ਗੁਰਦਾਸਪੁਰ, 16 ਅਗਸਤ, 2023: ਹਿਮਾਚਲ ਪ੍ਰਦੇਸ਼ ਵਿਚ ਹੋਈ ਭਾਰੀ ਬਾਰਿਸ਼ ਕਾਰਨ ਪੌਂਗ ਡੈਮ ’ਚੋਂ ਕੱਲ 1.40 ਲੱਖ ਕਿਊਸਿਕ ਪਾਣੀ ਛੱਡਣ ਤੋਂ ਬਾਅਦ ਬਿਆਸ ਦਰਿਆ (Beas river) ਵਿਚ ਪਾਣੀ ਦਾ ਪੱਧਰ ਵੱਧਣ ਕਾਰਨ ਜਗਤਪੁਰਾ ਟਾਂਡਾ, ਭੈਣੀ ਪਸਵਾਲ ਦੇ ਉੱਪਰ ਦੇ ਇਲਾਕਿਆਂ ਵਿਚ ਬਿਆਸ ਦਰਿਆ ਦੇ ਧੁੱਸੀ ਬੰਨ੍ਹ ਵਿਚ ਪਾੜ ਪੈ ਗਿਆ ਹੈ, ਜਿਸ ਕਾਰਨ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ ਹੈ।
ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਜਗਤਪੁਰਾ ਟਾਂਡਾ, ਭੈਣੀ ਪਸਵਾਲ ਦੇ ਉੱਪਰ ਦੇ ਇਲਾਕਿਆਂ ਵਿਚ ਬਿਆਸ ਦਰਿਆ ਦੇ ਧੁੱਸੀ ਬੰਨ੍ਹ ਵਿਚ ਪਾੜ ਪੈਣ ਕਾਰਨ ਪਿੰਡ ਚੀਚੀਆਂ ਚੋਰੀਆਂ, ਪੱਖੋਵਾਲ, ਦਾਊਵਾਲ, ਖੈਹਿਰਾ, ਦਲੇਰਪੁਰ, ਪਦਾਨਾ, ਛੀਨਾ ਬੇਟ, ਨਡਾਲਾ, ਜਗਤਪੁਰ ਕਲਾਂ, ਕੋਹਲੀਆਂ ਤੇ ਖਰੀਆਨ ਪਿੰਡ ਹੜ੍ਹ ਦੀ ਮਾਰ ਹੇਠ ਆਏ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਤੁਰੰਤ ਸੁਰੱਖਿਅਤ ਸਥਾਨਾਂ ’ਤੇ ਜਾਣ ਦੀ ਅਪੀਲ ਕੀਤੀ ਹੈ |
ਜ਼ਿਲ੍ਹਾ ਪ੍ਰਸ਼ਾਸਨ ਦੀਆਂ ਬਚਾਅ ਤੇ ਰਾਹਤ ਟੀਮਾਂ ਬੀਤੇ ਕੱਲ੍ਹ ਤੋਂ ਹੀ ਬਚਾਅ ਕਾਰਜਾਂ ਵਿਚ ਲੱਗੀਆਂ ਹੋਈਆਂ ਹਨ। ਇਸ ਦੌਰਾਨ ਬੀਤੀ ਰਾਤ ਐੱਨ. ਡੀ. ਆਰ. ਐੱਫ ਦੀਆਂ ਟੀਮਾਂ ਵੀ ਪਹੁੰਚ ਚੁੱਕੀਆਂ ਹਨ ਜਿਨ੍ਹਾਂ ਵੱਲੋਂ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਦਰਿਆ ਬਿਆਸ (Beas river) ਦੇ ਪਾਣੀ ਕਾਰਨ ਬਣੇ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਪੂਰੀ ਤਰਾਂ ਤਿਆਰ ਹੈ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ-ਮੁਕੇਰੀਆਂ ਰੋਡ ਉੱਪਰ ਵੀ ਪਾਣੀ ਆਉਣ ਕਾਰਨ ਅਹਿਤਿਆਤ ਵਜੋਂ ਮੁਕੇਰੀਆਂ ਪੁੱਲ ਨੂੰ ਬੰਦ ਕਰਕੇ ਗੁਰਦਾਸਪੁਰ-ਮੁਕੇਰੀਆਂ ਟਰੈਫਿਕ ਨੂੰ ਦੀਨਾਨਗਰ ਹਾਈਵੇ ਵੱਲ ਦੀ ਡਾਈਵਰਟ ਕਰ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਪੁਰਾਣਾ ਸ਼ਾਲਾ ਦੇ ਸਕੂਲ ਵਿਚ ਰਾਹਤ ਕੈਂਪ ਸਥਾਪਤ ਕਰ ਦਿੱਤਾ ਗਿਆ ਹੈ ਅਤੇ ਮੈਡੀਕਲ, ਵੈਟਨਰੀ ਵਿਭਾਗਾਂ ਸਮੇਤ ਸਾਰੀਆਂ ਟੀਮਾਂ ਬਿਲਕੁਲ ਤਿਆਰ ਹਨ ਅਤੇ ਬਚਾਅ ਕਾਰਜਾਂ ਵਿਚ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਨੂੰ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸਥਿਤੀ ਦਾ ਟਾਕਰਾ ਕਰਨ ਲਈ ਤਿਆਰੀ ਹੈ।