Harsimrat Kaur Badal

ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਕਿਸਾਨਾਂ ਦੀਆਂ ਖ਼ਰਾਬ ਹੋਈ ਫ਼ਸਲਾਂ ਲਈ ਕੇਂਦਰ ਤੋਂ ਵਿੱਤੀ ਪੈਕੇਜ ਦੀ ਕੀਤੀ ਮੰਗ

ਚੰਡੀਗੜ੍ਹ 05 ਅਗਸਤ 2022: ਬਠਿੰਡਾ ਦੇ ਐੱਮਪੀ ਹਰਸਿਮਰਤ ਕੌਰ ਬਾਦਲ (Harsimrat Kaur Badal) ਨੇ ਅੱਜ ਕੇਂਦਰ ਸਰਕਾਰ ਤੋਂ ਪੰਜਾਬ ਲਈ ਵਿੱਤੀ ਪੈਕੇਜ ਦੀ ਮੰਗ ਕੀਤੀ ਤਾਂ ਜੋ ਹਾਲ ਹੀ ਵਿਚ ਭਾਰੀ ਬਰਸਾਤਾਂ ਕਾਰਨ ਹੜ੍ਹਾਂ ਅਤੇ ਵਾਰ ਵਾਰ ਫਸਲ ਫੇਲ੍ਹ ਹੋਣ ਨਾਲ ਕਿਸਾਨਾਂ ਨੂੰ ਪਏ ਘਾਟੇ ਦਾ ਮੁਆਵਜ਼ਾ ਦਿੱਤਾ ਜਾ ਸਕੇ। ਸੰਸਦ ਵਿਚ ਬੋਲਦਿਆਂ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਸਿਹਤ ਮੰਤਰੀ ਨੂੰ ਇਹ ਬੇਨਤੀ ਵੀ ਕੀਤੀ ਕਿ ਏਮਜ਼ ਬਠਿੰਡਾ ਦੇ ਟਰੋਮਾ ਸੈਂਟਰ ਨੂੰ ਅਪਗ੍ਰੇਡ ਕਰ ਕੇ 300 ਬੈਡਾਂ ਦਾ ਕਰਨ ਲਈ ਵੀ ਫੰਡਾਂ ਦੀ ਪ੍ਰਵਾਨਗੀ ਦਿੱਤੀ ਜਾਵੇ। ਉਹਨਾਂ ਕਿਹਾ ਕਿ ਸੰਸਥਾ ਦੇ ਐਮਰਜੰਸੀ ਬਲਾਕ ਵਿਚ ਸਿਰਫ 28 ਐਮਰਜੰਸੀ ਮਾਮਲਿਆਂ ਨਾਲ ਨਜਿੱਠਣ ਦੀ ਸਮਰਥਾ ਹੈ।

ਉਹਨਾਂ ਕਿਹਾ ਕਿ ਸ਼ਹਿਰ ਵਿਚੋਂ ਤਿੰਨ ਨੈਸ਼ਨਲ ਹਾਈਵੇ ਤੇ ਦੋ ਸਟੇਟ ਹਾਈਵੇ ਲੰਘਦੇ ਹਨ, ਇਸ ਕਾਰਨ ਹਾਦਸੇ ਬਹੁਤ ਹੁੰਦੇ ਹਨ ਤੇ ਇਸ ਤੋਂ ਇਲਾਵਾ ਉਥੇ ਫੌਜੀ ਤੇ ਹਵਾਈ ਫੌਜ ਛਾਉਣੀਆਂ ਵੀ ਹਨ, ਏਮਜ਼ਾ ਬਠਿੰਡਾ ਦਾ ਟਰੋਮਾ ਸੈਂਟਰ ਤੁਰੰਤ ਅਪਗ੍ਰੇਡ ਹੋਣਾ ਚਾਹੀਦਾ ਹੈ।

