Site icon TheUnmute.com

ਹਰਸਿਮਰਤ ਕੌਰ ਬਾਦਲ ਨੇ ਸੰਸਦ ‘ਚ ਨਸ਼ਿਆਂ ਨੂੰ ਲੈ ਕੇ ਭਗਵੰਤ ਮਾਨ ਨੂੰ ਲਿਆ ਲੰਮੇ ਹੱਥੀਂ

Harsimrat Kaur Badal

ਚੰਡੀਗੜ੍ਹ 20 ਦਸੰਬਰ 2022: ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ (Harsimrat Kaur Badal) ਨੇ ਮੰਗਲਵਾਰ ਨੂੰ ਲੋਕ ਸਭਾ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਿਆ। ਹਰਸਿਮਰਤ ਨੇ ਕਿਹਾ ਕਿ ਜਿਹੜਾ ਵਿਅਕਤੀ ਸ਼ਰਾਬ ਪੀ ਕੇ ਸੰਸਦ ‘ਚ ਆਉਂਦਾ ਸੀ, ਉਹੀ ਹੁਣ ਰਾਜ ਚਲਾ ਰਿਹਾ ਹੈ। ਸਾਨੂੰ ਸੜਕਾਂ ‘ਤੇ ‘ਨਾ ਡਰਿੰਕ ਐਂਡ ਡਰਾਈਵ’ ਲਿਖਿਆ ਮਿਲਦਾ ਹੈ, ਪਰ ਉਹ ਸ਼ਰਾਬ ਦੇ ਨਸ਼ੇ ‘ਚ ਰਾਜ ਚਲਾ ਰਹੇ ਹਨ।

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ‘ਚ ਕਾਂਗਰਸ ਦੀ ਸਰਕਾਰ ਆਉਣ ‘ਤੇ ਚਾਰ ਹਫਤਿਆਂ ‘ਚ ਨਸ਼ੇ ਦੀ ਸਮੱਸਿਆ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਅਜਿਹਾ ਕੁਝ ਨਹੀਂ ਹੋਇਆ, ਸਗੋਂ ਨਸ਼ੇ ਨੂੰ ਹਰ ਗਲੀ ਅਤੇ ਹਰ ਘਰ ਤੱਕ ਪਹੁੰਚਾਇਆ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਬਾਦਲ ਨੇ ਪੰਜਾਬ ਦੀ ਮੌਜੂਦਾ ਸਰਕਾਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇੱਕ ਹੋਰ ਨਵੀਂ ਪਾਰਟੀ ਆਈ ਹੈ ਜੋ ਬਦਲਾਅ ਦੀ ਰਾਜਨੀਤੀ ਕਰਨ ਦੀ ਗੱਲ ਕਰ ਰਹੀ ਹੈ ਪਰ 10 ਮਹੀਨਿਆਂ ਦੇ ਅੰਦਰ ਹੀ ਪੰਜਾਬ ਦੇ ਹਾਲਾਤ ਅਜਿਹੇ ਬਣ ਗਏ ਹਨ ਕਿ ਸੁਪਰੀਮ ਕੋਰਟ ਨੇ ਵੀ ਸੂਬਾ ਸਰਕਾਰ ਤੋਂ ਨਾਰਾਜ਼ਗੀ ਜਤਾਈ ਹੈ।

ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ ਸਰਹੱਦ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਨਸ਼ਿਆਂ ਦੀ ਤਸਕਰੀ ਵਿੱਚ ਵੀ ਅੱਗੇ ਹੈ ਅਤੇ ਅੱਜ ਸੂਬੇ ਵਿੱਚ ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਜੇਕਰ ਇਸ ਸਥਿਤੀ ‘ਤੇ ਕਾਬੂ ਨਾ ਪਾਇਆ ਗਿਆ ਤਾਂ ਪੰਜਾਬ ਗ੍ਰਹਿ ਯੁੱਧ ਦੇ ਕੰਢੇ ਪਹੁੰਚ ਸਕਦਾ ਹੈ।

Exit mobile version