Site icon TheUnmute.com

ਗੁਰਬਾਣੀ ਪ੍ਰਸਾਰਣ ਮਾਮਲਾ: SGPC ਪ੍ਰਧਾਨ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਖੁੱਲ੍ਹੀ ਚਿੱਠੀ

ਗੁਰਬਾਣੀ ਪ੍ਰਸਾਰਣ ਮਾਮਲਾ

ਚੰਡੀਗੜ੍ਹ 16 ਜੁਲਾਈ 2023: ਸਮੂਹ ਸਿੱਖ ਸੰਗਤ ਵੱਲੋਂ ਦੀਪ ਜਗਦੀਪ ਸਿੰਘ ਨਾਂ ਦੇ ਵਿਅਕਤੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਸੱਚਖੰਡ ਸ੍ਰੀ ਦਰਬਾਰ ਸ੍ਰੀ ਅੰਮ੍ਰਿਤਸਰ ਤੋਂ ਗੁਰਬਾਣੀ ਪ੍ਰਸਾਰਣ ਦਾ ਮਾਮਲੇ ਨੂੰ ਲੈ ਕੇ ਐਸਜੀਪੀਸੀ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਬਣਾਉਣ ਬਾਰੇ ਇੱਕ ਖੁੱਲ੍ਹੀ ਚਿੱਠੀ ਲਿਖੀ ਹੈ | ਚਿੱਠੀ ਵਿੱਚ ਲਿਖਿਆ ਕਿ ਆਪ ਸਭ ਦੇ ਧਿਆਨ ਵਿਚ ਹੈ ਕਿ 23 ਜੁਲਾਈ ਤੋਂ ਸੱਚਖੰਡ ਸ੍ਰੀ ਦਰਬਾਰ ਸ੍ਰੀ ਅੰਮ੍ਰਿਤਸਰ ਤੋਂ ਗੁਰਬਾਣੀ ਦੇ ਸੰਸਾਰ ਭਰ ਵਿਚ ਲਾਈਵ ਪ੍ਰਸਾਰਣ ਦਾ ਸਮਝੌਤਾ ਜੋ ਕਿ ਇਕ ਨਿਜੀ ਚੈਨਲ ਨਾਲ ਹੈ, ਉਹ ਸਮਾਪਤ ਹੋ ਰਿਹਾ ਹੈ।

ਇਸ ਤੋਂ ਪਹਿਲਾਂ ਇਹ ਚੈਨਲ ਦਹਾਕਿਆਂ ਤੋਂ ਦੁਨੀਆਂ ਭਰ ਵਿਚ ਪਵਿੱਤਰ ਬਾਣੀ ਦਾ ਪ੍ਰਸਾਰਣ ਬਹੁਤ ਵਧੀਆ ਢੰਗ ਨਾਲ ਕਰ ਰਿਹਾ ਸੀ ਪਰ ਪੰਜਾਬ ਦੀ ਇਕ ਸਿਆਸੀ ਪਾਰਟੀ ਨਾਲ ਸੰਬੰਧਤ ਹੋਣ ਕਰਕੇ ਲਗਾਤਾਰ ਇਹ ਮਸਲਾ ਸਿਆਸੀ ਖਿੱਚੋਤਾਣ ਦਾ ਮਸਲਾ ਬਣਦਾ ਰਿਹਾ ਹੈ। ਪਿਛਲੇ ਦਿਨਾਂ ਤੋਂ ਇਹ ਵੱਡੇ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ।

ਮੁੱਖ ਮੰਤਰੀ ਸਾਹਬ ਬੀਤੇ ਦਿਨੀਂ ਇਸ ਮਸਲੇ ਨੂੰ ਸਿਆਸੀ ਤੌਰ ‘ਤੇ ਨਜਿੱਠਣ ਦੇ ਮਨਸੂਬੇ ਨਾਲ ਤੁਸੀਂ ਗੁਰਦੁਆਰਾ ਐਕਟ ਵਿਚ ਸੋਧ ਕਰਕੇ ਸਿੱਖਾਂ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲਿਆਂ ਵਿਚ ਦਖ਼ਲ-ਅੰਦਾਜ਼ੀ ਕਰਨ ਦਾ ਨਵਾਂ ਇਤਿਹਾਸ ਕਾਇਮ ਕੀਤਾ ਹੈ, ਜੋ ਕਿ ਅੱਜ ਤੱਕ ਕਿਸੇ ਕੇਂਦਰ ਜਾਂ ਸੂਬਾ ਸਰਕਾਰ ਨੇ ਵੀ ਕਦੇ ਕਰਨ ਦਾ ਸੋਚਿਆ ਨਹੀਂ ਸੀ।