ਹਰਸਿਮਰਤ ਕੌਰ ਬਾਦਲ (Harsimrat Kaur Badal)  ਨੇ ਇਹ ਵੀ ਦੱਸਿਆ ਕਿ ਕਿਵੇਂ ਆਮ ਆਦਮੀ ਪਾਰਟੀ ਸਰਕਾਰ ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਲਾਗੂ ਕਰਨ ਵਿਚ ਆਪਣਾ ਫਰਜ਼ ਨਿਭਾਉਣ ਵਿਚ ਫੇਲ੍ਹ ਰਹੀ ਹੈ ਤੇ ਕਿਵੇਂ ਪ੍ਰਾਈਵੇਟ ਤੇ ਸਰਕਾਰੀ ਹਸਪਤਾਲਾਂ ਦੇ 300 ਕਰੋੜ ਰੁਪਏ ਸਰਕਾਰ ਵੱਲ ਬਕਾਇਆ ਹਨ।

ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਕਾਂਗਰਸ ਸਰਕਾਰ ਵੇਲੇ ਤੇ ਹੁਣ ਆਪ ਸਰਕਾਰ ਵੇਲੇ ਪੰਜਾਬੀ ਇਸ ਸਿਹਤ ਬੀਮਾ ਕਵਰ ਤੋਂ ਸੱਖਣੇ ਹਨ ਕਿਉਂਕਿ ਸਰਕਾਰਾਂ ਉਸ ਬੀਮਾ ਕੰਪਨੀ ਖਿਲਾਫ ਕਾਰਵਾਈ ਨਹੀਂ ਕਰ ਸਕੀਆਂ ਜੋ ਆਪਣੇ ਠੇਕੇ ਵਿਚ ਡਿਫਾਲਟਰ ਹੋਈ ਹੈ। ਉਹਨਾਂ ਨੇ ਸਿਹਤ ਮੰਤਰੀ ਨੂੰ ਬੇਨਤੀ ਕੀਤੀ ਕਿ ਦੋਵੇਂ ਸਰਕਾਰੀ ਅਧਿਕਾਰੀਆਂ ਤੇ ਬੀਮਾ ਕੰਪਨੀ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਸਨੇ ਪੰਜਾਬ ਦੇ ਲੋਕਾਂ ਨੂੰ ਠੱਗਿਆ ਹੈ।

ਭਾਰੀ ਬਾਰਿਸ਼ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਤਬਾਹ

ਇਸ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਲਈ ਵਿੱਤੀ ਪੈਕੇਜ ਦੀ ਮੰਗ ਕਰਦਿਆਂ ਬਠਿੰਡਾ ਦੇ ਐਮ ਪੀ ਨੇ ਦੱਸਿਆ ਕਿ ਕਿਵੇਂ ਪਹਿਲਾਂ ਕਣਕ ਤੇ ਹੁਣ ਝੋਨੇ ਦੀ ਫਸਲ ਪਾਲਣ ਵਿਚ ਕਿਸਾਨਾਂ ਦਾ ਨੁਕਸਾਨ ਹੋਇਆ ਤੇ ਲਗਾਤਾਰ ਤਿੰਨ ਵਾਰ ਤੋਂ ਨਰਮੇ ਦੀ ਫਸਲ ਤਬਾਹ ਹੋ ਗਈ। ਉਹਨਾਂ ਦੱਸਿਆ ਕਿ ਮਾਰਚ ਮਹੀਨੇ ਵਿਚ ਅਚਨਚੇਤ ਗਰਮੀ ਵਧਣ ਨਾਲ ਕਣਕ ਦੀ ਫਸਲ ਦਾ ਨੁਕਸਾਨ ਹੋਇਆ ਤੇ ਹੁਣ ਪਾਰੀ ਬਰਸਾਤਾਂ ਮਗਰੋਂ ਆਏ ਹੜ੍ਹਾਂ ਨਾਲ ਮਾਲਵਾ ਖਿੱਤੇ ਵਿਚ ਫਸਲਾਂ ਤਬਾਹ ਹੋ ਗਈਆਂ ਹਨ। ਉਹਨਾਂ ਕਿਹਾ ਕਿ ਪਹਿਲਾਂ ਤਿੰਨ ਵਾਰ ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਦੇ ਹਮਲਿਆਂ ਕਾਰਨ ਨਰਮੇ ਦੀ ਫਸਲ ਤਬਾਹ ਹੋ ਗਈ।

