Site icon TheUnmute.com

ਨਡਾਲਾ ‘ਚ ਹਰੇ ਭਰੇ ਦਰੱਖਤਾਂ ‘ਤੇ ਚੱਲੀ ਆਰੀ, ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਉੱਠੀ ਮੰਗ

Nadala

ਕਪੂਰਥਲਾ, 07 ਜੂਨ 2023: ਕਪੂਰਥਲਾ ਦੇ ਕਸਬਾ ਨਡਾਲਾ (Nadala) ਨੇੜਲੇ ਪਿੰਡ ਜੱਗਾਂ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪੁਰਬ ਨੂੰ ਸਮਰਪਿਤ ਸੜਕ ਕਿਨਾਰੇ ਲਗਾਏ ਅਨੇਕਾਂ ਰੁੱਖਾਂ ਨੂੰ ਵੱਢਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ । ਪਿੰਡ ਵਾਸੀ ਲੋਕਾਂ ਦਾ ਕਹਿਣਾ ਹੈ ਕਿ ਇਹ ਰੁੱਖ ਪਾਵਰਕਾਮ ਨਡਾਲਾ ਦੇ ਅਧਿਕਾਰਿਆਂ ਦੇ ਹੁਕਮਾਂ ਅਨੁਸਾਰ ਵੱਢੇ ਗਏ ਹਨ |

ਇਸ ਸਬੰਧੀ ਗੱਲਬਾਤ ਕਰਦਿਆਂ ਸੁਲਿੰਦਰ ਸਿੰਘ ਉਰਫ ਲਾਡੀ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਨੇ ਲੋਕਾਂ ਦੇ ਸਹਿਯੋਗ ਨਾਲ 550 ਪ੍ਰਕਾਸ਼ ਪੁਰਬ ਨੂੰ ਸਮਰਪਤਿ 550 ਰੁੱਖ ਲਗਾਏ ਸਨ, ਜਿਨ੍ਹਾਂ ਨੂੰ ਪਿੰਡ ਵਾਸੀਆਂ ਵੱਲੋਂ ਬਹੁਤ ਮਿਹਨਤ ਨਾਲ ਪਾਲ ਕੇ ਛਾਂ ਦੇਣ ਦੇ ਕਾਬਲ ਬਣਾਇਆ ਸੀ | ਉਹਨਾਂ ਨੇ ਦੱਸਿਆ ਕਿ ਜਿਸ ਵਕਤ ਬੂਟੇ ਲਗਾਏ ਗਏ ਸਨ, ਉਸ ਵਕਤ ਏਥੋਂ ਕੋਈ ਬਿਜਲੀ ਦੀ ਤਾਰ ਵੀ ਨਹੀ ਲੰਘਦੀ ਸੀ |

ਬਿਜਲੀ ਵਿਭਾਗ ਵੱਲੋਂ ਤਾਰਾਂ ਦਾ ਬਹਾਨਾ ਬਣਾ ਕੇ ਇਹਨਾਂ ਦਰੱਖਤਾਂ ਨੂੰ ਕੱਟਿਆ ਗਿਆ ਹੈ | ਉਹਨਾ ਕਿਹਾ ਕਿ ਜੇਕਰ ਮਹਿਕਮੇ ਨੂੰ ਕੋਈ ਦਿੱਕਤ ਸੀ ਤਾਂ ਸਾਡੇ ਨਾਲ ਸਲਾਹ ਮਸ਼ਵਰਾ ਕਰਦੇ ਅਸੀਂ ਲੋੜ ਅਨੁਸਾਰ ਇਹਨਾਂ ਦੀ ਢੰਗ ਨਾਲ ਕਟਾਈ ਕਰਦੇ । ਮੌਕੇ ਤੇ ਪਹੁੰਚੇ ਵਾਤਾਵਰਣ ਪ੍ਰੇਮੀ ਡਾ. ਆਸਾ ਸਿੰਘ ਘੁੰਮਣ ਨੇ ਆਖਿਆ ਕਿ ਵਾਤਾਵਰਣ ਦੀ ਸੰਭਾਲ ਲਈ ਮਹਿਕਮੇ ਨੂੰ ਮੱਦਦ ਕਰਨੀ ਚਾਹੀਦੀ ਸੀ, ਅਨੇਕਾ ਰੁੱਖਾਂ ਦਾ ਕਤਲ ਕਰ ਕੇ ਲੋਕਾਂ ਦੇ ਹਿਰਦੇ ਵਲੂੰਦਰ ਕੇ ਰੱਖ ਦਿੱਤੇ ਹਨ ਉਹਨਾ ਕਿਹਾ ਕਿ ਜਿਹੜਾ ਮਹਿਕਮਾ ਆਪਣੀ ਥਾਂ ‘ਤੇ ਆਪ ਰੁੱਖ ਨਹੀ ਲਗਾ ਸਕਦਾ | ਉਹ ਲੱਗੇ ਹੋਏ ਰੁੱਖ ਕੱਟ ਦੇਵੇ ਇਸ ਤੋ ਵੱਧ ਬੇਇਨਸਾਫੀ ਕੀ ਹੋ ਸਕਦੀ ਹੈ। ਉਹਨਾ ਪੰਚਾਇਤ ਅਫਸਰ ਨਡਾਲਾ ਤੇ ਜੰਗਲਾਤ ਵਿਭਾਗ ਪਾਸੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਇਸ ਸਬੰਧੀ ਪਾਵਰਕਾਮ ਨਡਾਲਾ (Nadala) ਦੇ ਜੇ.ਈ ਰਜਿੰਦਰ ਸਿੰਘ ਨੇ ਕਿਹਾ ਕਿ ਉਹਨਾਂ ‘ਤੇ ਲੱਗੇ ਦੋਸ਼ ਬੇਬੁਨਿਆਦ ਹਨ ਤੇ ਮਹਿਕਮਾ ਅਜਿਹਾ ਨਹੀਂ ਕਰ ਸਕਦਾ। ਇਸ ਸਬੰਧੀ ਜਦੋਂ ਬੀ.ਡੀ.ਪੀ.ਓ ਨਡਾਲਾ ਮੈਡਮ ਰੁਪਿੰਦਰਜੀਤ ਕੌਰ ਨਾਲ ਸੰਪਰਕ ਕੀਤਾ ਤਾ ਉਹਨਾਂ ਕਿਹਾ ਕਿ ਪਿੰਡ ਦੀ ਪੰਚਾਇਤ ਕੋਲੋ ਮਤਾ ਮੰਗਵਾ ਲਿਆ ਹੈ ਅਤੇ ਦੋਸ਼ੀਆ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Exit mobile version