ਅੱਜ ਤੁਸੀਂ ਇਸ ਵਿਸ਼ੇ ‘ਤੇ ਟਵਿੱਟ ਰਾਹੀਂ ਰਾਜਪਾਲ ਸਾਹਬ ਨੂੰ ਲਿਖੀ ਚਿੱਠੀ ਨਸ਼ਰ ਕੀਤੀ ਹੈ ਤੇ ਇਸ ਸੋਧ ‘ਤੇ ਉਨ੍ਹਾਂ ਨੂੰ ਸਹੀ ਪਾਉਣ ਦੀ ਮੰਗ ਕੀਤੀ ਹੈ। ਤੁਹਾਡੀ ਇਸ ਜਨਤਕ ਚਿੱਠੀ ਦੇ ਉੱਤਰ ਵਿਚ ਹੀ ਮੈਂ ਇਹ ਖੁੱਲ੍ਹੀ ਚਿੱਠੀ ਆਪ ਸਮੇਤ ਸੰਬੰਧਤ ਧਿਰਾਂ ਨੂੰ ਲਿਖ ਰਿਹਾ ਹਾਂ।

ਮੇਰੀ ਬੇਨਤੀ ਹੈ ਕਿ ਗੁਰਦੁਆਰਾ ਐਕਟ ਵਿਚ ਸੋਧ ਦੀ ਭੁੱਲ ਵਿਚ ਸੁਧਾਰ ਕਰਦਿਆਂ ਇਸ ਸੋਧ ਨੂੰ ਵਿਧਾਨ ਸਭਾ ਵਿਚ ਸਤਿਕਾਰ ਸਹਿਤ ਵਾਪਸ ਲੈ ਲਵੋ। ਸਿੱਖ ਸੰਗਤ ਦਾ ਦਿਲ ਬਹੁਤ ਵੱਡਾ ਹੈ, ਉਹ ਤੁਹਾਨੂੰ ਸਿਰ ਅੱਖਾਂ ਦੀ ਬਿਠਾ ਲਵੇਗੀ।

ਇਹ ਗੱਲ ਮੈਂ ਇਸ ਨੁਕਤੇ ਦੇ ਮੱਦੇਨਜ਼ਰ ਕਹਿ ਰਿਹਾ ਹਾਂ ਕਿ ਬੀਤੇ ਦਿਨੀ ਐਸਜੀਪੀਸੀ ਨੇ ਐਲਾਨ ਕੀਤਾ ਹੈ ਕਿ ਸਿੱਖਾਂ ਦੀ ਇਹ ਨੁਮਾਇੰਦਾ ਸੰਸਥਾ 24 ਜੁਲਾਈ ਤੋਂ ਯੂਟਿਊਬ ਰਾਹੀਂ ਇੰਟਰਨੈਟ ‘ਤੇ ਸੱਚਖੰਡ ਸ੍ਰੀ ਦਰਬਾਰ ਸ੍ਰੀ ਅੰਮਿਤਸਰ ਤੋਂ ਗੁਰਬਾਣੀ ਦਾ ਲਾਈਵ ਪ੍ਰਸਾਰਣ ਕਰੇਗੀ। ਇਸ ਦੇ ਨਾਲ ਹੀ ਤਿੰਨ ਮਹੀਂਨੇ ਦੇ ਅੰਦਰ ਐਸਜੀਪੀਸੀ ਆਪਣਾ ਸੈਟੇਲਾਈਟ ਚੈਨਲ ਲੈ ਕੇ ਆਵੇਗੀ।

