ਚੰਡੀਗੜ੍ਹ, 17 ਅਕਤੂਬਰ 2024: ਹਰਿਆਣਾ ‘ਚ ਵਿਧਾਨ ਸਭਾ ਚੋਣਾਂ ‘ਚ 2024 ਭਾਜਪਾ ਨੇ ਤੀਜੀ ਵਾਰ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ਕੁਝ ਸਮਾਂ ਬਾਅਦ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਵਾਲੇ ਨਾਇਬ ਸੈਣੀ (Nayab Saini) ਅੱਜ ਮੁੜ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।
ਇਸ ਸੰਬੰਧੀ ਪੰਚਕੂਲਾ ਦੇ ਦੁਸਹਿਰਾ ਗਰਾਊਂਡ ਵਿਖੇ ਸ਼ਾਨਦਾਰ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਰਹਿਣਗੇ। ਸਹੁੰ ਚੁੱਕਣ ਤੋਂ ਪਹਿਲਾਂ ਨਾਇਬ ਸੈਣੀ ਮਨਸਾ ਦੇਵੀ ਮੰਦਰ ਪੁੱਜੇ ਅਤੇ ਮਾਤਾ ਦਾ ਆਸ਼ੀਰਵਾਦ ਲਿਆ।
ਦੂਜੇ ਪਾਸੇ ਸਮਾਗਮ ਲਈ ਮਹਿਮਾਨਾਂ ਦਾ ਆਉਣਾ ਸ਼ੁਰੂ ਹੋ ਗਿਆ ਹੈ। ਵੀਵੀਆਈਪੀ ਮੂਵਮੈਂਟ ਦੇ ਮੱਦੇਨਜ਼ਰ ਟਰੈਫਿਕ ਪੁਲਿਸ ਨੇ ਬੁੱਧਵਾਰ ਤੋਂ ਚੰਡੀਗੜ੍ਹ ਅਤੇ ਪੰਚਕੂਲਾ ਦੀਆਂ ਕਈ ਸੜਕਾਂ ਬੰਦ ਕਰ ਦਿੱਤੀਆਂ ਸਨ ਅਤੇ ਰੂਟ ਡਾਇਵਰਸ਼ਨ ਕਰ ਦਿੱਤੇ ਸਨ।
ਇਸਦੇ ਨਾਲ ਹੀ ਪੰਚਕੂਲਾ ‘ਚ ਹੋਣ ਵਾਲੇ ਸਹੁੰ ਚੁੱਕ ਸਮਾਗਮ ਲਈ ਹਰਿਆਣਾ ਰੋਡਵੇਜ਼ ਦੀਆਂ 2015 ਦੀਆਂ ਬੱਸਾਂ ਲਾਈਆਂ ਗਈਆਂ ਹਨ, ਜਿਨ੍ਹਾਂ ਦੀ ਵਰਤੋਂ ਸਮਾਗਮ ਵਾਲੀ ਥਾਂ ਤੱਕ ਲੋਕਾਂ ਨੂੰ ਲਿਜਾਣ ਲਈ ਕੀਤੀ ਜਾਵੇਗੀ। ਇਸ ਸਬੰਧੀ ਵਿਭਾਗ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਰੋਡਵੇਜ਼ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਬੀਤੇ ਦਿਨ ਪੰਚਕੂਲਾ ਸਥਿਤ ਭਾਜਪਾ ਦਫ਼ਤਰ ‘ਚ ਹੋਈ ਭਾਜਪਾ ਵਿਧਾਇਕ ਦਲ ਦੀ ਬੈਠਕ ‘ਚ ਸਰਬਸੰਮਤੀ ਨਾਲ ਨਾਇਬ ਸੈਣੀ (Nayab Saini) ਨੂੰ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ | ਇਸਦੇ ਨਾਲ ਹੀ ਨਾਇਬ ਸੈਣੀ ਹਰਿਆਣਾ ਦੇ ਦੂਜੀ ਵਾਰ ਮੁੱਖ ਮੰਤਰੀ ਬਣਨਗੇ |