ਚੰਡੀਗੜ੍ਹ, 16 ਅਕਤੂਬਰ 2024: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੀ ਵਿੱਤੀ ਹਾਲਤ ਅਤੇ ਮੌਜੂਦਾ ਜੀਐਸਟੀ (GST) ਢਾਂਚੇ ਨੂੰ ਧਿਆਨ ‘ਚ ਰੱਖ ਕੇ ਜੀਐਸਟੀ ਮੁਆਵਜ਼ਾ ਸੈੱਸ ਜਾਰੀ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਮੁਆਵਜ਼ਾ ਸੈੱਸ ਦੇ ਪੁਨਰਗਠਨ ਸਬੰਧੀ ਮੰਤਰੀ ਸਮੂਹ (ਜੀਓਐਮ) ਦੀ ਬੈਠਕ ‘ਚ ਕਿਹਾ ਕਿ ਅਸਥਿਰ ਮੰਗ ਅਤੇ ਲਗਜ਼ਰੀ ਵਸਤਾਂ ‘ਤੇ ਲਗਾਇਆ ਸੈੱਸ ਪੰਜਾਬ ਲਈ ਮਾਲੀਆ ਵਧਾਉਣ ‘ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਨੇ ਸੂਬਿਆਂ ‘ਚ ਮਾਲੀਆ ਵਧਾਉਣ ‘ਚ ਸਵੈ-ਨਿਰਭਰਤਾ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ।
ਉਨ੍ਹਾਂ ਨੇ ਵਾਧੂ ਸੈੱਸ ਦੀ ਉਗਰਾਹੀ ਦੇ ਸਬੰਧੀ ਪੰਜਾਬ ਨੇ ਲੋੜਵੰਦ ਸੂਬਿਆਂ ‘ਚ ਬਰਾਬਰ ਵੰਡ ਨੂੰ ਯਕੀਨੀ ਬਣਾਉਣ ਲਈ ਉਚਿਤ ਪ੍ਰਕਿਰਿਆ ਦੇ ਆਧਾਰ ‘ਤੇ ਸੂਬਿਆਂ ‘ਚ ਵੰਡ ਦਾ ਪ੍ਰਸਤਾਵ ਪੇਸ਼ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਨਾਲ ਦੇਸ਼ ਦਾ ਸੰਘੀ ਢਾਂਚਾ ਮਜ਼ਬੂਤ ਹੋਵੇਗਾ ਅਤੇ ਸੂਬੇ ਆਤਮ ਨਿਰਭਰ ਬਣ ਸਕਣਗੇ। ਉਨ੍ਹਾਂ ਨੇ ਅਜਿਹੇ ਸੂਬਿਆਂ ਦੀ ਪਛਾਣ ਕਰਨ ‘ਤੇ ਵੀ ਧਿਆਨ ਦਿੱਤਾ ਜਿਨ੍ਹਾਂ ਨੂੰ ਅਜਿਹੇ ਮੁਆਵਜ਼ੇ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੂਬਿਆਂ ਨੂੰ ਸੈੱਸ ਦੀ ਬਰਾਬਰ ਵੰਡ ਲਈ ਮਾਪਦੰਡ ਤੈਅ ਕੀਤੇ ਜਾਣੇ ਚਾਹੀਦੇ ਹਨ।