ਸੋ, ਉਪਰੋਕਤ ਫ਼ੈਸਲੇ ਦੀ ਰੌਸ਼ਨੀ ਵਿਚ ਤੁਹਾਡੇ ਵੱਲੋਂ ਰਾਜਪਾਲ ਸਾਹਿਬ ਨੂੰ ਲਿਖੀ ਚਿੱਠੀ ਵਿਚ ਜਤਾਏ ਸ਼ੰਕੇ ਬੇਬੁਨਿਆਦ ਹਨ। ਫ਼ੌਰੀ ਤੌਰ ‘ਤੇ ਸੰਗਤ ਗੁਰਬਾਣੀ ਦੇ ਪ੍ਰਸਾਰਣ ਤੋਂ ਵਾਂਝੀ ਨਹੀਂ ਹੋਵੇਗੀ ਤੇ ਅਕਾਲ ਪੁਰਖ ਦੀ ਬਖ਼ਸ਼ਿਸ਼ ਨਾਲ ਸੈਟੇਲਾਈਟ ਚੈਨਲ ਵੀ ਜਲਦੀ ਸ਼ੁਰੂ ਹੋ ਜਾਵੇਗਾ। ਇਸ ਲਈ ਮੈਂ ਆਪ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਗੁਰਦੁਆਰਾ ਐਕਟ ਦੀ ਸੋਧ ਨੂੰ ਰਾਜਪਾਲ ਸਾਹਿਬ ਪਾਸੋਂ ਪਾਸ ਕਰਵਾਉਣ ਦੀ ਬਜਾਇ ਜੇਕਰ ਤੁਸੀਂ ਸੱਚਮੁੱਚ ਹੀ ਕੁਝ ਕਰਨਾ ਚਾਹੁੰਦੇ ਹੋ ਤਾਂ ਐਸਜੀਪੀਸੀ ਦੇ ਸਤਿਕਾਰਯੋਗ ਅਹੁਦੇਦਾਰਾਂ ਨਾਲ ਸਲਾਹ-ਮਸ਼ਵਰਾ ਕਰਕੇ ਬੀਬੀਸੀ ਦੀ ਤਰਜ ‘ਤੇ ਐਸਜੀਪੀਸੀ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਬਣਵਾਉਣ ਲਈ ਉਨ੍ਹਾਂ ਨੂੰ ਮਨਵਾਉ।

ਇਸ ਦੇ ਨਾਲ ਹੀ ਐਸਜੀਪੀਸੀ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੇ ਗਠਨ ਤੇ ਇਸ ਰਾਹੀਂ ਚੈਨਲ ਚਲਾਉਣ ਲਈ ਲੋੜੀਂਦੇ ਸਾਰੇ ਪ੍ਰਬੰਧਾਂ ਨੂੰ ਨੇਪੜੇ ਚਾੜ੍ਹਨ ਲਈ ਲੋੜੀਂਦੇ ਸਰਕਾਰੀ ਲਾਇਸੈਂਸ ਤੇ ਹੋਰ ਨਿਯਮਾਂ ਦੀ ਪੂਰਤੀ ਲਈ ਐਸਜੀਪਸੀ ਦਾ ਹਰ ਤਰ੍ਹਾਂ ਦਾ ਸਹਿਯੋਗ ਕਰੋ।

ਇਸ ਵਾਸਤੇ ਕੇਂਦਰੀ ਸੂਚਨਾ ਪ੍ਰਸਾਰਣ ਮੰਤਰਾਲੇ ਜਾਂ ਹੋਰ ਜਿਨ੍ਹਾਂ ਵੀ ਸੰਬੰਧਤ ਮਹਿਕਮਿਆਂ ਤੋਂ ਜੋ ਮੰਜ਼ੂਰੀਆਂ/ਲਾਇਸੈਂਸ ਆਦਿ ਲੋੜੀਦੇ ਹਨ, ਉਨ੍ਹਾਂ ਨੂੰ ਹਾਸਲ ਕਰਨ ਵਿਚ ਜੋ ਸਰਕਾਰੀ ਮੱਦਦ ਹੋ ਸਕਦੀ ਹੈ, ਜ਼ਰੂਰ ਕਰੋ। ਉਸ ਲਈ ਲੋੜੀਂਦੇ ਸਾਜੋ-ਸਾਮਾਨ ਨੂੰ ਮੰਗਵਾਉਣ ਤੇ ਢਾਂਚਾ ਖੜ੍ਹਾ ਕਰਨ ਲਈ ਜੋ ਕਾਗਜ਼ੀ ਕਾਰਵਾਈ ਜਾਂ ਜ਼ਮੀਨੀ ਪੱਧਰ ‘ਤੇ ਲੋੜ ਹੋਵੇ ਉਸ ਵਿਚ ਸਰਕਾਰ ਦਾ ਸਹਿਯੋਗ ਦਿਉ।

