ਚੰਡੀਗੜ੍ਹ 13 ਅਪ੍ਰੈਲ 2022: ਪੰਜਾਬ ਦੇ ਵਿੱਤ ਅਤੇ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਸੂਬੇ ਦੇ ਕਿਸਾਨਾਂ ਦੀ ਸਹੂਲਤ ਲਈ ਪੰਜਾਬ ਰਾਜ ਸਹਿਕਾਰੀ ਕ੍ਰਿਸ਼ੀ ਵਿਕਾਸ ਬੈਂਕ ਦੀ ਵੈੱਬਸਾਈਟ www.agribankpunjab.dronicsoft.com ਲਾਂਚ ਕੀਤੀ।ਉਦਘਾਟਨ ਤੋਂ ਬਾਅਦ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਵੈੱਬਸਾਈਟ ਨਾਲ ਬੈਂਕ ਦੀ ਪਾਰਦਰਸ਼ਤਾ ਵਿੱਚ ਹੋਰ ਸੁਧਾਰ ਹੋਵੇਗਾ ਅਤੇ ਕਿਸਾਨਾਂ ਨੂੰ ਕਰਜ਼ਾ ਸਕੀਮਾਂ ਅਤੇ ਕਰਜ਼ਾ ਲੈਣ ਦੀਆਂ ਪ੍ਰਕਿਰਿਆਵਾਂ ਬਾਰੇ ਵਧੇਰੇ ਜਾਣਕਾਰੀ ਮਿਲੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਵੈੱਬਸਾਈਟ ਨਵੀਂ ਪੀੜ੍ਹੀ ਦੇ ਨਾਲ-ਨਾਲ ਸੀਨੀਅਰ ਨਾਗਰਿਕਾਂ ਤੱਕ ਬੈਂਕ ਦੀ ਪਹੁੰਚ ਵਧਾਏਗੀ।
ਉਨ੍ਹਾਂ ਨੇ ਕਿਹਾ ਕਿ ਇਸ ਵੈੱਬਸਾਈਟ ਰਾਹੀਂ ਖਪਤਕਾਰ ਬੈਂਕ ਨੂੰ ਆਸਾਨੀ ਨਾਲ ਆਪਣੇ ਸੁਝਾਅ ਭੇਜ ਸਕਣਗੇ, ਜਿਸ ਨਾਲ ਬੈਂਕ ਨੂੰ ਆਪਣੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਅਤੇ ਕਿਸਾਨਾਂ ਨੂੰ ਬਿਹਤਰ ਅਤੇ ਪ੍ਰਭਾਵਸ਼ਾਲੀ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ। ਇਸ ‘ਤੇ ਪੰਜਾਬ ਰਾਜ ਦੇ ਸਾਰੇ ਪ੍ਰਾਇਮਰੀ ਬੈਂਕਾਂ ਦਾ ਪਤਾ ਅਤੇ ਸੰਪਰਕ ਵੇਰਵਿਆਂ ਵਰਗੀ ਮਹੱਤਵਪੂਰਨ ਜਾਣਕਾਰੀ ਉਪਲਬਧ ਹੋਵੇਗੀ।
ਉਨ੍ਹਾਂ ਕਿਹਾ ਕਿ ਬੈਂਕ ਦੇ ਵੱਖ-ਵੱਖ ਸੋਸ਼ਲ ਮੀਡੀਆ ਹੈਂਡਲ ਜਿਵੇਂ ਕਿ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਆਦਿ ਬੈਂਕ ਦੀ ਵੈੱਬਸਾਈਟ ‘ਤੇ ਲੋਕਾਂ ਨਾਲ ਸਮਾਜਿਕ ਸੰਪਰਕ ਲਈ ਉਪਲਬਧ ਕਰਵਾਏ ਗਏ ਹਨ। ਚੀਮਾ ਨੇ ਇਸ ਕਾਰਜ ਲਈ ਬੈਂਕ ਮੈਨੇਜਮੈਂਟ ਨੂੰ ਵਧਾਈ ਦਿੱਤੀ। ਇਸ ਮੌਕੇ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਕੁਮਾਰ ਗੁਪਤਾ ਨੇ ਬੈਂਕ ਦੀ ਵੈੱਬਸਾਈਟ ਲਾਂਚ ਕਰਨ ਲਈ ਸਹਿਕਾਰਤਾ ਮੰਤਰੀ ਦਾ ਧੰਨਵਾਦ ਕੀਤਾ।