Site icon TheUnmute.com

ਸਾਬਕਾ CM ਬੇਅੰਤ ਸਿੰਘ ਕਤਲ ਮਾਮਲੇ ‘ਚ ਦੋਸ਼ੀ ਗੁਰਮੀਤ ਸਿੰਘ ਨੂੰ ਮਿਲੀ ਜ਼ਮਾਨਤ

Gurmeet Singh

ਚੰਡੀਗੜ੍ਹ, 02 ਜੂਨ 2023: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ‘ਚ ਦੋਸ਼ੀ ਗੁਰਮੀਤ ਸਿੰਘ (Gurmeet Singh)  ਨੂੰ ਸ਼ੁੱਕਰਵਾਰ ਨੂੰ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਜ਼ਮਾਨਤ ਦੇ ਦਿੱਤੀ ਹੈ। ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਚੰਡੀਗੜ੍ਹ) ਅਮਨ ਇੰਦਰ ਸਿੰਘ ਸੰਧੂ ਦੀ ਅਦਾਲਤ ਨੇ ਉਨ੍ਹਾਂ ਨੂੰ ਦੋ-ਦੋ ਲੱਖ ਰੁਪਏ ਦੇ ਮੁਚਲਕੇ ‘ਤੇ ਜ਼ਮਾਨਤ ਦੇ ਦਿੱਤੀ ਹੈ।

ਐਡਵੋਕੇਟ ਜਸਪਾਲ ਸਿੰਘ ਮੰਜਪੁਰ ਅਤੇ ਦਿਲਸ਼ੇਰ ਸਿੰਘ ਜੰਡਿਆਲਾ ਨੇ ਅਦਾਲਤ ਵਿੱਚ ਬਹਿਸ ਕਰਦਿਆਂ ਉਨ੍ਹਾਂ ਸਾਰੇ ਦੋਸ਼ੀਆਂ ਦੀਆਂ ਉਦਾਹਰਣਾਂ ਦਿੱਤੀਆਂ ਜੋ ਉਮਰ ਕੈਦ ਦੀ ਸਜ਼ਾ ਪੂਰੀ ਕਰ ਚੁੱਕੇ ਹਨ ਅਤੇ ਅਦਾਲਤ ਵੱਲੋਂ ਉਨ੍ਹਾਂ ਨੂੰ ਰੈਗੂਲਰ ਜ਼ਮਾਨਤ ’ਤੇ ਰਿਹਾਅ ਵੀ ਕੀਤਾ ਗਿਆ ਸੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਇੱਕ ਹੋਰ ਦੋਸ਼ੀ ਲਖਵਿੰਦਰ ਸਿੰਘ ਮਈ ਵਿੱਚ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚੋਂ ਜ਼ਮਾਨਤ ’ਤੇ ਰਿਹਾਅ ਹੋਇਆ ਸੀ।

ਗੁਰਮੀਤ ਸਿੰਘ 1995 ਤੋਂ ਸਲਾਖਾਂ ਪਿੱਛੇ ਸਜ਼ਾ ਕੱਟ ਰਿਹਾ ਹੈ। 27 ਮਈ 2007 ਨੂੰ ਬਲਵੰਤ ਸਿੰਘ, ਜਗਤਾਰ ਸਿੰਘ ਤਾਰਾ ਸਮੇਤ ਨਸੀਬ ਸਿੰਘ, ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ, ਲਖਵਿੰਦਰ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਬੇਅੰਤ ਸਿੰਘ ਕਤਲ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਸੀ। ਇਕ ਹੋਰ ਦੋਸ਼ੀ ਨੂੰ ਬਰੀ ਕਰ ਦਿੱਤਾ ਗਿਆ। ਬਲਵੰਤ ਸਿੰਘ, ਜਗਤਾਰਾ ਸਿੰਘ ਨੂੰ 31 ਜੁਲਾਈ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ, ਲਖਵਿੰਦਰ ਨੂੰ ਉਮਰ ਕੈਦ ਅਤੇ ਨਸੀਬ ਨੂੰ 10 ਸਾਲ ਦੀ ਸਜ਼ਾ ਹੋਈ ।

Exit mobile version