ਗੁਰਬਾਣੀ ਦੇ ਪ੍ਰਸਾਰਣ ਨੂੰ ਸਿਆਸੀ ਦਖ਼ਲ-ਅੰਦਾਜ਼ੀ ਤੋਂ ਮੁਕਤ ਕਰਨ ਲਈ, ਜਿਸ ਦਾ ਜ਼ਿਕਰ ਤੁਸੀਂ ਆਪਣੀ ਰਾਜਪਾਲ ਸਾਹਿਬ ਦੇ ਨਾਮ ਚਿੱਠੀ ਵਿਚ ਕੀਤਾ ਹੈ ਇਹੀ ਦਰੁੱਸਤ ਤੇ ਵਾਜਿਬ ਤਰੀਕਾ ਹੋਵੇਗਾ। ਜੇ ਇਸ ਵਾਸਤੇ ਗੁਰਦੁਆਰਾ ਐਕਟ ਵਿਚ ਸੋਧ ਦੀ ਲੋੜ ਹੋਈ ਤਾਂ ਐਸਜੀਪੀਸੀ ਦੀ ਸਹਿਮਤੀ ਨਾਲ ਉਹ ਕਰ ਸਕਦੇ ਹੋ।

ਫ਼ਿਲਹਾਲ ਜੋ ਤੁਸੀਂ ਤਰੀਕਾ ਚੁਣਿਆ ਹੈ, ਉਹ ਸਿਆਸੀ ਦਖ਼ਲ-ਅੰਦਾਜ਼ੀ ਖ਼ਤਮ ਕਰਨ ਦਾ ਨਹੀਂ ਬਲਕਿ ਸਿੱਧੀ ਸਿਆਸੀ ਦਖ਼ਲ-ਅੰਦਾਜ਼ੀ ਨੂੰ ਵਧਾਉਣ ਵਾਲਾ ਹੈ। ਗੁਰਬਾਣੀ ਦੇ ਨਾਮ ‘ਤੇ ਇਸ ਕਿਸਮ ਦੇ ਟਕਰਾਅ ਤੋਂ ਗੁਰੇਜ਼ ਕਰਨ ਦੀ ਕਿਰਪਾਲਤਾ ਕਰੋ।

ਬਿਹਤਰ ਹੈ ਕਿ ਇਸ ਵੇਲੇ ਗੁਰਬਾਣੀ ਪ੍ਰਸਾਰਣ ਦੇ ਮੁੱਦੇ ਦੀ ਸਿਆਸਤ ਛੱਡ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਵਧ ਤੋਂ ਵਧ ਲੋੜੀਂਦੇ ਕਾਰਜਾਂ ਵੱਲ ਸਾਰਾ ਧਿਆਨ ਲਾ ਦਿਉ। ਇਸ ਵੇਲੇ ਤੁਸੀਂ ਜੋ ਕਰ ਰਹੇ ਹੋ ਉਹ ਸ਼ਲਾਘਾਯੋਗ ਹੈ ਪਰ ਕਾਫ਼ੀ ਨਹੀਂ, ਸੋ ਬੇਨਤੀ ਹੈ ਕਿ ਜਿਨ੍ਹਾਂ ਜ਼ੋਰ ਤੁਸੀਂ ਰਾਜਪਾਲ ਨੂੰ ਚਿੱਠੀ ਲਿਖਣ ‘ਤੇ ਲਾ ਰਹੇ ਹੋ, ਉਸ ਤੋਂ ਅੱਧੇ ਜ਼ੋਰ ਨਾਲ ਇਕ ਈ-ਮੇਲ ਸਾਰੇ ਪੰਂਜਾਬ ਦੇ ਜ਼ਿਲ੍ਹਾ ਪ੍ਰਸ਼ਾਸਣ ਦੇ ਅਧਿਕਾਰੀਆਂ ਨੂੰ ਲਿਖਣ ‘ਤੇ ਲਾ ਦਿਉ। ਤੁਹਾਨੂੰ ਪਿੰਡਾਂ ਵਿਚ ਗਾਰਾ ਵਿਚ ਵੜਨ ਦੀ ਲੋੜ ਨਹੀਂ ਬਲਕਿ ਆਪਣੀ ਟੀਮ ਨਾਲ ਸੂਬੇ ਦੇ ਹੜ੍ਹ ਰਾਹਤ ਕੰਟਰੋਲ ਰੂਮ ਵਿਚ ਬੈਠ ਕੇ ਹਰ ਜ਼ਿਲ੍ਹੇ ਦੇ ਪ੍ਰਸ਼ਾਸਨ ਦੀ ਰਿਪੋਰਟ ਲਉ ਤੇ ਜਿੱਥੇ ਘਾਟਾਂ ਹਨ, ਉਨ੍ਹਾਂ ਨੂੰ ਪੂਰਾ ਕਰਨ ਲਈ ਪਿਆਰ ਨਾਲ ਜਾਂ ਖਿਚਾਈ ਨਾਲ ਜੋ ਵੀ ਲੋੜੀਂਦਾ ਹੋਵੇ, ਪੂਰੀਆਂ ਕਰਾਉ।