ਖੇਤੀ ਮਜਦੂਰ ਕਿਸਾਨਾਂ ਦੇ ਘਾਟੇ ਦੀ ਹੋਵੇ ਭਰਪਾਈ

ਬਠਿੰਡਾ ਦੇ ਐਮ ਪੀ ਨੇ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਪੀੜਤ ਕਿਸਾਨਾਂ ਵਾਸਤੇ ਕੁਝ ਵੀ ਕਰਨ ਵਿਚ ਨਾਕਾਮ ਰਹੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਨੂੰ ਮਿਲ ਕੇ ਉਹਨਾਂ ਨੂੰ ਰਾਹਤ ਦੇਣ ਦੀ ਥਾਂ ਹਵਾਈ ਦੌਰੇ ਕਰ ਰਹੇ ਹਨ। ਉਹਨਾਂ ਕਿਹਾ ਕਿ ਹੁਣ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਵਰਕਰ ਰਾਹਤ ਪ੍ਰਦਾਨ ਕਰ ਰਹੇ ਹਨ। ਉਹਨਾਂ ਕਿਹਾ ਕਿ ਮੈਂ ਵੀ ਇਸ ਕੰਮ ਵਿਚ ਯੋਗਦਾਨ ਪਾਇਆ ਹੈ ਪਰ ਹਾਲੇ ਬਹੁਤ ਕੁਝ ਕਰਨ ਦੀ ਲੋੜ ਹੈ ਤੇ ਵਿੱਤੀ ਪੈਕੇਜ ਨਾਲ ਹੀ ਕਿਸਾਨਾਂ ਦੇ ਨਾਲ ਨਾਲ ਖੇਤੀ ਮਜ਼ਦੂਰਾਂ ਨੂੰ ਪਏ ਘਾਟੇ ਦੀ ਭਰਪਾਈ ਕੀਤੀ ਜਾ ਸਕਦੀ ਹੈ।

ਉਹਨਾਂ ਨੇ ਆਪ ਸਰਕਾਰ ਦੇ ਢਿੱਲੇ ਰਵੱਈਏ ਕਾਰਨ ਵੀ ਕਿਸਾਨਾਂ ਦੇ ਹੋਏ ਨੁਕਸਾਨ ਨੂੰ ਉਜਾਗਰ ਕੀਤਾ ਤੇ ਦੱਸਿਆ ਕਿ ਮੁੱਖ ਮੰਤਰੀ  ਭਗਵੰਤ ਮਾਨ ਨੇ ਕਿਸਾਨਾਂ ਨੂੰ ਮੂੰਗੀ ਬੀਜਣ ਵਾਸਤੇ ਕਿਹਾ ਸੀ ਤੇ 7225 ਰੁਪਏ ਪ੍ਰਤੀ ਕੁਇੰਟਲ ਐਮ ਐਸ ਪੀ ਦੇਣ ਦਾ ਵਾਅਦਾ ਕੀਤਾ ਸੀ ਪਰ ਉਹਨਾਂ ਨੂੰ ਪ੍ਰਾਈਵੇਟ ਵਪਾਰੀਆਂ ਜੋਗਾ ਹੀ ਛੱਡ ਦਿੱਤਾ ਗਿਆ। ਉਹਨਾਂ ਕਿਹਾ ਕਿ ਸੂਬੇ ਦੀਆਂ ਮੰਡੀਆਂ ਵਿਚ ਆਈ 4 ਲੱਖ ਟਨ ਮੂੰਗੀ ਦੀ ਫਸਲ ਵਿਚੋਂ ਸਿਰਫ 10 ਫੀਸਦੀ ਦੀ ਖਰੀਦ ਸਰਕਾਰੀ ਏਜੰਸੀਆਂ ਨੇ ਕੀਤੀ ਹੈ।

Scroll to Top