Site icon TheUnmute.com

ਹਰਪਾਲ ਚੀਮਾ ਨੇ ਆਪ੍ਰੇਸ਼ਨ ਲੋਟਸ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ‘ਤੇ ਕੱਸਿਆ ਤੰਜ

Harpal Cheema

ਪਟਿਆਲਾ 16 ਸਤੰਬਰ 2022: ਪੰਜਾਬ ਸਰਕਾਰ ਵੱਲੋਂ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਕਈ ਤਰ੍ਹਾਂ ਦੀਆਂ ਕਿਸਾਨ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ | ਉੱਥੇ ਹੀ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀਆਂ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਕਿਸਾਨ ਮੇਲੇ ਆਯੋਜਿਤ ਕਰਵਾਉਣੇ ਸ਼ੁਰੂ ਕੀਤੇ ਗਏ ਹਨ |

ਜਿਸ ਦੇ ਤਹਿਤ ਅੱਜ ਪਟਿਆਲਾ ਨਾਭਾ ਰੋਡ ਤੇ ਸਥਿਤ ਪਿੰਡ ਰੌਣੀ ‘ਚ ਕਿਸਾਨ ਮੇਲਾ ਲਗਾਇਆ ਗਿਆ, ਜਿਸ ਵਿਚ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ  (Harpal Cheema) ਖਾਸ ਤੌਰ ‘ਤੇ ਪਹੁੰਚੇ | ਜਿਕਰਯੋਗ ਹੈ ਕਿ ਇਸ ਮੇਲੇ ‘ਚ ਖੇਤੀ ਨਾਲ ਸੰਬੰਧਿਤ ਸਾਜੋ-ਸਮਾਨ ਦੀਆਂ ਸਟਾਲਾ ਲਗਵਾਈਆਂ ਗਈਆਂ ਤੇ ਕਿਸਾਨਾਂ ਵਲੋਂ ਖਰੀਦਦਾਰੀ ਵੀ ਕੀਤੀ ਗਈ |

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਖੇਤੀਬਾੜੀ ਨਾਲ ਸਬੰਧਤ ਪ੍ਰਦਰਸ਼ਨੀਆਂ ਨਾਲ ਵੱਡਮੁੱਲੀ ਜਾਣਕਾਰੀ ਕਿਸਾਨਾਂ ਨੂੰ ਮਿਲਦੀ ਹੈ ਅਤੇ ਇਨ੍ਹਾਂ ਕਿਸਾਨ ਮੇਲਿਆਂ ਵਿੱਚ ਕਿਸਾਨ ਨਵੀਆਂ ਤਕਨੀਕਾਂ ਸਿੱਖ ਕੇ ਅਤੇ ਇਨ੍ਹਾਂ ਮੇਲਿਆਂ ਦਾ ਲਾਹਾ ਲੈ ਕੇ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾ ਸਕਦੇ ਹਨ।

ਇਸ ਮੌਕੇ ਹਰਪਾਲ ਚੀਮਾ (Harpal Cheema) ਨੇ ਕਿਹਾ ਕਿ ਇਹ ਪਹਿਲਾ ਸਾਲ ਹੋਵੇਗਾ ਜਿਸ ਵਿੱਚ ਨਾ ਮਾਤਰ ਪਰਾਲੀ ਕਿਸਾਨਾਂ ਵੱਲੋਂ ਸਾੜੀ ਜਾਵੇਗੀ ਅਤੇ ਕਿਸਾਨਾਂ ਨੇ ਸਰਕਾਰ ਦਾ ਪਰਾਲੀ ਨਾ ਸਾੜਨ ਸਬੰਧੀ ਬਹੁਤ ਸਾਥ ਦਿੱਤਾ ਅਤੇ ਪੰਜਾਬ ਸਰਕਾਰ ਨਵੀਂਆਂ ਤਕਨੀਕਾਂ ਅਤੇ ਕਾਰਖਾਨੇ ਲਿਆ ਰਹੀ ਹੈ, ਜਿਸ ਨਾਲ ਕਿਸਾਨ ਹੁਣ ਪਰਾਲੀ ਤੋਂ ਵੀ ਮੁਨਾਫ਼ਾ ਕਮਾ ਸਕਦੇ ਹਨ।