ਇਸ ਗੱਲ ਤੋਂ ਭਰੋਸਾ ਰੱਖੋ ਕਿ ਜਿਸ ਸਿਆਸੀ ਪਾਰਟੀ ਨੂੰ ਹਰਾ ਕੇ ਪੰਜਾਬ ਦੀ ਜਨਤਾ ਨੇ ਆਪ ਨੂੰ ਭਾਰੀ ਬਹੁਮਤ ਨਾਲ ਸੂਬੇ ਦੀ ਚੋਟੀ ਦੀ ਕੁਰਸੀ ‘ਤੇ ਬਿਠਾਇਆ ਹੈ, ਇਨ੍ਹਾਂ ਦੋ ਸੁਹਿਰਦ ਕਾਰਜਾਂ ਤੋਂ ਬਾਅਦ ਉਹੀ ਜਨਤਾ ਉਸ ਸਿਆਸੀ ਪਾਰਟੀ ਨੂੰ ਕਦੇ ਮੂੰਹ ਨਹੀਂ ਲਾਵੇਗੀ, ਬਲਕਿ ਤੁਹਾਡੇ ਨਾਲ ਡੱਟ ਕੇ ਖੜ੍ਹੀ ਰਹੇਗੀ। ਇਸ ਕਰਕੇ ਉਸ ਸਿਆਸੀ ਪਾਰਟੀ ਨੂੰ ਸਿਆਸੀ ਤੌਰ ‘ਤੇ ਪਿੱਛੇ ਕਰਨ ਲਈ ਤੁਹਾਨੂੰ ਗੁਰਬਾਣੀ ਪ੍ਰਸਾਰਣ ਵਰਗੇ ਮਸਲੇ ‘ਤੇ ਸਿਆਸਤ ਕਰਨ ਦੀ ਲੋੜ ਹੀ ਨਹੀਂ ਪਵੇਗੀ।

ਐਸਜੀਪੀਸੀ ਪ੍ਰਧਾਨ

ਇਸ ਵੇਲੇ ਸਰਕਾਰੀ ਦਖ਼ਲ-ਅੰਦਾਜ਼ੀ ਦੇ ਵਿਰੋਧ ਵਿਚ ਸੰਸਾਰ ਭਰ ਦੀ ਸਿੱਖ ਤੇ ਨਾਨਕ ਨਾਮ ਲੇਵਾ ਸੰਗਤ ਤੁਹਾਡੇ ਨਾਲ ਹੈ। ਤੁਸੀਂ ਚੈਨਲ ਦਾ ਐਲਾਨ ਕਰਕੇ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਿਆ ਹੈ। ਇਸ ਦੀ ਚਾਰੇ ਪਾਸੇ ਪ੍ਰਸੰਸਾ ਹੋ ਰਹੀ ਹੈ ਪਰ ਇਸ ਤੋਂ ਅੱਗੇ ਹੁਣ ਤੁਹਾਡੀ ਪਰਖ ਦੀ ਘੜੀ ਹੈ। ਦਾਸ ਦੀ ਇਸ ਬੇਨਤੀ ਵੱਲ ਗੌਰ ਕਰੋ ‘ਤੇ ਜਰਨਲ ਹਾਊਸ ਵਿਚ ਮਤਾ ਪਾ ਕੇ ਐਸਜੀਪੀਸੀ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦਾ ਗਠਨ ਕਰ ਦਿਉ। ਸਿੱਖ ਇਤਿਹਾਸ ਵਿਚ ਤੁਹਾਨੂੰ ਇਸ ਕਾਰਜ ਲਈ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ।

