July 7, 2024 6:16 pm
Hardeep Grewal

ਹਰਦੀਪ ਗਰੇਵਾਲ ਨੇ ਕੈਨੇਡਾ ‘ਚ ਵਧਾਇਆ ਪੰਜਾਬੀਆਂ ਦਾ ਮਾਣ, ਬਰੈਂਪਟਨ ਈਸਟ ਤੋਂ ਜਿੱਤੀ ਚੋਣ

ਬਰੈਂਪਟਨ 03 ਜੂਨ 2022 : ਡੱਗ ਫੋਰਡ ਦੀ ਅਗਵਾਈ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਬਰੈਂਪਟਨ ਦੇ ਪੰਜਾਂ ਹਲਕਿਆਂ ਵਿੱਚ ਨੀਲੇ ਰੰਗ ਦਾ ਪਰਚਮ ਲਹਿਰਾ ਦਿੱਤਾ। ਪਿਛਲੀਆਂ ਚੋਣਾਂ ਵਿੱਚ ਤਿੰਨ ਸੀਟਾਂ ਹਾਸਲ ਕਰਨ ਵਾਲੀ ਐਨਡੀਪੀ ਨੂੰ ਇਸ ਵਾਰੀ ਖਾਲੀ ਹੱਥ ਹੀ ਰਹਿਣਾ ਪਿਆ। ਬਰੈਂਪਟਨ ਈਸਟ ਤੋਂ ਗੁਰਰਤਨ ਸਿੰਘ, ਬਰੈਂਪਟਨ ਨੌਰਥ ਤੋਂ ਸੰਦੀਪ ਸਿੰਘ ਤੇ ਬਰੈਂਪਟਨ ਸੈਂਟਰ ਤੋਂ ਐਨਡੀਪੀ ਦੀ ਡਿਪਟੀ ਲੀਡਰ ਸਾਰਾ ਸਿੰਘ ਦਾ ਪੱਤਾ ਸਾਫ ਹੋ ਗਿਆ। ਦੂਜੇ ਪਾਸੇ ਪੀਸੀ ਪਾਰਟੀ ਦੇ ਪੰਜਾਂ ਨੁਮਾਇੰਦੀਆਂ ਦੀ ਝੰਡੀ ਬਰਕਰਾਰ ਰਹੀ। ਹਰਦੀਪ ਗਰੇਵਾਲ (Hardeep Grewal) ਕੈਨੇਡਾ ਦੇ ਨਾਮਵਰ ਰੀਅਲਅਸਟੇਟ ਦੇ ਕਾਰੋਬਾਰੀ ਅਤੇ ਕੈਨੇਡੀਅਨ ਪੰਜਾਬੀ ਪੋਸਟ ਅਖ਼ਬਾਰ ਦੇ ਮੁੱਖ ਸੰਪਾਦਕ ਜਗਦੀਸ਼ ਗਰੇਵਾਲ ਦੇ ਪੁੱਤਰ ਹਨ।

ਬਰੈਂਪਟਨ ਈਸਟ ਤੋਂ ਕੰਜ਼ਰਵੇਟਿਵ ਪਾਰਟੀ ਦੇ ਨੌਜਵਾਨ ਉਮੀਦਵਾਰ ਹਰਦੀਪ ਗਰੇਵਾਲ ਨੇ ਆਪਣੇ ਨੇੜਲੇ ਵਿਰੋਧੀ, ਫੈਡਰਲ ਐਨ ਡੀ ਪੀ ਲੀਡਰ ਜਗਮੀਤ ਸਿੰਘ ਦੇ ਛੋਟੇ ਭਰਾ ਅਤੇ ਵਰਤਮਾਨ ਐਮ ਪੀ ਪੀ ਗੁਰਰਤਨ ਸਿੰਘ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਹਰਦੀਪ ਸਿੰਘ ਗਰੇਵਾਲ ਨੂੰ 9002 ਵੋਟਾਂ ਪ੍ਰਾਪਤ ਹੋਈਆਂ ਜਦੋਂ ਕਿ ਗੁਰਰਤਨ ਸਿੰਘ ਨੂੰ 6415 ਵੋਟਾਂ ਪਈਆਂ। ਲਿਬਰਲ ਉਮੀਦਵਾਰ ਜੱਨਤ ਗਰੇਵਾਲ ਨੂੰ ਸਿਰਫ਼ 4396 ਵੋਟਾਂ ਮਿਲੀਆਂ ਅਤੇ ਉਹ ਤੀਜੇ ਨੰਬਰ ਉੱਤੇ ਰਹੀ।

