਰ ਦਾ ਨਾਂ 31 ਜੁਲਾਈ 2023 ਨੂੰ ਹਰਿਆਣਾ ਦੇ ਨੂਹ ‘ਚ ਹਿੰਸਾ ਭੜਕਾਉਣ ਦੇ ਮਾਮਲੇ ‘ਚ ਕਥਿਤ ਤੌਰ ‘ਤੇ ਸ਼ਾਮਲ ਸੀ।