ਸਤਿਕਾਰਯੋਗ ਜੀਓ, ਤੁਸੀਂ ਆਪ ਵਕੀਲ ਹੋ, ਸੋ ਇਸ ਲਈ ਲੋੜੀਂਦੇ ਕਾਨੂੰਨੀ ਪੱਖਾਂ ਨੂੰ ਵਾਚਣਾ ਤੇ ਪੂਰੇ ਕਰਨਾ ਆਪ ਜੀ ਲਈ ਕੋਈ ਵੱਡਾ ਮਸਲਾ ਨਹੀਂ ਹੈ। ਪ੍ਰਧਾਨ ਜਿਓ, ਇਹ ਵਕਤ ਹੈ ਜਦੋਂ ਤੁਸੀਂ ਐਸਜੀਪੀਸੀ ਦੇ ਇਤਿਹਾਸ ਤੇ ਨਿਆਰੇਪਣ ਤੋਂ ਰੌਸ਼ਨੀ ਲੈਂਦਿਆਂ ਇਸ ਦੀ ਖ਼ੁਦਮੁਖ਼ਤਿਆਰੀ ਤੇ ਸ਼ਾਨ ਨੂੰ ਕਾਇਮ ਰੱਖਣ ਵਿਚ ਇਕ ਵੱਡਾ ਮੀਲ-ਪੱਥਰ ਸਥਾਪਤ ਕਰ ਦਿਉਗੇ।

ਐਸਜੀਪੀਸੀ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦਾ ਸੰਵਿਧਾਨ ਇਸ ਤਰ੍ਹਾਂ ਘੜਿਆ ਜਾਵੇ ਕਿ ਕਿਸੇ ਵੀ ਸਰਕਾਰੀ ਜਾਂ ਗ਼ੈਰ-ਸਰਕਾਰੀ ਸੰਸਥਾ ਨੂੰ ਪਵਿੱਤਰ ਗੁਰਬਾਣੀ ਦੇ ਕਿਸੇ ਵੀ ਰੂਪ ਵਿਚ ਪ੍ਰਸਾਰਣ ਲਈ ਇਸ ਕਾਰਪੋਰੇਸ਼ਨ ਤੋਂ ਲਾਇਸੰਸ ਲੈਣਾ ਹੋਵੇ ਤੇ ਪਵਿੱਤਰ ਗੁਰਬਾਣੀ ਦਾ ਸਿੱਖ ਪਰੰਪਰਾ ਤੇ ਮਰਿਆਦਾ ਅਨੁਸਾਰ ਪ੍ਰਸਾਰਣ ਕਰਨ ਦੇ ਐਗਰੀਮੈਂਟ ਨੂੰ ਪ੍ਰਵਾਨ ਕਰਨਾ ਹੋਵੇ।

ਮੈਂ ਆਪ ਜੀ ਨੂੰ ਵੀ ਬੇਨਤੀ ਕਰਦਾ ਹਾਂ ਕਿ ਸਿਆਸੀ ਦਵੈਤ ਤੋਂ ਮੁਕਤ ਹੋ ਕੇ ਸਰਕਾਰ ਨਾਲ ਵੀ ਕਿਸੇ ਟਕਰਾਅ ਤੋਂ ਗੁਰੇਜ਼ ਕਰਦਿਆਂ ਸੂਬਾ ਤੇ ਕੇਂਦਰ ਸਰਕਾਰ ਤੋਂ ਇਸ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਲਈ ਲੋੜੀਂਦਾ ਸਹਿਯੋਗ ਹਾਸਲ ਕੀਤਾ ਜਾਵੇ। ਦਾਸ ਨੂੰ ਪੂਰਨ ਭਰੋਸਾ ਹੈ ਕਿ ਜਿਵੇਂ ਸੰਸਾਰ ਭਰ ਦੀ ਸਿੱਖ ਸੰਗਤ ਇਸ ਮਾਮਲੇ ਵਿਚ ਇਸ ਵੇਲੇ ਤੁਹਾਡਾ ਸਾਥ ਦੇ ਰਹੀ ਹੈ, ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੇ ਗਠਨ ਵਿਚ ਵੀ ਪੂਰਾ ਸਹਿਯੋਗ ਦੇਵੇਗੀ। ਅੰਤ ਵਿਚ ਅਰਦਾਸ ਕਰਦਾ ਹਾਂ ਕਿ ਅਕਾਲ ਪੁਰਖ ਆਪ ਸਭ ਦੇ ਅੰਗ-ਸੰਗ ਸਹਾਈ ਹੋਣ। ਵਾਹਿਗੁਰੂ ਜੀ ਕਾ ਖ਼ਾਲਸਾ, ਵਹਿਗੁਰੂ ਜੀ ਕੀ ਫਤਿਹ।

Exit mobile version