ਚੰਡੀਗੜ੍ਹ,11 ਫਰਵਰੀ 2023: ਪੰਜਾਬ ਵਿੱਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਚੱਲ ਰਹੇ ਪ੍ਰਦਰਸ਼ਨਾਂ ਦਰਮਿਆਨ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਸਿੱਖ ਗੁਰਦੀਪ ਸਿੰਘ ਖੇੜਾ (Gurdeep Singh khaira) ਨੂੰ ਪੈਰੋਲ ਮਿਲ ਗਈ ਹੈ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਹ ਅੰਮ੍ਰਿਤਸਰ ਸਥਿਤ ਪਿੰਡ ਜੱਲੂਪੁਰ ਖੇੜਾ ਵਿੱਚ ਰਹਿ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਨੂੰ 8 ਹਫ਼ਤਿਆਂ ਲਈ ਪੈਰੋਲ ਦਿੱਤੀ ਗਈ ਹੈ। ਅੱਠ ਸਾਲ ਪਹਿਲਾਂ 2015 ਵਿੱਚ ਉਸ ਨੂੰ ਕਰਨਾਟਕ ਤੋਂ ਅੰਮ੍ਰਿਤਸਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।
ਗੁਰਦੀਪ ਖੇੜਾ (Gurdeep Singh khaira) ਨੂੰ 1988-1989 ਵਿੱਚ ਪਹਿਲਾਂ ਦਿੱਲੀ ਅਤੇ ਬਾਅਦ ਵਿੱਚ ਕਰਨਾਟਕ ਦੇ ਬਿਦਰ ਸ਼ਹਿਰ ਵਿੱਚ ਧਮਾਕੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ | ਪੁਲਿਸ ਨੇ ਖੇੜਾ ਨੂੰ 6 ਦਸੰਬਰ 1990 ਨੂੰ ਗ੍ਰਿਫਤਾਰ ਕਰ ਲਿਆ। 15 ਦਸੰਬਰ 1991 ਨੂੰ ਅਦਾਲਤ ਨੇ ਗੁਰਦੀਪ ਖੇੜਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਦਿੱਲੀ ਵਿੱਚ ਉਮਰ ਕੈਦ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਕਰਨਾਟਕ ਸਰਕਾਰ ਨੇ ਖੇੜਾ ਨੂੰ ਆਪਣੇ ਸੂਬੇ ਵਿੱਚ ਤਬਦੀਲ ਕਰ ਦਿੱਤਾ ਸੀ।
2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਨੇ ਬੰਦੀ ਸਿੱਖਾਂ ਨੂੰ ਪੰਜਾਬ ਸ਼ਿਫਟ ਕਰਨ ਦਾ ਮੁੱਦਾ ਚੁੱਕਿਆ। ਕੇਂਦਰ ਦੀ ਭਾਜਪਾ ਸਰਕਾਰ ਦੀ ਹਮਾਇਤ ਤੋਂ ਬਾਅਦ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਦਿਆਂ ਕੁਝ ਨੂੰ ਪੰਜਾਬ ਸ਼ਿਫਟ ਕਰ ਦਿੱਤਾ ਗਿਆ | ਇਨ੍ਹਾਂ ਵਿੱਚ ਵਿੱਚ ਪ੍ਰੋਫੈਸਰ ਭੁੱਲਰ ਅਤੇ ਗੁਰਦੀਪ ਸਿੰਘ ਖੇੜਾ ਵੀ ਸਨ। ਇਹ ਉਹ ਮੌਕਾ ਸੀ ਜਦੋਂ ਗੁਰਦੀਪ ਸਿੰਘ 8 ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਮਿਲੇ ਸਨ। ਹੁਣ ਖੇੜਾ ਕਰੀਬ 32 ਸਾਲਾਂ ਬਾਅਦ ਜੇਲ੍ਹ ਤੋਂ ਬਾਹਰ ਆਏ ਹਨ।