ਚੰਡੀਗੜ੍ਹ, 3 ਅਕਤੂਬਰ 2024: ਹਰਿਆਣਾ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਪ੍ਰਚਾਰ ਵੀਰਵਾਰ ਸ਼ਾਮ ਨੂੰ ਸਮਾਪਤ ਹੋ ਗਿਆ ਹੈ। ਚੋਣ ਪ੍ਰਚਾਰ ਦੇ ਆਖਰੀ ਦਿਨ ਸਾਰੀਆਂ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਨੇ ਸੂਬੇ ਦੀਆਂ ਵੱਖ-ਵੱਖ ਥਾਵਾਂ ‘ਤੇ ਰੈਲੀਆਂ ਅਤੇ ਜਨ ਸਭਾਵਾਂ ਕੀਤੀਆਂ। ਹੁਣ 90 ਸੀਟਾਂ ਲਈ 5 ਅਕਤੂਬਰ ਨੂੰ ਵੋਟਿੰਗ ਹੋਵੇਗੀ ਅਤੇ ਚੋਣ ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ। ਇਸਦੇ ਨਾਲ ਹੀ ਪੋਲਿੰਗ ਪਾਰਟੀਆਂ ਸ਼ੁੱਕਰਵਾਰ ਨੂੰ ਪੋਲਿੰਗ ਬੂਥਾਂ (Polling booths) ‘ਤੇ ਰਵਾਨਾ ਹੋਣਗੀਆਂ।
ਚੋਣ ਕਮਿਸ਼ਨ ਮੁਤਾਬਕ ਹਰਿਆਣਾ ‘ਚ ਕੁੱਲ 20,632 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਫਰੀਦਾਬਾਦ ਸੀਟ ‘ਤੇ ਸਭ ਤੋਂ ਵੱਧ 1650 ਪੋਲਿੰਗ ਬੂਥ (Polling booths) ਹਨ, ਜਦੋਂ ਕਿ ਡੱਬਵਾਲੀ ਵਿਧਾਨ ਸਭਾ ਹਲਕੇ ‘ਚ ਸਭ ਤੋਂ ਘੱਟ 400 ਪੋਲਿੰਗ ਬੂਥ ਹਨ। ਇਸ ਤੋਂ ਬਾਅਦ ਪੰਚਕੂਲਾ ‘ਚ 455 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਚੋਣਾਂ ਲਈ ਰਿਜ਼ਰਵ ਈਵੀਐਮਜ਼ ਸਮੇਤ ਕੁੱਲ 27,866 ਈਵੀਐਮ (ਬੈਲਟ ਯੂਨਿਟ) ਦੀ ਵਰਤੋਂ ਕੀਤੀ ਜਾਵੇਗੀ। ਇਸ ਨਾਲ 26,774 VVPAT ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ। ਇਸਦੇ ਨਾਲ ਹੀ 24,719 ਕੰਟਰੋਲ ਯੂਨਿਟ ਵੀ ਬਣਾਏ ਗਏ ਹਨ।
ਰਾਜ ‘ਚ ਸੀ-ਵਿਜਿਲ ਐਪ ਰਾਹੀਂ ਚੋਣ ਕਮਿਸ਼ਨ ਨੂੰ 28 ਹਜ਼ਾਰ ਸ਼ਿਕਾਇਤਾਂ ਮਿਲੀਆਂ ਹਨ। ਇਨ੍ਹਾਂ ਸਾਰਿਆਂ ‘ਤੇ 100 ਮਿੰਟ ਦੇ ਅੰਦਰ ਕਾਰਵਾਈ ਕੀਤੀ ਹੈ। ਚੋਣ ਕਮਿਸ਼ਨ ਨੂੰ 97 ਫੀਸਦੀ ਸ਼ਿਕਾਇਤਾਂ ਵਾਹਨਾਂ ‘ਤੇ ਪੋਸਟਰ ਚਿਪਕਾਉਣ, ਘਰ-ਘਰ ਪੋਸਟਰ ਲਗਾਉਣ ਅਤੇ ਉੱਚੀ ਆਵਾਜ਼ ‘ਚ ਚੋਣ ਪ੍ਰਚਾਰ ਕਰਨ ਨਾਲ ਸਬੰਧਤ ਸਨ। ਇਨ੍ਹਾਂ ‘ਚੋਂ ਸਭ ਤੋਂ ਵੱਧ 7274 ਸ਼ਿਕਾਇਤਾਂ ਫਰੀਦਾਬਾਦ ਤੋਂ, 3375 ਸ਼ਿਕਾਇਤਾਂ ਸਿਰਸਾ ਤੋਂ ਅਤੇ 2701 ਸ਼ਿਕਾਇਤਾਂ ਰੋਹਤਕ ਜ਼ਿਲ੍ਹੇ ਤੋਂ ਪ੍ਰਾਪਤ ਹੋਈਆਂ ਹਨ।
ਆਬਕਾਰੀ ਵਿਭਾਗ, ਰਾਜ ਪੁਲਿਸ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਚੋਣ ਕਮਿਸ਼ਨ ਦੀ ਟੀਮ ਨੇ ਮਿਲ ਕੇ 68 ਕਰੋੜ 88 ਲੱਖ 90 ਹਜ਼ਾਰ ਰੁਪਏ ਦੀ ਨਕਦੀ, ਸ਼ਰਾਬ, ਨਸ਼ੀਲੇ ਪਦਾਰਥ ਅਤੇ ਹੋਰ ਸਮਾਨ ਜ਼ਬਤ ਕੀਤਾ ਹੈ । ਇਸ ‘ਚ 27 ਕਰੋੜ 97 ਲੱਖ 40 ਹਜ਼ਾਰ ਰੁਪਏ ਦੀ ਨਕਦੀ ਵੀ ਸ਼ਾਮਲ ਹੈ।