ਉੱਥੇ ਹੀ ਹਰਪਾਲ ਚੀਮਾ ਨੇ ਅਪਰੇਸ਼ਨ ਲੋਟਸ ਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੇ ਸਾਰੇ ਐੱਮ.ਐੱਲ.ਏ. ਪੰਜਾਬ ਸਰਕਾਰ ਨਾਲ ਚੱਟਾਨ ਵਾਂਗ ਖੜ੍ਹੇ ਹਨ ਅਤੇ ਅਪਰੇਸ਼ਨ ਲੋਟਸ ਪੰਜਾਬ ਵਿੱਚ ਫੇਲ੍ਹ ਹੋ ਚੁੱਕਾ ਹੈ ਅਤੇ ਅਪਰੇਸ਼ਨ ਲੋਟਸ ਕਾਂਗਰਸ ਅਤੇ ਦੂਜੀਆਂ ਪਾਰਟੀਆਂ ਲਈ ਸਫ਼ਲ ਹੁੰਦੈ ਪਰ ਸਾਡੀ ਪਾਰਟੀ ਨੇ ਇਸ ਨੂੰ ਫੇਲ੍ਹ ਕਰ ਦਿੱਤਾ।

ਇਸਦੇ ਨਾਲ ਹੀ ਕੈਪਟਨ ਅਮਰਿੰਦਰ ਤੇ ਤੰਜ ਕਸਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਕੈਪਟਨ ਸਾਹਿਬ ਪਹਿਲਾਂ ਵੀ ਪੰਜ ਸਾਲ ਭਾਜਪਾ ਦੀ ਬੋਲੀ ਬੋਲਦੇ ਸੀ ਅਤੇ ਜੇਕਰ ਹੁਣ ਉਹ ਭਾਜਪਾ ਵਿੱਚ ਜਾ ਰਹੇ ਹਨ, ਤਾਂ ਉਸ ਨਾਲ ਕੋਈ ਫ਼ਰਕ ਨਹੀਂ ਪੈਂਦਾ।

ਉੱਥੇ ਹੀ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਮੂੰਗੀ ਦੀ ਫ਼ਸਲ ‘ਤੇ ਪੰਜਾਬ ਸਰਕਾਰ ਨੇ ਰੇਟ ਨਿਰਧਾਰਤ ਕੀਤਾ ਤੇ ਮੂੰਗੀ ਦਾ ਬਹੁਤ ਰਕਬਾ ਪੰਜਾਬ ਵਿਚ ਵਧਿਆ | ਉੱਥੇ ਹੀ ਉਨ੍ਹਾਂ ਕਿਹਾ ਕਿ ਧਰਤੀ ਦਾ ਹੇਠਲਾ ਪਾਣੀ ਬਚਾਉਣ ਲਈ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਉਤਸ਼ਾਹਿਤ ਕੀਤਾ ਸੀ ਅਤੇ ਸਰਕਾਰ ਨੇ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਰਾਸ਼ੀ ਵੀ ਮੁਹੱਈਆ ਕਰਵਾਈ ਹੈ | ਇਸ ਮੌਕੇ ਹਰਪਾਲ ਚੀਮਾ ਨੇ ਕਿਹਾ ਕੇ ਅਸੀਂ ਕਿਸਾਨਾਂ ਨੂੰ ਬਣਦੀ ਸਬਸਿਡੀ ਦੇ ਰਹੇ ਹਾਂ ਪੰਜਾਬ ਸਰਕਾਰ ਕੋਈ ਵੀ ਸਬਸਿਡੀ ਬੰਦ ਨਹੀਂ ਕਰੇਗੀ |

Exit mobile version