Site icon TheUnmute.com

H3N2: ਭਾਰਤ ‘ਚ ਇਨਫਲੂਐਂਜ਼ਾ ਵਾਇਰਸ H3N2 ਕਾਰਨ ਪਹਿਲੀ ਮੌਤ ਦੀ ਪੁਸ਼ਟੀ

H3N2

ਚੰਡੀਗੜ੍ਹ,10 ਮਾਰਚ 2023: ਭਾਰਤ ਵਿੱਚ ਇਨਫਲੂਐਂਜ਼ਾ ਵਾਇਰਸ H3N2 (influenza virus H3N2) ਕਾਰਨ ਮੌਤ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਕਰਨਾਟਕ ਦੇ ਹਾਸਨ ਦੇ ਰਹਿਣ ਵਾਲੇ 82 ਸਾਲਾ ਵਿਅਕਤੀ ਦੀ ਇਸ ਵਾਇਰਸ ਕਾਰਨ ਮੌਤ ਦੀ ਪੁਸ਼ਟੀ ਹੋਈ ਹੈ। ਜ਼ਿਲ੍ਹਾ ਸਿਹਤ ਅਧਿਕਾਰੀ ਮੁਤਾਬਕ ਮ੍ਰਿਤਕ ਦਾ ਨਾਂ ਹੀਰਾ ਗੌੜਾ ਹੈ। 1 ਮਾਰਚ ਨੂੰ ਉਸ ਦੀ ਮੌਤ ਹੋ ਗਈ ਸੀ।

ਹੁਣ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ H3N2 ਵਾਇਰਸ ਨਾਲ ਸੰਕਰਮਿਤ ਸੀ। ਅਧਿਕਾਰੀ ਨੇ ਦੱਸਿਆ ਕਿ ਹੀਰਾ ਗੌੜਾ ਸ਼ੂਗਰ ਅਤੇ ਹਾਈਪਰਟੈਨਸ਼ਨ ਤੋਂ ਵੀ ਪੀੜਤ ਸੀ। ਉਸ ਨੂੰ 24 ਫਰਵਰੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਅਤੇ 1 ਮਾਰਚ ਨੂੰ ਉਸ ਦੀ ਮੌਤ ਹੋ ਗਈ ਸੀ। 6 ਮਾਰਚ ਨੂੰ ਉਸ ਦੀ ਟੈਸਟ ਰਿਪੋਰਟ ਪਾਜ਼ੇਟਿਵ ਆਈ ਸੀ।

ਜ਼ਿਕਰਯੋਗ ਹੈ ਕਿ ਪੰਜ ਦਿਨ ਪਹਿਲਾਂ ਕਰਨਾਟਕ ਦੇ ਸਿਹਤ ਮੰਤਰੀ ਕੇ.ਕੇ. ਸੁਧਾਕਰ ਨੇ ਐਚ3ਐਨ2 ਦੇ ਮਾਮਲਿਆਂ ਨੂੰ ਲੈ ਕੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਸੀ। ਸਿਹਤ ਮੰਤਰੀ ਅਨੁਸਾਰ ਕੇਂਦਰ ਨੇ ਹਰ ਹਫ਼ਤੇ 25 ਟੈਸਟਾਂ ਦਾ ਟੀਚਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਇਹ ਇਨਫੈਕਸ਼ਨ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ।

ਮਹੱਤਵਪੂਰਨ ਗੱਲ ਇਹ ਹੈ ਕਿ ਇਸ ਸਮੇਂ ਦੇਸ਼ ਵਿੱਚ H3N2 ਵਾਇਰਸ, ਜਿਸ ਨੂੰ ਹਾਂਗਕਾਂਗ ਫਲੂ ਵੀ ਕਿਹਾ ਜਾਂਦਾ ਹੈ, ਦੇ 90 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਐਚ1ਐਨ1 ਵਾਇਰਸ ਦੇ ਅੱਠ ਮਾਮਲੇ ਵੀ ਸਾਹਮਣੇ ਆਏ ਹਨ। ਦੇਸ਼ ‘ਚ ਅਜਿਹੇ ਮਾਮਲਿਆਂ ਦੇ ਵਧਣ ‘ਤੇ ਡਾਕਟਰਾਂ ਨੇ ਵੀ ਬਿਆਨ ਜਾਰੀ ਕੀਤੇ ਹਨ। ਇਸ ਨਾਲ ਸੰਕਰਮਿਤ ਲੋਕਾਂ ਨੂੰ ਬੁਖਾਰ, ਜ਼ੁਕਾਮ, ਖੰਘ, ਸਾਹ ਲੈਣ ਵਿੱਚ ਤਕਲੀਫ ਦੇਖੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਰੀਰ ‘ਚ ਦਰਦ, ਗਲੇ ‘ਚ ਖਰਾਸ਼ ਅਤੇ ਦਸਤ ਦੀ ਸ਼ਿਕਾਇਤ ਹੋ ਸਕਦੀ ਹੈ। ਇਹ ਲੱਛਣ ਇੱਕ ਹਫ਼ਤੇ ਤੱਕ ਰਹਿੰਦੇ ਹਨ।

Exit mobile version