Hardeep Grewal

ਪ੍ਰਸਿੱਧ ਪੱਤਰਕਾਰ ਅਤੇ ਪੰਜਾਬੀ ਪੋਸਟ ਦੇ ਮੁੱਖ ਸੰਪਾਦਕ ਜਗਦੀਸ਼ ਗਰੇਵਾਲ ਦੇ ਸਪੁੱਤਰ ਹਰਦੀਪ ਗਰੇਵਾਲ ਨੂੰ 43% ਵੋਟਾਂ ਦੇ ਕੇ ਬਰੈਂਪਟਨ ਈਸਟ ਦੇ ਵੋਟਰਾਂ ਨੇ ਸਾਬਤ ਕਰ ਦਿੱਤਾ ਹੈ ਕਿ ਚੋਣਾਂ ਤੋਂ ਪਹਿਲਾਂ ਦੇ ਸਰਵੇਖਣ ਸਦਾ ਹੀ ਸਹੀ ਤਸਵੀਰ ਪੇਸ਼ ਨਹੀਂ ਕਰਦੇ ਹੁੰਦੇ। ਸਾਰੇ ਸਰਵੇਖਣ ਇਹ ਅੰਦਾਜ਼ਾ ਲਾ ਰਹੇ ਸਨ ਕਿ ਇਸ ਰਾਈਡਿੰਗ ਤੋਂ ਹਰਦੀਪ ਗਰੇਵਾਲ ਅਤੇ ਗੁਰਰਤਨ ਸਿੰਘ ਦਰਮਿਆਨ ਕਾਂਟੇ ਦੀ ਟੱਕਰ ਹੋਵੇਗੀ ਪਰ ਹੋਇਆ ਇਸਤੋਂ ਬਿਲਕੁਲ ਵੱਖਰਾ। ਵੋਟਰਾਂ ਨੇ ਵੱਡੀ ਗਿਣਤੀ ਵਿੱਚ ਹਰਦੀਪ ਦੇ ਨੀਲੇ ਟੈਂਟ ਦੀ ਥਾਂ ਨੂੰ ਸੰਘਣਾ ਕਰਦੇ ਹੋਏ ਸਾਰੇ ਸਰਵੇਖਣਾਂ ਨੂੰ ਮਾਤ ਪਾ ਦਿੱਤੀ।

ਹਰਦੀਪ ਗਰੇਵਾਲ ਦੀ ਜਿੱਤ ਜਿੱਥੇ ਡੱਗ ਫੋਰਡ ਦੀ ਬਰੈਂਪਟਨ ਨੂੰ ਸਮੁੱਚਾ ਕੰਜ਼ਰਵੇਟਿਵ ਪਾਰਟੀ ਦੇ ਰੰਗ ਵਿੱਚ ਰੰਗਿਆ ਵੇਖਣਾ ਚਾਹੁੰਦਾ ਸੀ। ਇਸ ਸੁਫਨੇ ਨੂੰ ਸਾਕਾਰ ਕਰਨ ਵਿੱਚ ਬਰੈਂਪਟਨ ਈਸਟ ਦੀ ਭੂਮਿਕਾ ਅਹਿਮ ਸੀ ਕਿਉਂਕਿ ਇਹ ਰਾਈਡਿੰਗ ਫੈਡਰਲ ਐਨ ਡੀ ਪੀ ਲੀਡਰ ਜਗਮੀਤ ਸਿੰਘ ਦੀ ਹੋਮ ਸੀਟ ਹੈ ਅਤੇ ਉਹਨਾਂ ਦੇ ਭਰਾ ਇੱਥੇ ਤੋਂ ਪਹਿਲਾਂ ਹੀ ਐਮ ਪੀ ਪੀ ਸਨ। ਆਪਣੀ ਜਿੱਤ ਬਾਰੇ ਪ੍ਰਤੀਕਰਮ ਦੇਂਦੇ ਹੋਏ ਹਰਦੀਪ ਗਰੇਵਾਲ ਨੇ ਕਿਹਾ, “ਇਹ ਜਿੱਤ ਮੇਰੀ ਟੀਮ ਦੇ ਸਮੂਹ ਵਾਲੰਟੀਅਰਾਂ ਦੀ ਹੈ, ਡੱਗ ਫੋਰਡ ਦੇ ਏਜੰਡੇ ਦੀ ਜਿੱਤ ਹੈ, ਮੇਰੀ ਜਿੱਤ ਬਰੈਂਪਟਨ ਦੇ ਸਮੂਹ ਵਾਸੀਆਂ ਦੇ ਵਿਸ਼ਵਾਸ਼ ਦੀ ਜਿੱਤ ਹੈ ਅਤੇ ਇਹ ਜਿੱਤ ਮੇਰੇ ਲਈ ਚੰਗਾ ਕੰਮ ਕਰਨ ਦੀ ਸ਼ੁਰੂਆਤ ਹੈ। ਮੈਂ ਵੋਟਰਾਂ ਵੱਲੋਂ ਦਰਸਾਏ ਗਏ ਭਰੋਸੇ ਨੂੰ ਕਾਇਮ ਰੱਖਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗਾ”।

