Site icon TheUnmute.com

ਹਰਜੋਤ ਸਿੰਘ ਬੈਂਸ ਵੱਲੋਂ ਭਾਰਤੀ ਕ੍ਰਿਕਟ ਟੀਮ ਅੰਡਰ-19 ਦੀ ਖਿਡਾਰਨ ਮੰਨਤ ਕਸ਼ਅਪ ਦੇ ਮਾਪਿਆਂ ਨਾਲ ਮੁਲਾਕਾਤ

Mannat Kashap

ਪਟਿਆਲਾ, 03 ਫਰਵਰੀ 2023: ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਈ.ਸੀ.ਸੀ. ਵਰਲਡ ਕੱਪ 2023 ਟੂਰਨਾਮੈਂਟ ਦੀ ਜੇਤੂ ਭਾਰਤੀ ਕੁੜੀਆਂ ਦੀ ਅੰਡਰ-19 ਕ੍ਰਿਕਟ ਟੀਮ ਦੀ ਮੈਂਬਰ ਪਟਿਆਲਾ ਵਾਸੀ ਖਿਡਾਰਨ ਮੰਨਤ ਕਸ਼ਅਪ (Mannat Kashap) ਦੇ ਮਾਪਿਆਂ ਨਾਲ ਮੁਲਾਕਤ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪਟਿਆਲਾ ਦੀ ਬੇਟੀ ਮੰਨਤ ਕਸ਼ਅਪ ਦੀ ਇਸ ਪ੍ਰਾਪਤੀ ਨੇ ਜਿੱਥੇ ਮੰਨਤ ਦੇ ਮਾਪਿਆਂ ਦਾ ਸਿਰ ਉੱਚਾ ਕੀਤਾ ਹੈ, ਉਥੇ ਹੀ ਇਹ ਪਟਿਆਲਾ ਸਮੇਤ ਪੰਜਾਬ ਤੇ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ।

ਇੱਥੇ ਭਾਸ਼ਾ ਵਿਭਾਗ ਵਿਖੇ ਮੰਨਤ ਕਸ਼ਅਪ (Mannat Kashap) ਦੇ ਪਿਤਾ ਸੰਜੀਵ ਕਸ਼ਅਪ ਤੇ ਮਾਤਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਜਿੱਥੇ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖਿਡਾਰੀਆਂ ਨੂੰ ਹੱਲਾਸ਼ੇਰੀ ਦੇ ਰਹੀ ਹੈ, ਉਥੇ ਹੀ ਖੇਡ ਸੱਭਿਆਚਾਰ ਨੂੰ ਵੀ ਪ੍ਰਫੁਲਤ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੰਨਤ ਕਸ਼ਅਪ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ। ਜਿਕਰਯੋਗ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਿਊ ਪਾਵਰ ਹਾਊਸ ਕਲੋਨੀ ਦੀ ਬਾਰਵੀਂ ਜਮਾਤ ਦੀ ਵਿਦਿਆਰਥਣ ਮੰਨਤ ਕਸ਼ਅਪ ਆਈ.ਸੀ.ਸੀ. ਵਰਲਡ ਕੱਪ ਜੇਤੂ ਭਾਰਤੀ ਕ੍ਰਿਕਟ ਟੀਮ ਦੀ ਮੈਂਬਰ ਹੈ।

ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮੰਨਤ ਕਸ਼ਅਪ ਨਾਲ ਮੁਲਾਕਾਤ ਕਰਕੇ ਕਿਹਾ ਕਿ ਉਸਨੇ ਜਿੱਥੇ ਦੇਸ਼ ਦੀ ਟੀਮ ‘ਚ ਖੇਡ ਕੇ ਆਪਣੀ ਮਿਹਨਤ ਦਾ ਲੋਹਾ ਮਨਵਾਇਆ ਹੈ, ਉਥੇ ਹੀ ਉਹ ਸਾਡੇ ਪਟਿਆਲਾ ਜ਼ਿਲ੍ਹੇ ਲਈ ਵੀ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਮੁਹਿੰਮ ਦੀ ਵੀ ਉਹ ਰੋਲ ਮਾਡਲ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰਵਿੰਦਰ ਖੋਸਲਾ ਤੇ ਹੋਰ ਵੀ ਮੌਜੂਦ ਸਨ |

Exit mobile version