Site icon TheUnmute.com

ਹਾਰਦਿਕ ਪੰਡਯਾ ਨੇ ਟੀ-20 ਕਰੀਅਰ ਦੀ ਸਰਵੋਤਮ ਦਰਜਾਬੰਦੀ ਕੀਤੀ ਹਾਸਲ, ਸ਼ੁਭਮਨ ਗਿੱਲ ਤੇ ਅਰਸ਼ਦੀਪ ਨੂੰ ਵੀ ਮਿਲਿਆ ਫ਼ਾਇਦਾ

Hardik Pandya

ਚੰਡੀਗੜ੍ਹ, 8 ਫਰਵਰੀ 2023: ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ (Hardik Pandya) ਨੂੰ ਤਾਜ਼ਾ ਆਈਸੀਸੀ ਟੀ-20 ਰੈਂਕਿੰਗ ‘ਚ ਕਾਫੀ ਫਾਇਦਾ ਮਿਲਿਆ ਹੈ। ਆਲਰਾਊਂਡਰ ਦੇ ਤੌਰ ‘ਤੇ ਹਾਰਦਿਕ ਨੇ ਆਪਣੇ ਟੀ-20 ਕਰੀਅਰ ਦੀ ਸਰਵੋਤਮ ਦਰਜਾਬੰਦੀ ਹਾਸਲ ਕੀਤੀ ਹੈ। ਹਾਰਦਿਕ ਨੂੰ ਨਿਊਜ਼ੀਲੈਂਡ ਖ਼ਿਲਾਫ਼ ਆਪਣੇ ਸ਼ਾਨਦਾਰ ਪ੍ਰਦਰਸ਼ਨ ਦਾ ਫਾਇਦਾ ਹੋਇਆ ਹੈ ਅਤੇ ਉਹ ਟੀ-20 ਆਈ ‘ਚ ਹਰਫਨਮੌਲਾ ਰੈਂਕਿੰਗ ‘ਚ ਦੂਜੇ ਸਥਾਨ ‘ਤੇ ਪਹੁੰਚ ਗਿਆ ਹੈ।

ਹਾਰਦਿਕ (Hardik Pandya) ਨੇ ਮੋਟੇਰਾ ਵਿੱਚ ਨਿਊਜ਼ੀਲੈਂਡ ਖ਼ਿਲਾਫ਼ 16 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਅਤੇ 17 ਗੇਂਦਾਂ ਵਿੱਚ 30 ਦੌੜਾਂ ਦੀ ਪਾਰੀ ਵੀ ਖੇਡੀ। ਇਸ ਤੋਂ ਬਾਅਦ ਉਹ ਟੀ-20 ਆਲਰਾਊਂਡਰ ਰੈਂਕਿੰਗ ‘ਚ ਦੂਜੇ ਸਥਾਨ ‘ਤੇ ਪਹੁੰਚ ਗਿਆ ਹੈ। ਉਨ੍ਹਾਂ ਨੇ ਮੁਹੰਮਦ ਨਬੀ ਨੂੰ ਪਿੱਛੇ ਛੱਡ ਦਿੱਤਾ ਹੈ। ਹਾਰਦਿਕ 250 ਰੇਟਿੰਗ ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ, ਜੋ ਚੋਟੀ ਦੇ ਰੈਂਕਿੰਗ ਵਾਲੇ ਸ਼ਾਕਿਬ ਅਲ ਹਸਨ ਤੋਂ ਦੋ ਅੰਕ ਦੂਰ ਹੈ।

ਹਾਰਦਿਕ ਤੋਂ ਇਲਾਵਾ ਅਰਸ਼ਦੀਪ ਸਿੰਘ (Arshdeep Singh) ਅਤੇ ਸ਼ੁਭਮਨ ਗਿੱਲ (Shubman Gill) ਨੂੰ ਵੀ ਕਾਫੀ ਫਾਇਦਾ ਹੋਇਆ ਹੈ। ਵਨਡੇ ਰੈਂਕਿੰਗ ‘ਚ ਇੰਗਲੈਂਡ ਦੇ ਖਿਡਾਰੀਆਂ ਨੂੰ ਫਾਇਦਾ ਹੋਇਆ ਹੈ, ਜਿਨ੍ਹਾਂ ਨੇ ਦੱਖਣੀ ਅਫਰੀਕਾ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।

23 ਸਾਲਾ ਸ਼ੁਭਮਨ ਗਿੱਲ ਸਿਰਫ਼ ਛੇ ਟੀ-20 ਕੌਮਾਂਤਰੀ ਮੈਚ ਖੇਡ ਕੇ ਟੀ-20 ਕੌਮਾਂਤਰੀ ਬੱਲੇਬਾਜ਼ੀ ਦਰਜਾਬੰਦੀ ਵਿੱਚ 168 ਸਥਾਨਾਂ ਦੀ ਛਾਲ ਮਾਰ ਕੇ 30ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਭਾਰਤ ਦੇ ਸੂਰਿਆਕੁਮਾਰ ਯਾਦਵ ਬੱਲੇਬਾਜ਼ਾਂ ਵਿੱਚ ਸਿਖਰਲੇ ਸਥਾਨ ਉੱਤੇ ਬਰਕਰਾਰ ਹਨ, ਜਦੋਂ ਕਿ ਅਫਗਾਨਿਸਤਾਨ ਦੇ ਸਪਿੰਨਰ ਰਾਸ਼ਿਦ ਖਾਨ ਚੋਟੀ ਦੇ ਗੇਂਦਬਾਜ਼ਾਂ ਵਿੱਚ ਬਰਕਰਾਰ ਹਨ। ਨਿਊਜ਼ੀਲੈਂਡ ਖ਼ਿਲਾਫ਼ ਸੀਰੀਜ਼ ‘ਚ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਮੋਟੇਰਾ ‘ਚ 16 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਉਹ ਅੱਠ ਸਥਾਨਾਂ ਦੇ ਫਾਇਦੇ ਨਾਲ 13ਵੇਂ ਸਥਾਨ ‘ਤੇ ਪਹੁੰਚ ਗਿਆ ਹੈ।

Exit mobile version