ਚੰਡੀਗੜ੍ਹ 08 ਦਸੰਬਰ 2022: (Gujarat Election Results 2022) ਗੁਜਰਾਤ ‘ਚ 182 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਭਾਜਪਾ ਜਿੱਥੇ ਸ਼ੁਰੂਆਤੀ ਰੁਝਾਨਾਂ ਵਿੱਚ ਬਹੁਮਤ ਤੋਂ ਅੱਗੇ ਨਿਕਲ ਗਈ ਹੈ, ਉੱਥੇ ਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਹਾਲਤ ਖ਼ਰਾਬ ਹੈ। 2017 ਦੇ ਮੁਕਾਬਲੇ ਇਸ ਵਾਰ ਦੋਵਾਂ ਗੇੜਾਂ ਵਿੱਚ ਘੱਟ ਵੋਟਿੰਗ ਹੋਈ। ਪਹਿਲੇ ਪੜਾਅ ‘ਚ 60.20 ਫੀਸਦੀ ਲੋਕਾਂ ਨੇ ਆਪਣੀ ਵੋਟ ਪਾਈ ਸੀ, ਜਦਕਿ ਦੂਜੇ ਪੜਾਅ ‘ਚ 5 ਦਸੰਬਰ ਨੂੰ 64.39 ਫੀਸਦੀ ਲੋਕਾਂ ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ ਸੀ।
11.30 ਵਜੇ ਤੱਕ ਰੁਝਾਨਾਂ ‘ਚ ਭਾਜਪਾ 152 ਸੀਟਾਂ ‘ਤੇ ਅੱਗੇ ਚੱਲ ਰਹੀ ਹੈ ਜਦਕਿ ਕਾਂਗਰਸ ਅਤੇ ‘ਆਪ’ ਦੀ ਹਾਲਤ ਖਰਾਬ ਹੈ। ਕਾਂਗਰਸ ਨੂੰ 18 ਸੀਟਾਂ ‘ਤੇ ਲੀਡ ਮਿਲੀ ਹੈ ਜਦਕਿ ‘ਆਪ’ ਨੂੰ 7 ਸੀਟਾਂ ‘ਤੇ ਲੀਡ ਮਿਲੀ ਹੈ। ਇਸ ਦੇ ਨਾਲ ਹੀ ਬਾਕੀ ਪੰਜ ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਗੁਜਰਾਤ ਦੇ ਮੌਜੂਦਾ ਮੁੱਖ ਮੰਤਰੀ ਭੂਪੇਂਦਰ ਪਟੇਲ ਘਾਟਲੋਡੀਆ ਸੀਟ ਤੋਂ ਅੱਗੇ ਚੱਲ ਰਹੇ ਹਨ। ਭੂਪੇਂਦਰ ਪਟੇਲ ਦਾ ਮੁਕਾਬਲਾ ਕਾਂਗਰਸ ਦੇ ਐਮੀ ਯਾਗਨਿਕ ਅਤੇ ‘ਆਪ’ ਦੇ ਵਿਜੇ ਪਟੇਲ ਨਾਲ ਹੈ।