Site icon TheUnmute.com

ਧੁੰਦ ਕਾਰਨ ਹੋਣ ਵਾਲੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਹਰਭਜਨ ਸਿੰਘ ਈਟੀਓ ਵੱਲੋਂ ਵਾਹਨਾਂ ‘ਤੇ ਰਿਫਲੈਕਟਰ ਲਗਾਉਣ ਦੀ ਮੁਹਿੰਮ ਦਾ ਆਗਾਜ਼

Harbhajan Singh ETO

ਐਸ.ਏ.ਐਸ. ਨਗਰ 20 ਦਸੰਬਰ 2022: ਸੰਘਣੀ ਧੁੰਦ ਕਾਰਨ ਸੜਕੀ ਹਾਦਸਿਆਂ ਨੂੰ ਰੋਕਣ ਲਈ ਬਿਜਲੀ ਤੇ ਪੀ.ਡਬਲਿਊ.ਡੀ. (PWD) ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਇੱਥੇ ਕੁਰਾਲੀ ਚੰਡੀਗੜ੍ਹ ਸੜਕ ਤੇ ਸਥਿਤ ਬੜੌਦੀ ਟੋਲ ਪਲਾਜ਼ਾ ਵਿਖੇ ਵੱਖ-ਵੱਖ ਵਾਹਨਾਂ ‘ਤੇ ਰਿਫਲੈਕਟਰ ਲਗਾਏ । ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਜ਼ਿਆਦਾਤਰ ਸੜਕ ਹਾਦਸੇ ਵਾਹਨਾਂ ‘ਤੇ ਰਿਫਲੈਕਟਰ ਨਾ ਲੱਗੇ ਹੋਣ ਕਾਰਨ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਰਾਤ ਸਮੇਂ ਵਾਹਨਾਂ ‘ਤੇ ਲੱਗੇ ਰਿਫਲੈਕਟਰ ਵਾਹਨ ਚਾਲਕਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਅਤੇ ਅਗਲੇ ਕੁੱਝ ਦਿਨ ਧੁੰਦ ਇਸੇ ਤਰਾਂ ਜਾਰੀ ਰਹਿਣ ਦੀ ਸੰਭਾਵਨਾ ਹੈ। ਜਿਸ ਦੇ ਚਲਦਿਆਂ ਸੜਕੀ ਹਾਦਸੇ ਹੋਣ ਦਾ ਖਦਸ਼ਾ ਰਹਿੰਦਾ ਹੈ ਸੋ ਰਿਫਲੈਕਟਰ ਲਗਾਉਣ ਨਾਲ ਸੜਕਾਂ ਤੇ ਵਾਹਨ ਦੂਰੋਂ ਦਿਸਣ ਲਗ ਜਾਂਦੇ ਹਨ ਅਤੇ ਕੋਈ ਅਨਸੁਖਾਵੀ ਘਟਨਾ ਵਾਪਰਨ ਤੋਂ ਬਚਾਅ ਰਹਿੰਦਾ ਹੈ।

ਉਨਾਂ ਕਿਹਾ ਕਿ ਪੰਜਾਬ ਵਿੱਚ ਜਿੰਨੇ ਵੀ ਸਟੇਟ ਅਤੇ ਨੈਸ਼ਨਲ ਹਾਈਵੇ ਟੋਲ ਨੇ ਉਨਾਂ ਸਭ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਕਿ ਰੋਡ ਸੇਫਟੀ ਸਬੰਧੀ ਬਣਦੇ ਸਾਰੇ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਵੇ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਯਾਤਰਾ ਕਰਦੇ ਸਮੇਂ ਸਾਵਧਾਨੀ ਵਰਤਣੀ ਚਾਹੀਦੀ ਹੈ। ਗੱਡੀਆਂ ਨੂੰ ਡੀਪਰ ਅਤੇ ਲਾਈਟਾਂ ਜਗਾ ਕੇ ਚਲਾਓ । ਉਨ੍ਹਾਂ ਇਹ ਵੀ ਦੱਸਿਆ ਕਿ ਇਸੇ ਮੁਹਿੰਮ ਨੂੰ ਮੁੱਖ ਰੱਖਦਿਆਂ ਸੂਬੇ ਵਿਚ ਸੜਕਾਂ ‘ਤੇ ਡਵਾਈਡਰਾਂ ‘ਤੇ ਰਿਫਲੈਕਟਰ ਲਾਉਣ ਸ਼ੁਰੂਆਤ ਵੀ ਕੀਤੀ ਜਾ ਰਹੀ ਹੈ।

ਉਨ੍ਹਾਂ ਸਕੂਲੀ ਵੈਨਾਂ ਦੇ ਡਰਾਇਵਰਾਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਪੂਰੀ ਸਾਵਧਾਨੀ ਨਾਲ ਵਾਹਨ ਚਲਾਉਣ, ਉਨਾਂ ਭਾਰੀ ਵਾਹਨ ਅਤੇ ਟੈਕਟਰ ਟਰਾਲੀਆਂ ਵਾਲਿਆ ਨੂੰ ਕਿਹਾ ਕਿ ਉਹ ਖਾਸ ਕਰਕੇ ਸਵੇਰੇ ਜਦੋਂ ਸਕੂਲਾਂ ਦਾ ਸਮਾਂ ਹੁੰਦਾ ਹੈ ਇਸੇ ਸਮੇਂ ਭਾਰੀ ਧੁੰਦ ਹੁੰਦੀ ਹੈ, ਕੋਸਿਸ਼ ਕਰਨ ਕਿ ਕੁਝ ਸਮੇਂ ਲਈ ਰੁਕ ਜਾਣ।

Exit mobile version