ਚੰਡੀਗੜ੍ਹ 04 ਮਈ 2022: ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ (Harbhajan Singh ETO) ਵਲੋਂ ਅੱਜ ਯਾਨੀ ਬੁੱਧਵਾਰ ਨੂੰ ਜੰਡਿਆਲਾ ਗੁਰੂ ਦੇ ਬੱਸ ਅੱਡੇ ਦੀ ਅਚਨਚੇਤ ਜਾਂਚ ਕੀਤੀ | ਜਿਕਰਯੋਗ ਹੈ ਕਿ ਬੀਤੇ ਦਿਨੀਂ ਬੱਸਾਂ ਨਾ ਰੁਕਣ ਕਾਰਨ ਅੱਡਾ ਇੰਚਾਰਜ ਦੀ ਡਿਊਟੀ ਲਗਵਾਈ ਗਈ ਸੀ। ਇਸ ਦੌਰਾਨ ਉਨ੍ਹਾਂ ਵੇਖਿਆ ਕਿ ਬੱਚੇ, ਔਰਤਾਂ ਅਤੇ ਮੁਲਾਜਮ ਅੱਡੇ ਉਤੇ ਬੱਸਾਂ ਉਡੀਕ ਰਹੇ ਹਨ |
ਇਸ ਦੌਰਾਨ 2 ਬੱਸਾਂ ਅੱਡੇ ਉਤੇ ਨਾ ਆ ਕੇ ਪੁੱਲ ਦੇ ਉਪਰ ਦੀ ਲੰਘ ਗਈਆਂ ਸਨ , ਜਿਸਦੇ ਚੱਲਦੇ ਮੰਤਰੀ ਵਲੋਂ ਗੰਭੀਰ ਨੋਟਿਸ ਲਿਆ ਅਤੇ ਤਰੁੰਤ ਅੱਡੇ ਉਤੇ ਤਾਇਨਾਤ ਅੱਡਾ ਇੰਚਾਰਜ ਨੂੰ ਤਲਬ ਕਰਦਿਆਂ ਜਨਰਲ ਮੈਨੇਜਰ ਨੂੰ ਉਸਦੀ ਜਵਾਬ ਤਲਬੀ ਕਰਨ ਦੀ ਹਦਾਇਤ ਕੀਤੀ।ਇਸਦੇ ਨਾਲ ਹੀ ਉਨ੍ਹਾਂ ਨੇ ਬੱਸ ਅੱਡੇ ਦੇ ਆਲੇ ਦੁਆਲੇ ਦੀ ਸਫਾਈ ਨੂੰ ਲੈ ਕੇ ਸਬੰਧਤ ਸਫਾਈ ਇੰਸਪੈਕਟਰ ਨੂੰ ਹਦਾਇਤ ਕੀਤੀ ਕਿ ਜਨਤਕ ਥਾਵਾਂ
ਦੀ ਸਫਾਈ ਨੂੰ ਤਰਜੀਹ ਦਿੱਤੀ ਜਾਵੇ ਅਤੇ ਸਵਾਰੀਆਂ ਦੇ ਬੈਠਣ ਲਈ ਬੈਂਚਾਂ ਦਾ ਪ੍ਰਬੰਧ ਕੀਤਾ ਜਾਵੇ।
ਇਸ ਮੌਕੇ ਸਵਾਰੀਆਂ ਨਾਲ ਵੀ ਗੱਲਬਾਤ ਕਰਦਿਆਂ ਅਤੇ ਭਰੋਸਾ ਦਿੱਤਾ ਕਿ ਤੁਹਾਡੀ ਹਰ ਸਹੂਲਤ ਦਾ ਧਿਆਨ ਰੱਖਿਆ ਜਾਵੇਗਾ ਅਤੇ ਉਹ ਬੱਸ ਅੱਡੇ ਉਤੇ ਲਗਾਤਾਰ ਨਜਰ ਰੱਖਣ ਲਈ ਭਵਿੱਖ ਵਿੱਚ ਵੀ ਜਾਂਚ ਕਰਦੇ ਰਹਿਣਗੇ।ਇਸ ਮੌਕੇ ਜਨਰਲ ਮੈਨੇਜਰ ਪੰਜਾਬ ਰੋਡਵੇਜ ਅੰਮ੍ਰਿਤਸਰ 1 ਸ: ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਡਿਊਟੀ ਤੇ ਗੈਰ ਹਾਜਿਰ ਰਹਿਣ ਵਾਲੇ ਮੁਲਾਜ਼ਮ ਦੀ ਜਵਾਬ ਤਲਬੀ ਕੀਤੀ ਗਈ ਹੈ ਅਤੇ ਨਿਯਮਾਂ ਅਨੂਸਾਰ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਇਸ ਮੌਕੇ ਨਗਰ ਕੌਂਸਲਰ ਜੰਡਿਆਲਾ ਦੇ ਸ੍ਰੀ ਹਰੀਸ਼ ਸੇਠੀ ਵੀ ਹਾਜ਼ਰ ਸਨ।