Hardeep Grewal

ਹਰਦੀਪ ਗਰੇਵਾਲ ਨੇ ਅੱਗੇ ਕਿਹਾ ਕਿ ਜਿਹਨਾਂ ਲਿਬਰਲ ਅਤੇ ਐਨ ਡੀ ਪੀ ਭੈਣ ਭਰਾਵਾਂ ਨੇ ਸਾਡੇ ਸਾਫ਼ ਸੁਥਰੇ ਅਤੇ ਵਿਕਾਸਮਈ ਏਜੰਡੇ ਨੂੰ ਸਮਰੱਥਨ ਦਿੱਤਾ ਹੈ, ਮੈਂ ਤੁਹਾਡੇ ਸਾਰਿਆਂ ਦੀਆਂ ਉਮੀਦਾਂ ਉੱਤੇ ਖਰਾ ਉੱਤਰਨ ਦੀ ਕੋਸਿ਼ਸ਼ ਕਰਾਂਗਾ। ਵਰਨਣਯੋਗ ਹੈ ਕਿ ਬਰੈਂਪਟਨ ਈਸਟ ਵਿੱਚ ਹਾਈਵੇਅ 413 ਮੁੱਖ ਮੁੱਦਾ ਰਿਹਾ ਹੈ ਜਿਸ ਉੱਤੇ ਲਿਬਰਲ ਅਤੇ ਐਨ ਡੀ ਪੀ ਦੋਵੇਂ ਹੀ ਪਬਲਿਕ ਦੇ ਮੂਡ ਨੂੰ ਪਹਿਚਾਨਣ ਵਿੱਚ ਅਸਫ਼ਲ ਰਹੇ।

ਹਰਦੀਪ ਗਰੇਵਾਲ ਦੀ ਜਿੱਤ ਬਾਰੇ ਗੱਲ ਕਰਦੇ ਜਗਦੀਸ਼ ਗਰੇਵਾਲ ਨੇ ਕਿਹਾ ਕਿ ਸਾਡੀ ਟੀਮ ਨੇ ਸਾਫ ਸੁਥਰੇ ਏਜੰਡੇ ਨੂੰ ਸਾਹਮਣੇ ਰੱਖ ਕੇ ਚੋਣ ਪ੍ਰਚਾਰ ਕੀਤਾ। ਕਈ ਪਾਸਿਆਂ ਤੋਂ ਸਾਨੂੰ ਉਕਸਾਉਣ ਲਈ ਗੱਲਾਂ ਹੋਈਆਂ ਪਰ ਅਸੀਂ ਆਪਣੇ ਹਾਂ ਪੱਖੀ ਪ੍ਰਚਾਰ ਉੱਤੇ ਕੇਂਦਰਿਤ ਰਹੇ ਜਿਸਨੂੰ ਵੋਟਰਾਂ ਨੇ ਪਹਿਚਾਣਿਆ ਹੈ।